ਨਿਰਪੱਖ ਸਾਹਿਤਕਾਰ ਸੀ ਕਰਤਾਰ ਸਿੰਘ ਦੁੱਗਲ

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਕਰਤਾਰ ਸਿੰਘ ਦੁੱਗਲ ਦਾ ਜਨਮ ਪਿੰਡ ਧਮਾਲ ਜ਼ਿਲ੍ਹਾ ਰਾਵਲਪਿੰਡੀ (ਹੁਣ ਪਾਕਿਸਤਾਨ ਵਿਚ) ਵਿਖੇ 1 ਮਾਰਚ 1917 ਨੂੰ ਜੀਵਨ ਸਿੰਘ ਦੁੱਗਲ ਅਤੇ ਸਤਵੰਤ ਕੌਰ ਦੇ ਘਰ ਹੋਇਆ।

Kartar Singh Duggal

ਕਰਤਾਰ ਸਿੰਘ ਦੁੱਗਲ ਦਾ ਜਨਮ ਪਿੰਡ ਧਮਾਲ ਜ਼ਿਲ੍ਹਾ ਰਾਵਲਪਿੰਡੀ (ਹੁਣ ਪਾਕਿਸਤਾਨ ਵਿਚ) ਵਿਖੇ 1 ਮਾਰਚ 1917 ਨੂੰ ਜੀਵਨ ਸਿੰਘ ਦੁੱਗਲ ਅਤੇ ਸਤਵੰਤ ਕੌਰ ਦੇ ਘਰ ਹੋਇਆ। ਕਰਤਾਰ ਸਿੰਘ ਦੁੱਗਲ ਨੇ ਨਿੱਕੀ ਕਹਾਣੀ ਤੋਂ ਇਲਾਵਾ ਨਾਵਲ, ਨਾਟਕ, ਰੇਡੀਉ ਨਾਟਕ ਅਤੇ ਕਵਿਤਾ ਵੀ ਲਿਖੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅੰਗਰੇਜ਼ੀ ਵਿਚ ਅਨੁਵਾਦ ਵੀ ਕੀਤਾ। ਫਾਰਮਨ ਕ੍ਰਿਸਚੀਅਨ ਕਾਲਜ, ਲਾਹੌਰ ਤੋਂ ਐਮ.ਏ. (ਅੰਗਰੇਜ਼ੀ) ਕਰਨ ਤੋਂ ਬਾਅਦ ਦੁੱਗਲ ਨੇ ਅਪਣਾ ਪੇਸ਼ੇਵਰ ਜੀਵਨ ਆਲ ਇੰਡੀਆ ਰੇਡਿਉ ਤੋਂ ਸ਼ੁਰੂ ਕੀਤਾ ਸੀ। ਇਸ ਅਦਾਰੇ ਨਾਲ ਇਹ 1942 ਤੋਂ 1966 ਤਕ ਵੱਖ-ਵੱਖ ਅਹੁਦਿਆਂ 'ਤੇ ਰਹਿ ਕੇ ਕੰਮ ਕਰਦੇ ਰਹੇ ਅਤੇ ਸਟੇਸ਼ਨ ਡਾਇਰੈਕਟਰ ਬਣੇ।

ਇਸ ਦੌਰਾਨ ਉਨ੍ਹਾਂ ਨੇ ਪੰਜਾਬੀ ਅਤੇ ਹੋਰਨਾਂ ਭਾਸ਼ਾਵਾਂ ਵਿਚ ਪ੍ਰੋਗਰਾਮ ਬਣਾਉਣ ਦਾ ਕਾਰਜਭਾਰ ਨਿਭਾਇਆ। ਦੁੱਗਲ 1966 ਤੋਂ 1973 ਤਕ ਨੈਸ਼ਨਲ ਬੁੱਕ ਟਰੱਸਟ ਦੇ ਸਕੱਤਰ ਅਤੇ ਡਾਇਰੈਕਟਰ ਵੀ ਰਹੇ। ਉਨ੍ਹਾਂ ਨੇ ਸੂਚਨਾ ਅਡਵਾਈਜ਼ਰ ਵਜੋਂ ਮਨਿਸਟਰੀ ਆਫ਼ ਇਨਫ਼ਰਮੇਸ਼ਨ ਐਂਡ ਬਰਾਡਕਾਸਟਿੰਗ (ਪਲੈਨਿੰਗ ਕਮਿਸ਼ਨ) ਵਿਚ ਵੀ ਕੰਮ ਕੀਤਾ। ਉਹ ਰਾਜ ਸਭਾ ਦੇ ਮੈਂਬਰ ਵੀ ਰਹੇ। ਉਨ੍ਹਾਂ ਨੂੰ ਭਾਰਤ ਸਰਕਾਰ ਵਲੋਂ 1988 ਵਿਚ ਪਦਮ ਭੂਸ਼ਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਕਹਾਣੀ ਸੰਗ੍ਰਹਿ 'ਇਕ ਛਿੱਟ ਚਾਨਣ ਦੀ' ਲਈ ਸਾਹਿਤ ਅਕਾਦਮੀ ਐਵਾਰਡ, ਗਾਲਿਬ ਐਵਾਰਡ, ਸੋਵੀਅਤ ਲੈਂਡ ਐਵਾਰਡ, ਭਾਰਤੀ ਭਾਸ਼ਾ ਪ੍ਰੀਸ਼ਦ ਪੁਰਸਕਾਰ, ਭਾਈ ਮੋਹਣ ਸਿੰਘ ਵੈਦ ਅਵਾਰਡ, ਪੰਜਾਬੀ ਲੇਖਕ ਆਫ਼ ਦਾ ਮਿਲੇਨੀਅਮ ਐਵਾਰਡ, ਭਾਈ ਵੀਰ ਸਿੰਘ ਐਵਾਰਡ, ਪ੍ਰਮਾਣ ਪੱਤਰ ੰਪੰਜਾਬ ਸਰਕਾਰ ਆਦਿ ਮਾਣ ਸਨਮਾਨ ਵੀ ਸਮੇਂ ਸਮੇਂ ਮਿਲੇ।

ਕਰਤਾਰ ਸਿੰਘ ਦੁੱਗਲ ਪਾਠਕ ਨੂੰ ਅਪਣੇ ਨਾਲ ਲੈ ਤੁਰਦਾ ਸੀ, ਅਪਣੀ ਉਂਗਲ ਫੜਾ ਕੇ। ਉਹ ਕਿਸੇ ਇਕੱਲੇ ਕੰਵਾਰੇ ਨੂੰ ਪੌੜੀਆਂ ਚੜ੍ਹਨ ਵਾਲਿਆਂ ਬੰਦਿਆਂ ਦੇ ਪੈਰਾਂ ਦੀ ਚਾਪ ਸੁਣਾ ਰਿਹਾ ਹੁੰਦਾ ਜਾਂ ਸੂਟ ਦਾ ਮੇਚਾ ਦਿੰਦੀ ਤ੍ਰੀਮਤ ਨੂੰ ਦਰਜ਼ੀ ਦੀਆਂ ਉਂਗਲਾਂ ਦੀ ਛੋਹ ਦਾ ਸੁਆਦ ਦੁਆ ਰਿਹਾ ਹੁੰਦਾ। ਅਪਣੇ ਪਾਠਕ ਨੂੰ ਭੱਜਣ ਨਹੀਂ ਸੀ ਦਿੰਦਾ। ਉਸ ਨੇ ਅਪਣੀਆਂ ਕਹਾਣੀਆਂ ਵਿਚ ਅੱਗ ਖਾਣ ਵਾਲਿਆਂ ਦੇ ਅੰਗਿਆਰ ਵੀ ਪੇਸ਼ ਕੀਤੇ ਸਨ ਅਤੇ ਕਰਾਮਾਤਾਂ ਵਿਚ ਵਿਸ਼ਵਾਸ ਵੀ। ਦੁੱਗਲ ਸਾਹਿਤ-ਸਿਰਜਣਾ ਵਿਚ ਬਹੁ-ਭਾਂਤੀ ਵੀ ਸੀ ਅਤੇ ਬਹੁ-ਰੂਪੀ ਵੀ। ਕਵਿਤਾ, ਕਹਾਣੀ, ਨਾਵਲ, ਨਾਟਕ, ਆਲੋਚਨਾ ਤੇ ਇਤਿਹਾਸਕਾਰੀ ਉਸ ਨੇ ਹਰ ਵਿਧਾ ਵਿਚ ਰਚਨਾ ਕੀਤੀ। ਗੁਰੂ ਗ੍ਰੰਥ ਸਾਹਿਬ ਦਾ ਅੰਗਰੇਜ਼ੀ ਅਨੁਵਾਦ ਉਸ ਦੀ ਰਚਨਾਕਾਰੀ ਦੀ ਸਿਖਰ ਹੈ।

ਪੰਜਾਬੀ ਸਾਹਿਤ ਵਿਚ ਉਸ ਦੀ ਪਛਾਣ ਉਸ ਦੇ ਕਹਾਣੀ ਸੰਗ੍ਰਹਿ 'ਸਵੇਰ ਸਾਰ' ਨਾਲ ਹੋਈ। ਇਸ ਸੰਗ੍ਰਹਿ ਦਾ ਨਾਂ ਉਸ ਦੀ ਪ੍ਰਸਿੱਧ ਕਹਾਣੀ 'ਸਵੇਰ ਸਾਰ' ਉੱਤੇ ਹੀ ਸੀ, ਜਿਹੜੀ ਛਪਦੇ ਸਾਰ ਹੀ ਤਿੱਖੀ ਚਰਚਾ ਦਾ ਵਿਸ਼ਾ ਬਣੀ। ਇਸ ਕਹਾਣੀ ਦਾ ਵਿਸ਼ਾ-ਵਸਤੂ ਅਤੇ ਚਿਹਰਾ-ਮੋਹਰਾ ਪਛਮੀ ਸੀ। ਇਸ ਉੱਤੇ ਕਿਸੇ ਹੱਦ ਤਕ ਅਸ਼ਲੀਲ ਹੋਣ ਦਾ ਵੀ ਦੋਸ਼ ਲਗਿਆ, ਜਿਹੜਾ ਕਿ ਕਰਤਾਰ ਸਿੰਘ ਦੁੱਗਲ ਦੀਆਂ ਮੁਢਲੀਆਂ ਰਚਨਾਵਾਂ ਉੱਤੇ ਲਗਦਾ ਹੀ ਚਲਾ ਗਿਆ। ਵਾਸਨਾ ਨਾਲ ਸਬੰਧਤ ਛੋਹਾਂ ਵਾਲੀਆਂ ਇਹ ਕਹਾਣੀਆਂ ਬਹੁਤ ਮਕਬੂਲ ਹੋਈਆਂ, ਜਿਸ ਨੂੰ ਪ੍ਰਗਤੀਵਾਦੀ ਧਾਰਨਾ ਵਾਲੇ ਕੁੱਝ ਲੋਕਾਂ ਨੇ ਤਾਂ ਪ੍ਰਵਾਨ ਕਰ ਲਿਆ ਪਰ ਸਾਰਿਆਂ ਨੇ ਨਹੀਂ। ਇਸ ਸੱਭ ਕੁੱਝ ਦੇ ਬਾਵਜੂਦ ਕਰਤਾਰ ਸਿੰਘ ਦੁੱਗਲ ਬੇ-ਰੋਕ ਲਿਖਦਾ ਰਿਹਾ।

ਚੀਜ਼ਾਂ ਅਤੇ ਘਟਨਾਵਾਂ ਨੂੰ ਇਤਿਹਾਸਕ ਪ੍ਰਸੰਗ ਵਿਚ ਵੇਖਣਾ ਅਤੇ ਵਰਤਮਾਨ ਉੱਤੇ ਪੱਖ ਲਏ ਬਿਨਾਂ ਟਿਪਣੀ ਕਰਨਾ ਦੁੱਗਲ ਦੀ ਕਲਾ ਦਾ ਕਮਾਲ ਸੀ। ਉਹ ਭਾਵੇਂ ਮੂਲ ਰੂਪ ਵਿਚ ਪੰਜਾਬੀ ਦਾ ਲੇਖਕ ਹੈ ਪਰ ਉਸ ਨੇ ਸ਼ੁਰੂ ਵਿਚ ਕੁੱਝ ਕਹਾਣੀਆਂ ਉਰਦੂ ਅਤੇ ਅੰਗਰੇਜ਼ੀ ਵਿਚ ਵੀ ਲਿਖੀਆਂ ਅਤੇ ਹੁਣ ਤਕ ਉਹ ਪੰਜਾਬੀ, ਹਿੰਦੀ, ਉਰਦੂ ਅਤੇ ਅੰਗਰੇਜ਼ੀ ਵਿਚ ਚੰਗਾ ਸਾਹਿਤਕਾਰ ਪ੍ਰਵਾਨ ਹੋ ਚੁੱਕਿਆ ਹੈ। ਸਾਹਿਤ ਦੇ ਖੇਤਰ ਵਿਚ ਨਿਰਪੱਖ ਹੋ ਕੇ ਵਿਚਰਨ ਵਾਲਿਆਂ ਵਿਚ ਦੁੱਗਲ ਦਾ ਨਾਂ ਸਿਖਰ ਉੱਤੇ ਆਉਂਦਾ ਹੈ। ਸਹਿਜ, ਸਲੀਕਾ ਅਤੇ ਨਿਰਪੱਖਤਾ ਦੁੱਗਲ ਦੇ ਮੋਢੀ ਗੁਣ ਸਨ। ਇਨ੍ਹਾਂ ਗੁਣਾਂ ਸਦਕਾ ਦੁੱਗਲ ਬਾਹਰੋਂ ਵੀ ਓਨਾ ਖ਼ੂਬਸੂਰਤ ਸੀ, ਜਿੰਨਾ ਅੰਦਰੋਂ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ