ਕਲਾ ਭਵਨ 'ਚ 19 ਤੋਂ 22 ਜੁਲਾਈ ਤਕ ਲੱਗੇਗੀ ਡਾ. ਦੇਵਿੰਦਰ ਕੌਰ ਢੱਟ ਦੀ 'ਗੁੱਡੀਆਂ ਪਟੋਲੇ' ਪ੍ਰਦਰਸ਼ਨੀ

ਸਪੋਕਸਮੈਨ ਸਮਾਚਾਰ ਸੇਵਾ

ਪੰਜਾਬ ਆਰਟਸ ਕੌਸਲ ਦੇ ਚੇਅਰਮੈਨ ਪਦਮ ਸ਼੍ਰੀ ਡਾ. ਸੁਰਜੀਤ ਪਾਤਰ ਕਰਨਗੇ ਕਲਾ ਪ੍ਰਦਰਸ਼ਨੀ ਦਾ ਉਦਘਾਟਨ

Exhibition from 19th to 22nd July at Kala Bhawan

ਲੁਧਿਆਣਾ : ਸਭਿਆਚਾਰਕ ਸੱਥ (ਰਜਿ.) ਪੰਜਾਬ ਦੇ ਚੇਅਰਮੈਨ ਜਸਮੇਰ ਸਿੰਘ ਢੱਟ ਦੀ ਜੀਵਨ ਸਾਥਣ ਤੇ ਗੁਰੂ ਹਰਗੋਬਿੰਦ ਖਾਲਸਾ ਕਾਲਜ ਆਫ਼ ਐਜੂਕੇਸ਼ਨ ਦੀ ਫਾਈਨ ਆਰਟਸ ਅਧਿਆਪਕਾ ਡਾ. ਦੇਵਿੰਦਰ ਕੌਰ ਢੱਟ ਵੱਲੋਂ ਗੁੱਡੀਆਂ ਪਟੋਲੇ ਸੀਰੀਜ਼ ਅਧੀਨ ਪਹਿਲੀ ਲੋਕ ਕਲਾ ਪ੍ਰਦਰਸ਼ਨੀ ਪੰਜਾਬ ਆਰਟਸ ਕੌਂਸਲ ਵੱਲੋਂ 19 ਤੋਂ 22 ਜੁਲਾਈ ਤੀਕ ਕਲਾ ਭਵਨ ਚੰਡੀਗੜ੍ਹ ਦੇ ਦੇ ਪ੍ਰਦਰਸ਼ਨੀ ਹਾਲ ਵਿਚ ਲਗਾਈ ਜਾ ਰਹੀ ਹੈ। 

ਇਸ ਕਲਾ ਪ੍ਰਦਰਸ਼ਨੀ ਦਾ ਉਦਘਾਟਨ ਪੰਜਾਬ ਆਰਟਸ ਕੌਸਲ ਦੇ ਚੇਅਰਮੈਨ ਪਦਮ ਸ਼੍ਰੀ ਡਾ: ਸੁਰਜੀਤ ਪਾਤਰ 19 ਜੁਲਾਈ ਸ਼ਾਮ 4 ਵਜੇ ਕਰਨਗੇ। ਡਾ. ਦੇਵਿੰਦਰ ਕੌਰ ਢੱਟ ਪੰਜਾਬੀ ਯੂਨੀਵਰਸਿਟੀ ਪਟਿਆਲਾ  ਤੋਂ ਲੋਕ ਕਲਾਵਾਂ ਵਿੱਚ ਡਾਕਟਰੇਟ ਤੀਕ ਉਚੇਰੀ ਸਿੱਖਿਆ ਪ੍ਰਾਪਤ ਹਨ। ਉਨ੍ਹਾਂ ਨੇ ਰਿਆਤ ਬਾਹੜਾ ਯੂਨੀਵਰਸਿਟੀ ਤੇ ਮਾਲਵਾ ਸੈਂਟਰਲ ਕਾਲਿਜ ਆਫ ਐਜੂਕੇਸ਼ਨ ਲੁਧਿਆਣਾ ਵਿੱਚ ਵੀ ਲੋਕ ਕਲਾ ਵਿਸ਼ੇ ਦਾ ਅਧਿਆਪਨ ਕੀਤਾ ਹੈ। 

ਗੁੱਡੀਆਂ ਪਟੋਲੇ ਸੀਰੀਜ਼ ਰਾਹੀਂ ਦੇਵਿੰਦਰ ਕੌਰ ਸਾਨੂੰ ਬਾਲ ਮਾਨਸਿਕਤਾ ਸੰਵਾਰਨ ਤਰਾਸ਼ਣ, ਆਪਣੇ ਚਾਵਾਂ, ਖ਼ੁਸ਼ੀਆਂ, ਉਮੰਗਾਂ ਤਰੰਗਾਂ ਨੂੰ ਸਥੂਲ ਰੂਪ ਵਿੱਚ ਵੇਖਣ ਦਾ ਮੌਕਾ ਦੇ ਰਹੀ ਹੈ। ਉਸ ਮੁਤਾਬਕ ਗੁੱਡੀਆਂ ਪਟੋਲੇ ਕੇਵਲ ਵਸਤ ਨਹੀਂ, ਜਿਉਂਦੇ ਜਾਗਦੇ ਸੁਪਨਿਆਂ ਦਾ ਸਾਕਾਰ ਸਰੂਪ ਹੁੰਦੇ ਹਨ। ਬਚਪਨ ਵੇਲੇ ਪੰਜਾਬ ਦੀਆਂ ਧੀਆਂ ਭੈਣਾਂ ਘਰਾਂ ਚ ਅਕਸਰ ਹੀ ਗੁੱਡੀਆਂ ਪਟੋਲੇ ਸਿਰਜਦੀਆਂ ਸਨ। ਇਸ ਪ੍ਰੋਗਰਾਮ ਦੇ ਸੰਯੋਜਕ ਡਾ. ਨਿਰਮਲ ਜੌੜਾ ਨੇ ਦੱਸਿਆ ਕਿ ਇਸ ਵੇਲੇ ਪੰਜਾਬ ਦੀਆਂ ਕੁਝ ਯੂਨੀਵਰਸਿਟੀਆਂ ਆਪਣੇ ਯੁਵਕ ਮੇਲਿਆਂ ਵਿੱਚ ਵੀ ਲੋਕ ਕਲਾ ਵੰਨਗੀਆਂ ਦੇ ਮੁਕਾਬਲੇ ਕਰਵਾ ਕੇ ਨੌਜਵਾਨ ਪੀੜ੍ਹੀ ਨੂੰ ਸਿਰਜਣਾਤਮਕ ਸੂਝ ਮੁਹੱਈਆ ਕਰਵਾ ਰਹੀਆਂ ਹਨ। 

ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਇਹ ਪ੍ਰਦਰਸ਼ਨੀ ਧਰਤੀ ਦੀਆਂ ਧੀਆਂ ਦੇ ਚਾਵਾਂ ਦੇ ਪਰਾਗਿਆਂ ਜਹੇ ਗੁੱਡੀਆਂ ਪਟੋਲੇ ਰਾਹੀਂ ਸਦੀਵ ਸਲਾਮਤੀ ਦਾ ਇਕਰਾਰਨਾਮਾ ਹੈ ਜਿਸ ਨਾਲ ਸਮਾਜ ਦੀ ਸੰਵੇਦਨਸ਼ੀਲਤਾ ਜਿਉਂਦੀ ਜਾਗਦੀ ਤੇ ਨਿਰੰਤਰ ਗਤੀਸ਼ੀਲ ਰਹੇਗੀ। ਪੰਜਾਬ ਆਰਟਸ ਕੌਂਸਲ ਦੇ ਸਕੱਤਰ ਜਨਰਲ ਡਾ: ਲਖਵਿੰਦਰ ਸਿੰਘ ਜੌਹਲ ਨੇ ਕਿਹਾ ਕਿ ਇਸ ਪ੍ਰਦਰਸ਼ਨੀ ਨੂੰ ਹਰ ਕਲਾ ਪ੍ਰੇਮੀ ਬਿਨਾ ਪਾਸ ਜਾਂ ਸੱਦੇ ਦੇ ਵੇਖਣ ਆ ਸਕਦਾ ਹੈ।