ਪੰਜਾਬੀ ਕਵਿਤਾ ਵਿਚ ਕ੍ਰਾਂਤੀਕਾਰੀ ਕਵੀ ਦੇ ਤੌਰ 'ਤੇ ਜਾਣਿਆ ਜਾਂਦੈ ਬਾਵਾ ਬਲਵੰਤ

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਬਾਵਾ ਬਲਵੰਤ ਇਸਤਰੀ ਦੀ ਸੁਤੰਤਰਤਾ ਦੇ ਪ੍ਰਸੰਗ ਵਿਚ ਮਾਰਕਸਵਾਦੀ ਦ੍ਰਿਸ਼ਟੀ ਤੋਂ ਸਮਾਜਕ ਚੇਤਨਤਾ ਅਧੀਨ ਪਿਆਰ ਦੇ ਅਨੁਭਵ ਨੂੰ ਪੇਸ਼ ਕਰਨ ਵਾਲਾ ਕਵੀ ਹੈ।

Bawa Balwant

ਬਾਵਾ ਬਲਵੰਤ ਆਧੁਨਿਕ ਪੰਜਾਬੀ ਕਵਿਤਾ ਵਿਚ ਕ੍ਰਾਂਤੀਕਾਰੀ ਕਵੀ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਬਾਵਾ ਬਲਵੰਤ ਇਕ ਅਦਭੁਤ ਵਿਅਕਤਿਤਵ ਦਾ ਮਾਲਕ ਸੀ ਜਿਸ ਵਿਚ ਕਈ ਪ੍ਰਸਪਰ ਵਿਰੋਧੀ ਗੁਣਾਂ ਦੇ ਬਾਵਜੂਦ ਇਕ ਮੂਲ ਏਕਤਾ ਸੀ। ਬਾਵਾ ਬਲਵੰਤ ਦਾ ਜਨਮ 21 ਅਗੱਸਤ, 1906 ਈ. ਨੂੰ ਪਿੰਡ ਨੇਸ਼ਟਾ ਤਹਿਸੀਲ ਤਰਨਤਾਰਨ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਪਿਤਾ ਹਕੀਮ ਠਾਕੁਰ ਦੀਨਾ ਨਾਥ ਤੇ ਮਾਤਾ ਗਿਆਨ ਦੇਵੀ ਦੇ ਘਰ ਹੋਇਆ।

ਉਸ ਦੇ ਪਿਤਾ ਠਾਕੁਰ ਦੀਨਾ ਨਾਥ ਅਰਬੀ, ਫ਼ਾਰਸੀ, ਸੰਸਕ੍ਰਿਤ, ਹਿੰਦੀ ਤੇ ਉਰਦੂ ਦੇ ਵਿਦਵਾਨ ਸਨ। ਦਿਨ ਮੰਗਲਵਾਰ ਨੂੰ ਪੈਦਾ ਹੋਣ ਕਾਰਨ ਬਾਵਾ ਬਲਵੰਤ ਦਾ ਪਹਿਲਾ ਨਾਮ ਦੀਵਾਨ ਮੰਗਲ ਸੈਨ ਰਖਿਆ ਗਿਆ। ਇਕ ਰਸਮ ਮੁਤਾਬਕ ਬਾਵਾ ਨੂੰ ਪੈਦਾ ਹੁੰਦਿਆਂ ਹੀ ਰੂੜੀ ਦੇ ਢੇਰ ਉਤੇ ਰੱਖ ਦਿਤਾ ਜਿਥੋਂ ਪਿਤਾ ਜੀ ਨੇ ਚੁਕ ਲਿਆ ਜਿਸ ਕਰ ਕੇ ਮਾਤਾ ਨੇ ਆਪ ਦਾ ਨਾਮ ਕੂੜਾ ਮੱਲ ਰੱਖ ਦਿਤਾ ਤੇ ਸਾਰੀ ਉਮਰ ਉਹ ਬਾਵਾ ਨੂੰ ਕੂੜਾ ਮੱਲ ਨਾਂ ਨਾਲ ਹੀ ਪੁਕਾਰਦੀ ਰਹੀ। ਇਸ ਰਸਮ ਦਾ ਅਸਲ ਕਾਰਨ ਪ੍ਰਵਾਰ ਵਿਚ ਮੁੰਡੇ ਦਾ ਸਾਲ ਡੇਢ ਸਾਲ ਬਾਅਦ ਮੌਤ ਹੋ ਜਾਣਾ ਸੀ।

ਬਚਪਨ ਵਿਚ ਬਾਵਾ ਬਲਵੰਤ ਦੇ ਸਿਰ 'ਤੇ ਲੰਮੀਆਂ-ਲੰਮੀਆਂ ਜਟਾਂ ਹੋ ਗਈਆਂ ਜਿਸ ਕਰ ਕੇ ਸਾਰੇ ਪਿੰਡ ਵਾਲੇ ਉਨ੍ਹਾਂ ਨੂੰ ਬਾਵਾ ਬਾਵਾ ਕਹਿ ਕੇ ਬੁਲਾਉਂਦੇ ਸਨ। ਭਾਵੇਂ ਉਨ੍ਹਾਂ ਨੂੰ ਮਾਂ ਵਲੋਂ ਤੇ ਲੋਕਾਂ ਵਲੋਂ ਰੱਖੇ ਦੋਵੇਂ ਨਾਂਅ ਪਸੰਦ ਨਹੀਂ ਸਨ ਪਰ ਉਹ ਆਪ ਬਾਵਾ ਸ਼ਬਦ ਨਾਲੋਂ ਅਪਣੇ-ਆਪ ਨੂੰ ਅਲੱਗ ਨਹੀਂ ਕਰ ਸਕੇ। ਇਸੇ ਕਰ ਕੇ ਖ਼ੁਦ ਰੱਖੇ ਅਪਣੇ ਪਸੰਦੀਦਾ ਨਾਮ ਬਲਵੰਤ ਰਾਏ ਸ਼ਰਮਾ ਕਰ ਕੇ ਵੀ ਆਪ ਸਾਹਿਤਕ ਜਗਤ ਵਿਚ ਬਾਵਾ ਬਲਵੰਤ ਦੇ ਨਾਂ ਨਾਲ ਜਾਣੇ ਗਏ। ਉਨ੍ਹਾਂ ਦੀ ਉਮਰ ਹਾਲੇ ਚਾਰ ਸਾਲਾਂ ਦੀ ਹੀ ਸੀ ਜਦੋਂ ਇਨ੍ਹਾਂ ਦੇ ਪਿਤਾ ਜੀ ਨੇ ਰੁਜ਼ਗਾਰ ਦੀ ਤਲਾਸ਼ ਵਿਚ ਪਿੰਡ ਨੂੰ ਛੱਡ ਕੇ ਅੰਮ੍ਰਿਤਸਰ ਦੇ ਬਾਜ਼ਾਰ ਕਟੜਾ ਮੋਹਰ ਸਿੰਘ ਵਿਚ ਵੈਦਗਿਰੀ ਦੀ ਦੁਕਾਨ ਖੋਲ੍ਹ ਲਈ। ਬਾਵਾ ਬਲਵੰਤ ਨੂੰ ਦੇਸ਼ ਪਿਆਰ ਦਾ ਜਜ਼ਬਾ ਇਥੋਂ ਹੀ ਮਿਲਿਆ। ਬਾਵਾ ਬਲਵੰਤ ਦੀ ਮੁਢਲੀ ਸਿਖਿਆ ਘਰ ਵਿਚ ਹੀ ਹੋਈ।

ਹਿੰਦੀ, ਫ਼ਾਰਸੀ ਤੇ ਉਰਦੂ ਜ਼ੁਬਾਨ ਦੀ ਮੁਢਲੀ ਸਿਖਿਆ ਤੋਂ ਬਾਅਦ ਮੁਨੀਮੀ ਸਿੱਖਣ ਲਈ ਉਸ ਨੂੰ ਪਾਂਧੇ ਕੋਲ ਪੜ੍ਹਾਇਆ, ਜਿਥੇ ਉਸ ਨੇ ਲੰਡੇ ਲਿਖਣ ਪੜ੍ਹਨ ਦੀ ਮੁਹਾਰਤ ਹਾਸਲ ਕੀਤੀ। ਮੁਨੀਮੀ ਦੀ ਪੂਰੀ ਪੜ੍ਹਾਈ ਸਿਖਣ ਲਈ ਇਕ ਵੱਡੇ ਮੁਨੀਮ ਪਾਸ ਸ਼ਾਗਿਰਦ ਰਖਵਾ ਦਿਤਾ। ਦੁਕਾਨ 'ਤੇ ਕੰਮ ਕਰਦੇ ਹੋਇਆਂ ਵੀ ਬਾਵਾ ਸਾਹਿਤਕ ਪੁਸਤਕਾਂ ਪੜ੍ਹਦੇ ਰਹਿੰਦੇ ਅਤੇ ਸ਼ਾਗਿਰਦੀ ਦੇ ਮਿਲਦੇ ਪੈਸਿਆਂ ਤੋਂ ਉਹ ਕੋਈ ਨਾ ਕੋਈ ਕਿਤਾਬ ਜਾਂ ਰਸਾਲਾ ਲੈ ਲਿਆ ਕਰਦੇ।

ਇਨ੍ਹਾਂ ਦਿਨਾਂ ਵਿਚ ਹੀ ਉਸ ਦੇ ਸਬੰਧ ਨੌਜੁਆਨ ਭਾਰਤ ਸਭਾ ਨਾਲ ਪੈਦਾ ਹੋਏ। ਉਹ ਇਸ ਸਭਾ ਦੇ ਹਮਦਰਦ ਹੋ ਗਏ। ਬਾਵਾ ਨੇ ਅੰਡਰ-ਗਰਾਊਂਡ ਰਹਿ ਕੇ ਕਾਂਗਰਸ ਵਿਚ ਸਰਗਰਮ ਭੂਮਿਕਾ ਨਿਭਾਈ। ਉਸ ਨੇ ਅਪਣੀਆਂ ਉਰਦੂ ਦੀਆਂ ਇਨਕਲਾਬੀ ਨਜ਼ਮਾਂ ਦੀ ਪੁਸਤਕ 'ਸ਼ੇਰ-ਏ-ਹਿੰਦ' ਦੇ ਨਾਂਅ ਦੀ ਛਪਵਾਈ ਜੋ ਕਿ ਅੰਗਰੇਜ਼ ਸਰਕਾਰ ਨੇ ਜ਼ਬਤ ਕਰ ਲਈ।

ਬਾਵਾ ਬਲਵੰਤ ਇਨਕਲਾਬੀ ਸਾਹਿਤ ਦਾ ਅਧਿਐਨ ਕਰਦੇ ਤੇ ਕਿਰਤੀ ਰਸਾਲੇ ਰਾਹੀਂ ਉਸ ਸਮੇਂ ਦੇ ਵੱਡੇ ਕ੍ਰਾਂਤੀਕਾਰੀਆਂ ਲਾਲਾ ਹਰਦਿਆਲ, ਹੀਰਾ ਸਿੰਘ ਦਰਦ, ਅਰਜਨ ਸਿੰਘ ਗੜਗੱਜ, ਰਾਸ ਬਿਹਾਰੀ ਬੋਸ, ਭਗਤ ਸਿੰਘ ਤੇ ਅਜੀਤ ਸਿੰਘ ਦੇ ਵਿਚਾਰਾਂ ਤੋਂ ਬਹੁਤ ਪ੍ਰਭਾਵਤ ਹੋਏ। ਇਸੇ ਦੌਰਾਨ ਉਸ ਨੇ ਮਾਰਕਸ, ਏਂਗਲਜ਼, ਲੈਨਿਨ ਦੀਆਂ ਕਿਤਾਬਾਂ ਦਾ ਮੁਤਾਲਿਆ ਕੀਤਾ ਜਿਸ ਦਾ ਅਸਰ ਉਨ੍ਹਾਂ ਦੀ ਕ੍ਰਾਂਤੀਕਾਰੀ ਕਵਿਤਾ ਵਿਚੋਂ ਸਾਫ਼ ਨਜ਼ਰ ਆਉਂਦਾ ਹੈ।

ਬਾਵਾ ਬਲਵੰਤ ਇਸਤਰੀ ਦੀ ਸੁਤੰਤਰਤਾ ਦੇ ਪ੍ਰਸੰਗ ਵਿਚ ਮਾਰਕਸਵਾਦੀ ਦ੍ਰਿਸ਼ਟੀ ਤੋਂ ਸਮਾਜਕ ਚੇਤਨਤਾ ਅਧੀਨ ਪਿਆਰ ਦੇ ਅਨੁਭਵ ਨੂੰ ਪੇਸ਼ ਕਰਨ ਵਾਲਾ ਕਵੀ ਹੈ। ਉਹ ਔਰਤ ਅਤੇ ਮੁਹੱਬਤ ਨੂੰ ਇਕ ਸਮਾਜਕ ਸਰੋਕਾਰ ਬਣਾ ਕੇ ਪੇਸ਼ ਕਰਦਾ ਹੈ। ਬਾਵਾ ਬਲਵੰਤ ਦਾ ਦੇਹਾਂਤ ਪੰਜਾਬੀ ਸਾਹਿਤ ਦੀ ਭਿਆਨਕ ਤ੍ਰਾਸਦੀ ਆਖਿਆ ਜਾ ਸਕਦਾ ਹੈ। ਸਾਦਾ ਪਹਿਰਾਵਾ ਤੇ ਖਾਣ-ਪੀਣ ਦੀ ਸਾਦਗੀ ਵਾਲੇ ਬਾਵਾ ਬਲਵੰਤ ਦਾ 1972 ਵਿਚ ਦੇਹਾਂਤ ਹੋ ਗਿਆ।