ਪੁਰਾਣੀ ਬਨਾਮ ਅਜੋਕੀ ਪੰਜਾਬੀ ਗਾਇਕੀ -4

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਗਾਇਕਾਵਾਂ ਵਿਚੋਂ ਸੁਰਿੰਦਰ ਕੌਰ ਜੀ ਹਮੇਸ਼ਾ ਆਉਣ ਵਾਲੀਆਂ ਪੀੜ੍ਹੀਆਂ ਦੀਆਂ ਗਾਇਕਾਵਾਂ ਵਾਸਤੇ ਪ੍ਰੇਰਣਾ ਸਰੋਤ ਰਹਿਣਗੇ।

Punjabi Singers

(ਪਿਛਲੇ ਹਫ਼ਤੇ ਤੋਂ ਅੱਗੇ)
ਗਾਇਕਾਵਾਂ ਵਿਚੋਂ ਸੁਰਿੰਦਰ ਕੌਰ ਜੀ ਹਮੇਸ਼ਾ ਆਉਣ ਵਾਲੀਆਂ ਪੀੜ੍ਹੀਆਂ ਦੀਆਂ ਗਾਇਕਾਵਾਂ ਵਾਸਤੇ ਪ੍ਰੇਰਣਾ ਸਰੋਤ ਰਹਿਣਗੇ। ਸੁਰਿੰਦਰ ਕੌਰ ਜੀ ਦੇ ਗੀਤ ਅੱਜ ਵੀ ਮੈਂ ਨਵੀਂ ਪੀੜ੍ਹੀ ਦੇ ਮੋਬਾਈਲਾਂ ਵਿਚ ਸੁਣੇ ਹਨ। ਜਿਵੇ 'ਟਿੱਲੇ ਵਾਲਿਆ ਮਿਲਾ ਦੇ ਜੱਟੀ ਹੀਰ ਨੂੰ', 'ਇਨ੍ਹਾਂ ਅੱਖੀਆਂ 'ਚ ਪਾਵਾਂ ਕਿਵੇਂ ਸੁਰਮਾ', 'ਜੁਤੀ ਕਸੂਰੀ ਪੈਰ ਨਾ ਪੂਰੀ', 'ਵੇ ਲੈ ਦੇ ਮੈਨੂੰ ਮਖਮਲ ਦੀ ਪੱਖੀ ਘੁੰਗਰੂਆਂ ਵਾਲੀ', 'ਸੜਕੇ ਸੜਕੇ ਜਾਂਦੀਏ ਮੁਟਿਆਰੇ ਨੀ', 'ਇਕ ਮੇਰੀ ਅੱਖ ਕਾਸ਼ਨੀ ਆਦਿ ਸੈਂਕੜੇ ਗੀਤ ਉਨ੍ਹਾਂ ਨੇ ਗਾਏ। ਬੜੇ ਅਫ਼ਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਉਨ੍ਹਾਂ ਦੀ ਗਾਇਕੀ ਦੇ ਹਾਣ ਦੀ ਗਾਇਕੀ ਅੱਜ ਚੜ੍ਹਦੇ ਪੰਜਾਬ 'ਚ ਅਲੋਪ ਹੈ।

ਅੱਜਕਲ੍ਹ ਦੀਆਂ ਗਾਇਕਾਵਾਂ ਦਾ ਜ਼ੋਰ ਗਾਇਕੀ ਦੀ ਬਜਾਏ ਮੇਕਅੱਪ ਉਤੇ ਵਧੇਰੇ ਹੈ। ਸੁਰਿੰਦਰ ਕੌਰ ਜੀ ਨੂੰ ਪੰਜਾਬ ਦੀ ਕੋਇਲ ਕਿਹਾ ਜਾਂਦਾ ਹੈ। ਸਦੀਆਂ ਬਾਅਦ ਵੀ ਗਾਇਕਾਵਾਂ ਆਉਂਦੀਆਂ ਰਹਿਣਗੀਆਂ ਜਾਦੀਆਂ ਰਹਿਣਗੀਆਂ ਪਰ ਸੁਰਿੰਦਰ ਕੌਰ ਜੀ ਅਟੱਲ ਅਪਣੇ ਸਥਾਨ ਤੇ ਰਹਿਣਗੇ। ਅੱਗੇ ਚੱਲੀਏ ਤਾਂ ਸੁਰਿੰਦਰ ਕੌਰ ਜੀ ਦੀ ਭੈਣ ਪ੍ਰਕਾਸ਼ ਕੌਰ ਨੇ ਵੀ ਕਾਫ਼ੀ ਵਧੀਆ ਗੀਤ ਗਾਏ। ਫਿਰ ਨਰਿੰਦਰ ਬੀਬਾ ਜੀ ਨੇ ਵੀ ਕਾਫ਼ੀ ਵਧੀਆ ਗੀਤ, ਬੋਲੀਆਂ ਅਤੇ ਟੱਪੇ ਗਾਏ। ਇਵੇਂ ਹੀ ਗੁਰਮੀਤ ਬਾਵਾ ਜੀ ਦੀ ਹੇਕ ਤਾਂ ਸੱਭ ਨੇ ਸੁਣੀ ਹੀ ਹੋਵੇਗੀ। ਇਵੇਂ ਹੀ ਜਗਮੋਹਣ ਕੌਰ ਜੀ (ਮਾਈ ਮੋਹਣੋ) ਨੇ 'ਘੁੰਡ ਵਿਚ ਨਹੀਂ ਲੁਕਦੇ ਸੱਜਣਾ ਨੈਣ ਕਵਾਰੇ' ਆਦਿ ਵਧੀਆ ਗੀਤ ਗਾਏ।

ਹੁਣ ਗੱਲ ਕਰਦੇ ਹਾਂ ਅਜੋਕੇ ਗਾਇਕਾਂ ਦੀ। ਅੱਜ ਦੀ ਗਾਇਕੀ ਦੇ ਮੰਢੀਰ ਵਾਧੇ 'ਚ 10-15 ਗਾਇਕਾਂ ਨੂੰ ਛੱਡ ਕੇ ਸਾਰਾ ਆਵਾ ਹੀ ਊਤਿਆ ਪਿਆ ਹੈ। ਸਰਦੂਲ ਸਿੰਕਦਰ, ਗੁਰਦਾਸ ਮਾਨ, ਬੱਬੂ ਮਾਨ, ਹਰਜੀਤ ਹਰਮਨ, ਮਨਮੋਹਨ ਵਾਰਿਸ, ਕਮਲ ਹੀਰ, ਰਾਜ ਕਾਕੜਾ, ਹਰਭਜਨ ਮਾਨ, ਮਲਕੀਤ ਸਿੰਘ, ਗਿੱਲ ਹਰਦੀਪ, ਜਸਬੀਰ ਜੱਸੀ, ਸੁਖਵਿੰਦਰ ਸੁੱਖੀ, ਰਾਜ ਬਰਾੜ, ਸੁਰਜੀਤ ਬਿੰਦਰਖੀਆ ਆਦਿ ਕੁੱਝ ਕੁ ਵਧੀਆ ਗਾਇਕ ਕਹੇ ਜਾ ਸਕਦੇ ਹਨ। ਬਾਕੀ ਪਹਿਲੀ ਗੱਲ ਤਾਂ ਇਹ ਕਿ ਅਜੋਕੇ ਕਿਸੇ ਪੰਜਾਬੀ ਗਾਇਕ ਦੇ ਨਾਂ ਨਾਲ ਸਿੰਘ ਜਾਂ ਕੌਰ ਤਾਂ ਲਗਦਾ ਹੀ ਨਹੀਂ। ਜੋ ਪੁਰਾਣਿਆਂ ਦੇ ਲਗਦਾ ਸੀ ਜਿਵੇਂ ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਰਣਜੀਤ ਕੌਰ, ਦਿਲਰਾਜ ਕੌਰ, ਅਮਰ ਸਿੰਘ ਚਮਕੀਲਾ, ਅਮਨਜੋਤ ਕੌਰ ਆਦਿ।

ਦੂਜੀ ਗੱਲ ਜ਼ਿਆਦਾਤਰ ਦੇ ਨਾਂ ਹੀ ਪਤਾ ਨਹੀਂ ਕਿਹੜੇ ਗ੍ਰਹਿ ਦੇ ਹਨ ਜਿਵੇਂ ਮਿਕਸ ਸਿੰਘ, ਰਿਮਜ਼ ਜੇ, ਜੈਜ਼ੀ ਬੀ, ਕੌਰ ਬੀ, ਯੋ ਯੋ ਹਨੀ ਸਿੰਘ, ਮਿਸ ਪੂਜਾ, ਏ.ਕੇ., ਬੈਨੀ.ਏ., ਬੋਹੇਮੀਆ, ਦਾ ਲੰਡਰਜ਼, ਮਾਫ਼ੀਆ ਮੁੰਡੀਰ ਆਦਿ ਪਤਾ ਨਹੀਂ ਹੋਰ ਕੀ ਕੁੱਝ, ਸਮਝੋਂ ਪਰ੍ਹੇ ਹੈ। ਇਹ ਨਾਮ ਵੇਖ ਕੇ ਪਹਿਲਾਂ ਸੋਚੀਦਾ ਹੈ ਕਿ ਕਿਹੜੇ ਗ੍ਰਹਿ ਦੇ ਪ੍ਰਾਣੀ ਹਨ, ਧਰਤੀ ਦੇ ਤਾਂ ਲਗਦੇ ਨਹੀਂ। ਦੂਜਾ ਅੱਜ ਦੇ ਗਾਇਕਾਂ ਗਾਇਕਾਵਾਂ ਦਾ ਸਾਰਾ ਜ਼ੋਰ ਬ੍ਰੈਂਡਿਡ ਕਪੜਿਆਂ, ਐਨਕਾਂ, ਮੋਰ ਦੀ ਪੈਲ ਵਰਗੇ ਵਾਲਾਂ, ਮੇਕ ਅੱਪ, ਵੱਡੀਆਂ ਗੱਡੀਆਂ ਅਤੇ ਸਿਰਫ਼ ਪੈਸੇ ਕਮਾਉਣ ਤਕ ਹੈ। ਪੰਜਾਬੀ ਗਾਇਕੀ ਨਾਂ ਦਾ ਅੱਖਰ ਇਨ੍ਹਾਂ ਦੀ ਸਮਝ ਤੋਂ ਪਰੇ ਹੈ। ਟੱਪੇ, ਮਾਹੀਏ ਦਾ ਕਿਸੇ ਨੇ ਨਾਂ ਨਹੀਂ ਸੁਣਿਆ ਹੋਣਾ।

ਸਰਦੂਲ ਸਿਕੰਦਰ ਅਤੇ ਗੁਰਦਾਸ ਮਾਨ ਦੋਵੇਂ ਨਵੀਂ ਅਤੇ ਪੁਰਾਣੀ ਗਾਇਕੀ ਦਾ ਵਿਚ ਵਿਚਾਲਾ ਜਿਹਾ ਕਹੇ ਜਾ ਸਕਦੇ ਹਨ। ਸਰਦੂਲ ਸਿਕੰਦਰ ਨੇ ਹਮੇਸ਼ਾ ਵਧੀਆ ਗਾਇਆ ਅਤੇ ਅਮਰ ਨੂਰੀ ਨਾਲ ਦੋਗਾਣੇ ਵੀ ਗਾਏ। ਉਨ੍ਹਾਂ ਨੇ ਗੀਤ ਜਿਵੇਂ 'ਆ ਗਈ ਰੋਡਵੇਜ਼ ਦੀ ਲਾਰੀ', 'ਮਾਝੇ ਮਾਲਵੇ ਦੁਆਬੇ ਦੀਆਂ ਜੱਟੀਆਂ', 'ਸਾਡਿਆਂ ਪਰਾਂ ਤੋਂ ਸਿੱਖੀ ਉੱਡਣਾਂ', 'ਪਤਝੜ ਵਿਚ ਪੱਤਿਆਂ ਦਾ ਹਾਲ ਪੁਛਦੀ ਏਂ', 'ਫੁੱਲਾਂ ਦੀਏ ਕੱਚੀਏ ਵਪਾਰਨੇ ਆਦਿ ਕਿੰਨੇ ਹੀ ਗੀਤ ਸਾਡੀ ਝੋਲੀ ਪਾਏ। ਪ੍ਰੰਤੂ ਅੱਜਕਲ੍ਹ ਦੀ ਕੰਨ ਪਾੜੂ ਗਾਇਕੀ ਵੇਖ ਕੇ ਉਹ ਘਰ ਹੀ ਬੈਠ ਗਏ ਹਨ।

ਗੁਰਦਾਸ ਮਾਨ ਨੇ ਵੀ ਹਮੇਸ਼ਾ ਮਿਆਰੀ ਗਾਇਕੀ ਨੂੰ ਪਹਿਲ ਦਿਤੀ। ਅੱਜ ਵੀ ਉਨ੍ਹਾਂ ਦੇ ਚਾਹੁਣ ਵਾਲਿਆਂ ਦੀ ਗਿਣਤੀ 'ਚ ਕੋਈ ਕਮੀ ਨਹੀਂ। ਵਕਤ ਦੇ ਨਾਲ ਉਹ ਢਲਦੇ ਜ਼ਰੂਰ ਗਏ ਪਰ ਗਾਇਕੀ 'ਚ ਅੱਜ ਵੀ ਲਚਰਤਾ ਜਾਂ ਤੜਕ ਭੜਕ ਨਹੀ ਆਉਣ ਦਿਤੀ। ਮਣਕੇ, ਪੀੜ ਤੇਰੇ ਜਾਣ ਦੀ, ਵੇ ਮੈਂ ਕਮਲੀ ਯਾਰ ਦੀ ਕਮਲੀ, ਛੱਲਾ, ਅਸੀਂ ਤੇਰੇ ਸ਼ਹਿਰ ਨੂੰ, ਮਾਮਲਾ ਗੜਬੜ ਹੈ ਆਦਿ ਸੈਂਕੜੇ ਗੀਤ ਉਨ੍ਹਾਂ ਨੇ ਪੰਜਾਬੀ ਸਰੋਤਿਆਂ ਨੂੰ ਦਿਤੇ। ਜਿੰਨਾ ਕੁ ਪਸੰਦ ਉਨ੍ਹਾਂ ਨੂੰ 30-35 ਸਾਲ ਪਹਿਲਾਂ ਕੀਤਾ ਜਾਂਦਾ ਸੀ ਓਨਾ ਹੀ ਹੁਣ ਵੀ ਕੀਤਾ ਜਾਂਦਾ ਹੈ। ਉਨ੍ਹਾਂ ਕਦੇ ਵਕਤ ਨਾਲ ਸਮਝੌਤਾ ਨਹੀਂ ਕੀਤਾ। ਜੋ ਠੀਕ ਸਮਝਿਆ ਗਾਇਆ ਅਤੇ ਲੋਕਾਂ ਨੇ ਕਬੂਲ ਕੀਤਾ।

ਇਸ ਤੋਂ ਬਾਅਦ ਭੰਗੜਾ ਕਿੰਗ ਮਲਕੀਤ ਸਿੰਘ ਜੋ ਅੱਜਕਲ੍ਹ ਇੰਗਲੈਂਡ ਵਿਚ ਰਹਿ ਰਹੇ ਹਨ, ਉਨ੍ਹਾਂ ਨੇ ਵੀ ਹਮੇਸ਼ਾ ਹੀ ਵਧੀਆ ਮਿਆਰੀ ਗੀਤ ਹੀ ਗਾਏ ਹਨ। ਹਮੇਸ਼ਾ ਪੰਜਾਬੀਅਤ ਨੂੰ ਹੀ ਪਹਿਲ ਦਿਤੀ ਹੈ। ਤੂਤਕ ਤੂਤਕ ਤੂਤੀਆਂ, ਤੈਨੂੰ ਕੀ ਅੱਲ੍ਹੜੇ ਸਮਝਾਈਏ, ਲੱਡੂ ਖਾ ਲੈ ਬਾਣੀਏ ਦੇ ਆਦਿ ਕਿੰਨੇ ਹੀ ਗੀਤ ਉਨ੍ਹਾਂ ਸਰੋਤਿਆਂ ਦੀ ਝੋਲੀ ਪਾਏ। ਤੜਕ ਭੜਕ ਤੋਂ ਉਨ੍ਹਾਂ ਹਮੇਸ਼ਾ ਕਿਨਾਰਾ ਰਖਿਆ ਹੈ। ਬੱਬੂ ਮਾਨ ਅਜੋਕੀ ਪੀੜ੍ਹੀ ਦਾ ਸੱਭ ਤੋਂ ਵੱਧ ਚਰਚਿਤ ਤੇ ਸੁਣਿਆ ਜਾਣ ਵਾਲਾ ਨਾਮ ਹੈ। ਸ਼ੁਰੂਆਤੀ ਗੀਤਾਂ ਤੋਂ ਹੀ ਉਸ ਨੇ ਅਪਣੀ ਵਖਰੀ ਪਛਾਣ ਬਣਾ ਕੇ ਰੱਖੀ ਹੈ। ਦੇਸੀ ਅਤੇ ਵਿਦੇਸ਼ੀ ਪ੍ਰੋਗਰਾਮਾਂ ਦੌਰਾਨ ਸੱਭ ਤੋਂ ਵੱਧ ਸਰੋਤੇ ਉਸ ਨੂੰ ਹੀ ਸੁਣਨ ਪਹੁੰਚਦੇ ਹਨ। ਉਹ ਸ਼ਾਇਰੀ ਵੀ ਬਾ-ਕਮਾਲ ਕਰਦਾ ਹੈ।

ਪੰਜਾਬ ਦੇ ਭਖਦੇ ਮਸਲਿਆਂ ਤੇ ਪੰਜਾਬ ਨਾਲ ਕਾਣੀ ਵੰਡ ਨੂੰ ਬਾਖ਼ੂਬੀ ਪੇਸ਼ ਕਰਦਾ ਹੈ। ਜਿਵੇਂ 'ਭਗਤ ਸਿੰਘ ਆ ਗਿਆ ਸਰਾਭਾ ਕਿਥੇ ਰਹਿ ਗਿਆ', 'ਸਾਰੀ ਅਜ਼ਾਦੀ ਕੱਲਾ ਗਾਂਧੀ ਤਾਂ ਨੀ ਲੈ ਗਿਆ', 'ਸੁਰੰਗਾਂ ਪੁੱਟ ਕੇ ਲਾਂਘੇ ਅਗਲੇ ਕਾਹਨੂੰ ਡਕਦੀਆਂ ਜੇਲਾਂ', 'ਜਿਹੜੇ ਕੌਮ ਦੇ ਕਾਤਲ ਸੀ ਉਹ ਲਹਿਰਾਉਂਦੇ ਫਿਰਦੇ ਝੰਡੇ', 'ਬਾਕੀ ਗੱਲਾਂ ਬਾਅਦ 'ਚ ਸੋਹਣੀਏ ਪਹਿਲਾਂ ਸਰਦਾਰ ਹਾਂ', ਆਦਿ ਕਿੰਨੇ ਹੀ ਪੰਜਾਬ ਦਾ ਦਰਦ ਬਿਆਨ ਕਰਦੇ ਗੀਤ। ਪੰਜਾਬ ਦੇ ਅੱਲੇ ਜ਼ਖ਼ਮਾਂ ਦੀ ਦਾਸਤਾਨ ਉਸ ਨੇ ਹੀ ਸੱਭ ਤੋਂ ਪਹਿਲਾਂ  'ਹਵਾਏਂ' ਫ਼ਿਲਮ ਰਾਹੀਂ ਪੇਸ਼ ਕੀਤੀ ਸੀ। 20-22 ਸਾਲਾਂ ਤੋਂ ਗਾਇਕ ਆ ਰਹੇ ਹਨ ਜਾ ਰਹੇ ਹਨ, ਪਰ ਉਸ ਦੇ ਸਥਾਨ ਤੇ ਕੋਈ ਨਹੀਂ ਪਹੁੰਚ ਸਕਿਆ। ਕਾਰਨ ਇਹੀ ਕਿ ਪੰਜਾਬ ਤੇ ਪੰਜਾਬੀਅਤ ਉਸ ਨੇ ਸੰਭਾਲੀ ਹੋਈ ਹੈ ਅਤੇ ਦੂਜਿਆਂ ਨੇ ਵਿਸਾਰ ਦਿਤੀ ਹੈ।

(ਬਾਕੀ ਅਗਲੇ ਹਫ਼ਤੇ)
ਸੰਪਰਕ : 94785-22228, 98775-58127