ਭੂਆ (ਭਾਗ 2)

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਦੂਰ ਤੋਂ ਭੂਆ ਦੇ ਪਿੰਡ ਨੂੰ ਵੇਖ ਰਿਹਾ ਸਾਂ ਤੇ ਸਕੂਟਰ ਤੇ ਬੈਠਾ ਸੋਚੀ ਜਾ ਰਿਹਾ ਸਾਂ। ਮੈਨੂੰ ਯਾਦ ਆ ਗਏ ਉਹ ਦਿਨ। ਆਦਮੀ ਦੀ ਜ਼ਿੰਦਗੀ 'ਚੋਂ ਬਚਪਨ ਕਦੀ ਮਨਫ਼ੀ ਨਹੀਂ...

Punjab

ਦੂਰ ਤੋਂ ਭੂਆ ਦੇ ਪਿੰਡ ਨੂੰ ਵੇਖ ਰਿਹਾ ਸਾਂ ਤੇ ਸਕੂਟਰ ਤੇ ਬੈਠਾ ਸੋਚੀ ਜਾ ਰਿਹਾ ਸਾਂ। ਮੈਨੂੰ ਯਾਦ ਆ ਗਏ ਉਹ ਦਿਨ। ਆਦਮੀ ਦੀ ਜ਼ਿੰਦਗੀ 'ਚੋਂ ਬਚਪਨ ਕਦੀ ਮਨਫ਼ੀ ਨਹੀਂ ਹੁੰਦਾ। ਆਦਮੀ ਸੱਭ ਕੁੱਝ ਭੁੱਲ ਸਕਦਾ ਹੈ ਪਰ ਬਚਪਨ ਦੀਆਂ ਯਾਦਾਂ ਨਹੀਂ ਭੁਲਦਾ। ਮਰਨ ਵੇਲੇ ਵੀ ਇਨਸਾਨ ਨੂੰ ਸੱਭ ਤੋਂ ਪਹਿਲਾਂ ਅਪਣੇ ਬਚਪਨ ਅਤੇ ਜਵਾਨੀ ਦੀਆਂ ਯਾਦਾਂ ਹੀ ਆਉਂਦੀਆਂ ਹਨ। ਮੈਨੂੰ ਯਾਦ ਹੈ, ਅੱਜ ਤੋਂ ਲਗਭਗ 30 ਸਾਲ ਪਹਿਲਾਂ ਜਦੋਂ ਭੂਆ ਦਾ ਵਿਆਹ ਹੋਇਆ ਸੀ, ਮੈਂ ਬਹੁਤ ਛੋਟਾ ਸਾਂ ਪਰ ਮੈਨੂੰ ਥੋੜ੍ਹੀ ਥੋੜ੍ਹੀ ਹੋਸ਼ ਜ਼ਰੂਰ ਸੀ।

ਭੂਆ ਮੈਨੂੰ ਨਾਲ ਲੈ ਕੇ ਆਇਆ ਕਰਦੀ ਸੀ, ਅਪਣੇ ਸਹੁਰੇ ਪਿੰਡ। ਭੂਆ ਮੈਨੂੰ ਲਾਡੀਆਂ ਕਰਦੀ, ਸਾਰਾ ਸਾਰਾ ਦਿਨ ਮੇਰੇ ਨਾਲ ਖੇਡਦੀ ਰਹਿੰਦੀ ਤੇ ਘਰ ਦਾ ਕੰਮ ਵੀ ਨਾਲ ਨਾਲ ਕਰਦੀ ਰਹਿੰਦੀ। ਭੂਆ ਇਕ ਵੱਡੇ ਸਾਂਝੇ ਪ੍ਰਵਾਰ ਵਿਚ ਵਿਆਹੀ ਗਈ ਸੀ। ਫੁੱਫੜ ਸਿਹਤ ਵਿਭਾਗ ਵਿਚ ਮੁਲਾਜ਼ਮ ਸੀ ਤੇ ਉਸ ਦੇ ਬਾਕੀ ਚਾਰ ਭਰਾ ਵਪਾਰ ਕਰਦੇ ਸਨ। ਖਾਂਦਾ-ਪੀਂਦਾ, ਰੱਜਿਆ-ਪੁਜਿਆ ਘਰ ਸੀ। ਖੁਲ੍ਹਾ ਵਿਹੜਾ, ਕਈ ਕਮਰੇ।

ਮੱਝਾਂ-ਗਾਵਾਂ ਰਖੀਆਂ ਹੋਈਆਂ ਸਨ। ਭੂਆ ਮੈਨੂੰ ਚੋਰੀ-ਚੋਰੀ ਕਾੜ੍ਹਨੀ ਦਾ ਨਿੱਘਾ ਗਰਮ ਗਰਮ ਬਦਾਮੀ ਰੰਗ ਦਾ ਦੁੱਧ ਮਲਾਈ ਬਣੇ ਕੜੇ ਦੇ ਗਲਾਸ ਵਿਚ ਭਰ ਕੇ ਦਿੰਦੀ ਤੇ ਕਹਿੰਦੀ, ''ਪੀ ਲੈ ਮੇਰਾ ਵੀਰ ਜਲਦੀ-ਜਲਦੀ।'' ਤੇ ਮੈਂ ਡੀਕ ਲਾ ਕੇ ਦਬਾ-ਦਬ ਪੀ ਲੈਂਦਾ। ਭੂਆ ਖ਼ੁਸ਼ ਹੋ ਜਾਂਦੀ। ਮੇਰਾ ਮੂੰਹ ਚੁੰਮਦੀ ਤੇ ਕਹਿੰਦੀ, ''ਮੇਰਾ ਪਿਆਰਾ ਵੀਰ ਬਿੰਦ।'' ਭੂਆ ਇਸ ਇਲਾਕੇ ਦੀ ਸੱਭ ਤੋਂ ਸੋਹਣੀ, ਉੱਚੇ ਲੰਮੇ ਕੱਦ ਵਾਲੀ ਪੰਜਾਬਣ ਮੁਟਿਆਰ ਸੀ।

ਸਾਰੇ ਘਰ ਦਾ ਕੰਮ ਉਹ ਚੁਟਕੀ ਨਾਲ ਸਮੇਟ ਲੈਂਦੀ ਸੀ। ਘਰ ਵਿਚ ਜਦੋਂ ਕੋਈ ਖਾਣ-ਪੀਣ ਵਾਲੀ ਚੀਜ਼ ਆਉਂਦੀ ਤਾਂ ਸੱਭ ਤੋਂ ਪਹਿਲਾਂ ਬੜੇ ਹੀ ਪਿਆਰ ਨਾਲ ਮੈਨੂੰ ਹੀ ਦਿੰਦੀ ਤੇ ਵਾਰ-ਵਾਰ ਕਹਿੰਦੀ, ''ਮੇਰਾ ਸੋਹਣਾ ਵੀਰ ਬਿੰਦ।'' ਮੈਨੂੰ ਉਸ ਦਾ ਇੰਜ ਕਹਿਣਾ ਬੜਾ ਚੰਗਾ ਲਗਦਾ। ਮੋਹ ਦਾ ਮੁਕੰਮਲ ਅਹਿਸਾਸ। ਸੰਪੂਰਨ ਮੋਹ। ਬਲਵਿੰਦਰ ਸਿੰਘ 'ਬਾਲਮ' - ਸੰਪਰਕ : 98156-25409 (ਚਲਦਾ)