ਸੰਗਲ (ਭਾਗ 4)
ਮੇਰੀ ਗੱਲ ਨੂੰ ਟੋਕਦਿਆਂ ਉਹ ਬੋਲੀ, '' ਤੁਸੀ ਸਮਝਣ ਦੀ ਕੋਸ਼ਿਸ਼ ਕਿਉਂ ਨਹੀਂ ਕਰਦੇ...? ਜਸਵੀਰ ਦੇ ਦਿਮਾਗ਼ 'ਚ ਨੁਕਸ ਏ ਤੇ ਮੈਨੂੰ ਇਹੋ ਜਿਹੇ ਪਾਗਲਾਂ ਤੋਂ ਬੜਾ ਡਰ...
ਮੇਰੀ ਗੱਲ ਨੂੰ ਟੋਕਦਿਆਂ ਉਹ ਬੋਲੀ, '' ਤੁਸੀ ਸਮਝਣ ਦੀ ਕੋਸ਼ਿਸ਼ ਕਿਉਂ ਨਹੀਂ ਕਰਦੇ...? ਜਸਵੀਰ ਦੇ ਦਿਮਾਗ਼ 'ਚ ਨੁਕਸ ਏ ਤੇ ਮੈਨੂੰ ਇਹੋ ਜਿਹੇ ਪਾਗਲਾਂ ਤੋਂ ਬੜਾ ਡਰ ਲਗਦੈ। ਤੁਸੀ ਆਪ ਤਾਂ ਬੈਂਕ ਤੋਂ ਛੇ ਵਜੇ ਮੁੜਦੇ ਓ... ਸਕੂਲ ਤੋਂ ਪਰਤਣ ਪਿੱਛੋਂ ਛੇ ਵਜੇ ਤਕ ਦਾ ਟਾਈਮ ਮੈਂ ਕਿਵੇਂ ਲੰਘਾਉਂਨੀ ਆਂ ਇਹ ਤਾਂ ਮੈਂ ਹੀ ਜਾਣਨੀ ਆਂ...। ਤੁਸੀ ਪਲੀਜ਼ ਕੁੱਝ ਕਰੋ ਇਸ ਦਾ...। ਇਸ ਨੂੰ ਜਾਂ ਤਾਂ ਕਮਰੇ 'ਚ ਬੰਦ ਕਰ ਕੇ ਜਾਇਆ ਕਰੋ ਜਾਂ ਫਿਰ ਕੋਈ ਹੋਰ ਬੰਦੋਬਸਤ ਕਰੋ।''
''ਕੋਈ ਹੋਰ ਬੰਦੋਬਸਤ ਤੋਂ ਤੇਰਾ ਕੀ ਮਤਲਬ ਏ?'' ਮੈਂ ਜ਼ਰਾ ਸਾਫ਼ ਸਾਫ਼ ਪੁੱਛਣ ਦੀ ਨੀਅਤ ਨਾਲ ਕਿਹਾ। ਉਹ ਕਹਿਣ ਲੱਗੀ, ''ਮੈਨੂੰ ਗ਼ਲਤ ਨਾ ਸਮਝਿਉ ਪਰ ਠੀਕ ਇਹੋ ਰਹੇਗਾ ਕਿ ਤੁਸੀ ਇਸ ਦੇ ਪੈਰਾਂ ਨੂੰ ਕੋਈ ਰੱਸੀ ਜਾਂ ਫਿਰ ਕੋਈ ਸੰਗਲ ਬੰਨ੍ਹ ਦਿਉ ਤਾਕਿ ਇਹ ਇਕ ਥਾਂ ਬੱਝਾ ਰਹੇ ਤੇ ਮੇਰੀ ਜਾਨ ਸੌਖੀ ਰਹੇ...।''
ਮੇਰੀ ਪੜ੍ਹੀ-ਲਿਖੀ ਪਤਨੀ ਦੇ ਮੂੰਹੋਂ ਨਿਕਲੇ ਇਸ ਵਾਕ ਨੇ ਮੈਨੂੰ ਧੁਰ ਅੰਦਰ ਤਕ ਛਲਣੀ ਕਰ ਦਿਤਾ ਤੇ ਮੇਰੀ ਰੂਹ ਇਹ ਸੋਚ ਕੇ ਕੰਬ ਗਈ ਕਿ ਕਰਮਾਂ ਮਾਰੇ ਅਪਣੇ ਨਿੱਕੇ ਵੀਰ ਨੂੰ ਕੀ ਮੈਂ ਅਪਣੇ ਹੱਥੀਂ ਸੰਗਲ ਬੰਨ੍ਹਾਂਗਾ?
ਕੀ ਮੈਂ ਉਸ ਨੂੰ ਅਪਣੇ ਹੀ ਘਰ ਵਿਚ ਜਾਨਵਰਾਂ ਵਾਂਗ ਰੱਖਾਂਗਾ? ਜੇ ਉਸ ਦੀ ਸੁਰਤ ਕਾਬੂ 'ਚ ਨਹੀਂ ਤਾਂ ਕੀ ਉਹ ਇਨਸਾਨ ਨਹੀਂ? ਕੀ ਉਸ ਨਾਲ ਇਨਸਾਨਾਂ ਵਰਗਾ ਸਲੂਕ ਕਰ ਕੇ ਉਸ ਨੂੰ ਜ਼ਿੰਦਗੀ ਦੇ ਦੁੱਖਾਂ-ਸੁੱਖਾਂ 'ਚ ਸ਼ਾਮਲ ਨਹੀਂ ਕੀਤਾ ਜਾ ਸਕਦਾ? ਮੇਰੀ ਜ਼ਮੀਰ ਮੈਨੂੰ ਕਟਿਹਰੇ 'ਚ ਖੜਾ ਕਰ ਕੇ ਸਵਾਲ ਤੇ ਸਵਾਲ ਦਾਗੀ ਜਾ ਰਹੀ ਸੀ। ਸਵਾਲਾਂ ਦੀ ਘੁੰਮਣਘੇਰੀ 'ਚ ਡਿੱਕੇ-ਡੋਲੇ ਖਾਂਦਿਆਂ ਅੱਜ ਮੈਨੂੰ ਅਪਣੀ ਪੜ੍ਹਾਈ-ਲਿਖਾਈ, ਇਨਸਾਨੀ ਕਦਰਾਂ-ਕੀਮਤਾਂ ਅਤੇ ਆਦਰਸ਼ ਆਦਿ ਸੱਭ ਬੜੇ ਹੀ ਖੋਖਲੇ ਤੇ ਬਅਰਥ ਜਿਹੇ ਪ੍ਰਤੀਤ ਹੋ ਰਹੇ ਸਨ।
ਅਚਾਨਕ ਮੇਰੀ ਜ਼ਮੀਰ ਨੇ ਮੇਰੀ ਸੋਚ ਨੂੰ ਟੁੰਬਿਆ ਤੇ ਉੱਚੀ ਆਵਾਜ਼ 'ਚ ਕਿਹਾ, ''ਸੰਗਲ?... ਸੰਗਲ ਇਸ ਕਮਲੇ ਦੇ ਪੈਰਾਂ ਨੂੰ ਨਹੀਂ ਸਗੋਂ ਅਪਣੀ ਸੋਚ ਨੂੰ ਪਾਉ ਜਿਹੜੀ ਇਕ ਜਿਊਂਦੀ ਜਾਗਦੀ ਜਾਨ ਤੋਂ ਜਿਊਣ ਦਾ ਹੱਕ ਖੋਹ ਲੈਣਾ ਚਾਹੁੰਦੀ ਹੈ ਤੇ ਉਸ ਦੀ ਪਹਿਲਾਂ ਹੀ ਅੱਧੀ-ਅਧੂਰੀ ਜ਼ਿੰਦਗੀ ਨੂੰ ਹੋਰ ਦੁੱਖਾਂ ਤੇ ਹੋਰ ਤਕਲੀਫ਼ਾਂ ਵਿਚ ਪਾ ਦੇਣਾ ਚਾਹੁੰਦੀ ਹੈ...। ਜੇ ਪਾਉਣਾ ਹੀ ਹੈ ਤਾਂ ਅਪਣੀ ਸੌੜੀ ਸੋਚ ਨੂੰ ਸੰਗਲ ਪਾਉ... ਹਾਂ... ਹਾਂ... ਪਾਉ, ਅਪਣੀ ਨੀਵੀਂ ਸੋਚ ਨੂੰ ਸੰਗਲ ਪਾਉੁ...।'' ਮੇਰੇ ਜ਼ਮੀਰ ਦੀ ਆਵਾਜ਼ ਲਗਾਤਾਰ ਮੇਰੇ ਕੰਨਾਂ ਨਾਲ ਟਕਰਾ ਰਹੀ ਸੀ ਤੇ ਅਪਣੀ ਪੜ੍ਹੀ-ਲਿਖੀ ਜਮਾਤ ਦੀ ਸੋਚ ਤੇ ਸ਼ਰਮਿੰਦਾ ਹੁੰਦਾ ਹੋਇਆ ਮੈਂ ਇਨਸਾਨੀਅਤ ਦੇ ਕਟਿਹਰੇ 'ਚ ਇਕ ਅਪਰਾਧੀ ਦੀ ਤਰ੍ਹਾਂ ਸਿਰ ਝੁਕਾਈ ਖੜਾ ਸਾਂ। ਸੰਪਰਕ : 97816-46008