ਨੌਜਵਾਨਾਂ ਦਾ ਵੱਡਾ ਉਪਰਾਲਾ, ਲਾਇਬ੍ਰੇਰੀ ਖੋਲ੍ਹ ਕੇ ਨੌਜਵਾਨਾਂ ਨੂੰ ਸਾਹਿਤ ਨਾਲ ਜੁੜਨ ਦਾ ਦਿੱਤਾ ਸੱਦਾ

ਸਪੋਕਸਮੈਨ ਸਮਾਚਾਰ ਸੇਵਾ

ਚੱਕ ਸੈਦੋਕਾ ਵਿਖੇ ਖੁੱਲ੍ਹੀ ਲਾਇਬ੍ਰੇਰੀ ਆਸਪਾਸ ਦੇ ਪਿੰਡਾਂ ਵਿਚ ਬਣੀ ਚਰਚਾ ਦਾ ਵਿਸ਼ਾ 

Village Library

ਫਿਰੋਜ਼ਪੁਰ (ਪਰਮਜੀਤ ਸਿੰਘ): ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਗੁਰੂਹਰਸਹਾਏ ਵਿਖੇ ਪੈਂਦੇ ਪਿੰਡ ਚੱਕ ਸੈਦੋਕਾ ਦੇ ਨੌਜਵਾਨਾਂ ਨੇ ਇਕ ਅਹਿਮ ਉਪਰਾਲਾ ਕਰਦਿਆਂ ਪਿੰਡ ਵਿਚ ਇਕ ਲਾਇਬ੍ਰੇਰੀ ਖੋਲ੍ਹ ਕੇ ਪਿੰਡ ਦੇ ਲੋਕਾਂ ਨੂੰ ਸਾਹਿਤ ਪੜ੍ਹਨ ਦਾ ਸੰਦੇਸ਼ ਦਿੱਤਾ ਹੈ। ਪਿੰਡ ਵਿੱਚ ਖੋਲ੍ਹੀ ਗਈ ਦੇਸ਼ ਭਗਤ ਯਾਦਗਾਰ ਲਾਇਬ੍ਰੇਰੀ ਵਿਚ 100 ਤੋਂ ਵੱਧ ਕਿਤਾਬਾਂ ਰੱਖੀਆਂ ਗਈਆਂ ਹਨ।

ਇਸ ਉਪਰਾਲੇ ਸਬੰਧੀ ਗੱਲ ਕਰਦਿਆਂ ਨੌਜਵਾਨਾਂ ਨੇ ਦੱਸਿਆ ਕਿ ਮੌਜੂਦਾ ਦੌਰ ਵਿੱਚ ਲੋਕ ਸ਼ੋਸ਼ਲ ਮੀਡੀਆ ਕਾਰਨ ਸਾਡੇ ਦੇਸ਼ ਦੇ ਸ਼ਾਨਾਮੱਤੇ ਇਤਿਹਾਸ ਭਾਵ ਸਾਹਿਤ ਨੂੰ ਭੁੱਲਦੇ ਜਾ ਰਹੇ ਹਨ। ਇਸ ਲਈ ਉਨ੍ਹਾਂ ਨੇ ਇਹ ਉਪਰਾਲਾ ਕਰਕੇ ਲਾਇਬ੍ਰੇਰੀ ਖੋਲ੍ਹੀ ਹੈ ਤਾਂ ਕਿ ਨੌਜਵਾਨ ਸਹੀ ਦਿਸ਼ਾ ਵਾਲੇ ਪਾਸੇ ਜਾ ਸਕਣ।

ਪਿੰਡ ਦੇ ਨੌਜਵਾਨਾਂ ਨੇ ਕਿਹਾ ਕਿ ਜਦੋਂ ਇਸ ਤਰ੍ਹਾਂ ਦਾ ਕੋਈ ਪਲੇਟਫਾਰਮ ਨਹੀਂ ਹੁੰਦਾ ਤਾਂ ਆਮ ਤੌਰ 'ਤੇ ਪਿੰਡ ਦੀਆਂ ਸੱਥਾਂ ਵਿੱਚ ਨੌਜਵਾਨ ਅਤੇ ਆਮ ਲੋਕ ਤਾਸ਼ ਖੇਡਣ ਲਈ ਮਜਬੂਰ ਹੁੰਦੇ ਹਨ। ਇਸ ਲਈ ਅਸੀਂ ਆਪਣੇ ਪਿੰਡ ਵਿਚ ਲੋਕਾਂ ਨੂੰ ਇਕ ਮੰਚ ਦਿੱਤਾ ਹੈ। ਜਿਸ ਰਾਹੀਂ ਉਹ ਚੰਗਾ ਸਾਹਿਤ ਪੜ੍ਹ ਕੇ ਆਪਣੀ ਜ਼ਿੰਦਗੀ ਬਦਲ ਸਕਣਗੇ।

ਇੱਥੇ ਪੜ੍ਹ ਰਹੇ ਹੋਰ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਨ੍ਹਾਂ ਦੇ ਪੇਂਡੂ ਚ ਖੁੱਲ੍ਹੀ ਲਾਇਬ੍ਰੇਰੀ ਹੋਰਾਂ ਪਿੰਡਾਂ ਲਈ ਪ੍ਰੇਰਨਾ ਸਰੋਤ ਬਣੇਗੀ! ਬੱਚੇ ਇਸ ਲਾਇਬ੍ਰੇਰੀ ਤੋਂ ਉਤਸ਼ਾਹਤ ਹੋ ਕੇ ਮੋਬਾਇਲ ਛੱਡ ਕੇ ਕਿਤਾਬਾਂ ਪੜ੍ਹ ਰਹੇ ਹਨ।