ਹਵਾਈ ਯਾਤਰਾ ਦੌਰਾਨ ਮਹਿੰਗੀ ਪਵੇਗੀ ਸੋਸ਼ਲ ਡਿਸਟੈਂਸਿੰਗ, ਵਧ ਸਕਦੀ ਹੈ ਟਿਕਟਾਂ ਦੀ ਕੀਮਤ!

ਏਜੰਸੀ

ਜੀਵਨ ਜਾਚ, ਯਾਤਰਾ

ਜਹਾਜ਼ ਅੰਦਰ ਸਮਾਜਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨ ਅਤੇ ਸੀਟ 'ਤੇ ਦੂਰ-ਦੂਰ ਬੈਠਣ ਨਾਲ, ਟਿਕਟਾਂ ਦੀਆਂ ਕੀਮਤਾਂ ਲਗਭਗ ਚਾਰ ਗੁਣਾ ਵਧਣ ਦੀ ਉਮੀਦ ਹੈ।

Photo

ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਦੌਰਾਨ ਹਵਾਈ ਜਹਾਜ਼ ਅੰਦਰ ਸਮਾਜਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨ ਅਤੇ ਸੀਟ 'ਤੇ ਦੂਰ-ਦੂਰ ਬੈਠਣ ਨਾਲ, ਟਿਕਟਾਂ ਦੀਆਂ ਕੀਮਤਾਂ ਲਗਭਗ ਚਾਰ ਗੁਣਾ ਵਧਣ ਦੀ ਉਮੀਦ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੌਜੂਦਾ ਪ੍ਰੋਟੋਕੋਲ ਦੇ ਹਿਸਾਬ ਨਾਲ ਜੇਕਰ ਇਹ ਨਿਯਮ ਜਹਾਜ਼ ਦੇ ਅੰਦਰ ਵੀ ਅਪਣਾਏ ਗਏ ਤਾਂ ਜਹਾਜ਼ ਸਿਰਫ 25 ਪ੍ਰਤੀਸ਼ਤ ਯਾਤਰੀਆਂ ਨੂੰ ਲੈ ਕੇ ਜਾ ਸਕਣਗੇ।

ਅਜਿਹੀ ਸਥਿਤੀ ਵਿਚ ਕੰਪਨੀਆਂ ਟਿਕਟਾਂ ਦੀਆਂ ਕੀਮਤਾਂ ਵਿਚ ਵਾਧਾ ਕਰ ਸਕਦੀਆਂ ਹਨ। ਨਿੱਜੀ ਹਵਾਈ ਕੰਪਨੀ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕੰਪਨੀ ਇਸ ਵੇਲੇ ਪੂਰੀ ਸਮਰੱਥਾ ਨਾਲ ਉਡਾਣ ਭਰਨ ਬਾਰੇ ਵਿਚਾਰ ਕਰ ਰਹੀ ਹੈ। ਉਹਨਾਂ ਅਨੁਸਾਰ ਹਾਲਾਂਕਿ ਹਵਾਈ ਅੱਡੇ 'ਤੇ ਸਮਾਜਕ ਦੂਰੀ ਦੀ ਪਾਲਣਾ ਕੀਤੀ ਜਾ ਸਕਦੀ ਹੈ, ਇਸ ਨੂੰ ਜਹਾਜ਼ ਦੇ ਅੰਦਰ ਲਾਗੂ ਕਰਨਾ ਮੁਸ਼ਕਲ ਹੋਵੇਗਾ।

ਇਸ ਦੀ ਬਜਾਏ ਕੰਪਨੀਆਂ ਯਾਤਰੀਆਂ ਲਈ ਮਾਸਕ ਅਤੇ ਸੈਨੀਟਾਈਜ਼ਰ ਲਾਜ਼ਮੀ ਕਰਨਗੀਆਂ। ਇਸ ਦੇ ਨਾਲ ਹੀ ਉਹ ਜਹਾਜ਼ ਦੇ ਅੰਦਰ ਖਾਣ-ਪੀਣ ਦੀ ਵਿਵਸਥਾ ਨੂੰ ਖਤਮ ਕਰਨ ਅਤੇ ਕਿਸੇ ਨਾਲ ਮਿਲਣ ਦੀ ਆਗਿਆ ਨਾ ਦੇਣ ਦਾ ਸਖਤੀ ਨਾਲ ਪਾਲਣ ਕਰਨ 'ਤੇ ਵਿਚਾਰ ਕਰ ਰਹੀ ਹੈ।

ਹਾਲਾਂਕਿ ਇਸ ਸਮੇਂ ਹਵਾਈ ਕੰਪਨੀਆਂ ਯਾਤਰਾ ਸ਼ੁਰੂ ਕਰਨ ਅਤੇ ਫਲਾਈਟ ਦੌਰਾਨ ਰਸਮੀ ਬੁਕਿੰਗ ਤੇ ਯਾਤਰੀਆਂ ਦੇ ਬੈਠਣ ਲਈ ਨਿਯਮਾਂ ਸਬੰਧੀ ਕਾਨੂੰਨੀ ਮਨਜ਼ੂਰੀ ਦੀ ਉਡੀਕ ਕਰ ਰਹੀਆਂ ਹਨ। ਹਵਾਬਾਜ਼ੀ ਮਾਹਰ ਅਰਵਿੰਦ ਸਿੰਘ ਨੇ ਕਿਹਾ ਕਿ ਹਵਾਈ ਯਾਤਰਾ ਵਿਚ ਪਹਿਲਾਂ ਦੇ ਮੁਕਾਬਲੇ 40 ਪ੍ਰਤੀਸ਼ਤ ਦੀ ਕਮੀ ਆਵੇਗੀ।

ਜ਼ਿਆਦਾਤਰ ਲੋਕ ਯਾਤਰਾ ਅਤੇ ਕਾਰੋਬਾਰ ਦੇ ਉਦੇਸ਼ ਨਾਲ ਹਵਾਈ ਯਾਤਰਾ ਕਰਦੇ ਸਨ, ਪਰ ਅਜਿਹੇ ਮਾਹੌਲ ਵਿਚ ਵੀਡੀਓ ਕਾਨਫਰੰਸ ਜ਼ਰੀਏ ਕੰਮ ਹੋ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਸਰਕਾਰ ਫੰਡ ਦਿੰਦੀ ਹੈ ਤਾਂ ਰੈਪਿਡ ਟੈਸਟਿੰਗ ਕਿੱਟ ਦੀ ਵਰਤੋਂ ਨਾਲ ਕੋਰੋਨਾ ਟੈਸਟ ਤੋਂ ਬਾਅਦ ਬਿਨਾਂ ਸੋਸ਼ਲ ਡਿਸਟੈਂਸਿੰਗ ਤੋਂ ਯਾਤਰਾ ਸ਼ੁਰੂ ਕੀਤੀ ਜਾ ਸਕਦੀ ਹੈ।

ਹਵਾਬਾਜ਼ੀ ਉਦਯੋਗ ਸੰਕਟ ਵਿਚ ਫਿੱਕੀ ਦੀ ਹਵਾਬਾਜ਼ੀ ਕਮੇਟੀ ਦੇ ਚੇਅਰਮੈਨ ਤੇ ਏਅਰਬਸ ਇੰਡੀਆ ਅਤੇ ਦੱਖਣੀ ਏਸ਼ੀਆ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਆਨੰਦ ਸਟੈਨਲੇ ਦਾ ਕਹਿਣਾ ਹੈ ਕਿ ਕੋਵਿਡ 19 ਕਾਰਨ ਹਵਾਬਾਜ਼ੀ ਉਦਯੋਗ ਸੰਕਟ ਦਾ ਸਾਹਮਣਾ ਕਰ ਰਿਹਾ ਹੈ।

ਪੂਰੀ ਦੁਨੀਆ ਵਿਚ ਯਾਤਰਾ 'ਤੇ ਪਾਬੰਦੀਆਂ ਕਾਰਨ ਹਵਾਬਾਜ਼ੀ ਉਦਯੋਗ ਕੋਲ ਨਕਦੀ ਦਾ ਭੰਡਾਰ ਖਤਮ ਹੋ ਰਿਹਾ ਹੈ। ਉਹਨਾਂ ਦੇ ਸਾਰੇ ਜਹਾਜ਼ ਪਿਛਲੇ ਇਕ ਮਹੀਨੇ ਤੋਂ ਖੜ੍ਹੇ ਹਨ। ਉਹਨਾਂ ਅਨੁਸਾਰ ਇਸ ਸੈਕਟਰ ਵਿਚ ਕੰਮ ਕਰ ਰਹੇ ਕਰੀਬ 30 ਲੱਖ ਲੋਕਾਂ ਦੀਆਂ ਨੌਕਰੀਆਂ 'ਤੇ ਵੀ ਖ਼ਤਰਾ ਹੈ।