ਨਵਜੋਤ ਸਿੰਘ ਸਿੱਧੂ ਤੇ ਡਿਪਟੀ CM ਦਾ ਕੋਈ ਪ੍ਰਸਤਾਵ ਨਹੀਂ : ਆਸ਼ਾ ਕੁਮਾਰੀ

ਸਪੋਕਸਮੈਨ ਸਮਾਚਾਰ ਸੇਵਾ

ਕੈਬਨਿਟ ਵਿਸਥਾਰ ਦਾ ਅਧਿਕਾਰ ਹਾਈਕਮਾਨ ਕੋਲ

Asha Kumari

ਚੰਡੀਗੜ੍ਹ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਵਿਚ ਨਵਾਂ ਉਪ ਮੁੱਖ ਮੰਤਰੀ ਲਗਾਏ ਜਾਣ ਦੀ ਮੰਗ ਨੂੰ ਪੰਜਾਬ ਕਾਂਗਰਸ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਨੇ ਨਕਾਰ ਦਿਤਾ ਹੈ। ਆਸ਼ਾ ਕੁਮਾਰੀ ਨੇ ਦਸਿਆ ਕਿ ਸੂਬੇ ਵਿਚ ਫ਼ਿਲਹਾਲ ਕਿਸੇ ਨੂੰ ਉਪ ਮੁੱਖ ਮੰਤਰੀ ਨਹੀਂ ਲਗਾਇਆ ਜਾ ਰਿਹਾ। ਪਾਰਟੀ ਹਾਈਕਮਾਨ ਇਸ ਉਤੇ ਕੋਈ ਵਿਚਾਰ ਨਹੀਂ ਕਰ ਰਹੀ।

ਜਦੋਂ ਪੰਜਾਬ ਕਾਂਗਰਸ ਮਾਮਲਿਆਂ ਦੀ ਇੰਚਾਰਜ ਨੂੰ ਪੁੱਛਿਆ ਗਿਆ ਕਿ ਵਿਧਾਇਕ ਨਵਜੋਤ ਸਿੱਧੂ ਨੂੰ ਉਪ ਮੁੱਖ ਮੰਤਰੀ ਲਗਾਉਣ ਦੀ ਮੰਗ ਕਰ ਰਹੇ ਹਨ ਅਤੇ ਪ੍ਰਤਾਪ ਬਾਜਵਾ ਨੇ ਸਲਾਹ ਦਿਤੀ ਹੈ ਕਿ ਸੂਬੇ ਵਿਚ 3 ਡਿਪਟੀ ਮੁੱਖ ਮੰਤਰੀ ਬਣਾਏ ਜਾਣ ਤਾਂ ਇਸ ਬਾਰੇ ਆਸ਼ਾ ਕੁਮਾਰੀ ਨੇ ਕਿਹਾ ਕਿ ਡਿਪਟੀ ਲਗਾਉਣਾ ਪਾਰਟੀ ਆਲਾਕਮਾਨ ਦੇ ਅਧਿਕਾਰ ਖੇਤਰ ਵਿਚ ਆਉਂਦਾ ਹੈ।

ਉਹਨਾਂ ਕਿਹਾ ਅਜਿਹੀ ਕੋਈ ਚਰਚਾ ਆਲਾਕਮਾਨ ਨਹੀਂ ਕਰ ਰਿਹਾ ਪੰਜਾਬ ਵਿਚ ਨਵਜੋਤ ਸਿੱਧੂ ਜਾਂ ਕਿਸੇ ਹੋਰ ਨੂੰ ਡਿਪਟੀ ਸੀ.ਐਮ ਬਣਾਏ ਜਾਣ ਜਾਂ ਵਜ਼ਾਰਤੀ ਰੱਦੋਬਦਲ ਦੀ ਫ਼ਿਲਹਾਲ ਕੋਈ ਤਜਵੀਜ਼ ਨਹੀਂ ਹੈ। ਹਾਈ ਕਮਾਂਡ ਪੱਧਰ 'ਤੇ ਅਜਿਹੀ ਕੋਈ ਚਰਚਾ ਨਹੀਂ ਹੈ। ਇਹ ਸਪੱਸ਼ਟੀਕਰਨ ਪੰਜਾਬ ਕਾਂਗਰਸ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਨੇ ਦਿਤਾ ਹੈ।

ਪਿਛਲੇ ਕੁੱਝ ਦਿਨਾਂ ਤੋਂ ਨਵਜੋਤ ਸਿੱਧੂ ਨੂੰ ਉਪ ਮੁੱਖ ਮੰਤਰੀ ਬਣਾਏ ਜਾਣ ਅਤੇ ਦਲਿਤ ਉਪ ਮੁੱਖ ਮੰਤਰੀ ਬਣਾਏ ਜਾਣ ਦੀ ਉਠ ਰਹੀ ਮੰਗ ਬਾਰੇ ਉਨ੍ਹਾਂ ਕਿਹਾ ਕਿ ਅਜੇ ਤਕ ਕੋਈ ਅਜਿਹਾ ਵਿਚਾਰ ਨਹੀਂ ਹੋ ਰਿਹਾ। ਕਿਸੇ ਦੇ ਮੰਗ ਕਰਨ ਨਾਲ ਕੋਈ ਫ਼ਰਕ ਨਹੀਂ ਪੈਂਦਾ। ਆਸ਼ਾ ਕੁਮਾਰੀ ਨੇ ਕਿਹਾ ਕਿ ਡਿਪਟੀ ਸੀ. ਐੱਮ. ਬਣਾਉਣ ਅਤੇ ਵਜ਼ਾਰਤੀ ਵਾਧੇ ਦਾ ਅੰਤਮ ਅਧਿਕਾਰ ਪਾਰਟੀ ਹਾਈ ਕਮਾਂਡ ਭਾਵ ਸੋਨੀਆ ਗਾਂਧੀ ਕੋਲ ਹੈ ਅਤੇ ਹਾਈ ਕਮਾਂਡ ਪੱਧਰ 'ਤੇ ਇਸ ਸਬੰਧੀ ਕੋਈ ਵਿਚਾਰ-ਚਰਚਾ ਨਹੀਂ ਹੋਈ।

ਉਨ੍ਹਾਂ ਕਿਹਾ ਕਿ ਪੰਜਾਬ ਵਜ਼ਾਰਤ ਵਿਚ ਇਕ ਜਗ੍ਹਾ ਖ਼ਾਲੀ ਹੈ, ਇਸ ਨੂੰ ਪੁਰ ਕਰਨ ਲਈ ਜਦੋਂ ਸੋਨੀਆ ਗਾਂਧੀ ਅਤੇ ਕੈਪਟਨ ਅਮਰਿੰਦਰ ਸਿੰਘ ਮਿਲ ਕੇ ਵਿਚਾਰ ਕਰਨਗੇ ਤਾਂ ਇਸ ਬਾਰੇ ਕੋਈ ਫ਼ੈਸਲਾ ਲਿਆ ਜਾਵੇਗਾ ਪਰ ਹਾਲ ਦੀ ਘੜੀ ਇਸ ਬਾਰੇ ਵੀ ਕੋਈ ਚਰਚਾ ਨਹੀਂ ਹੋਈ।

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਹਲਕਾ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਕ ਬਿਆਨ 'ਚ ਕਿਹਾ ਸੀ ਕਿ ਕੈਬਨਿਟ ਦਾ ਵਿਸਥਾਰ ਮੈਰਿਟ ਦੇ ਆਧਾਰ 'ਤੇ ਹੋਣੀ ਚਾਹੀਦੀ ਹੈ ਤੇ ਉਨ੍ਹਾਂ ਇਸ਼ਾਰਿਆਂ ਹੀ ਇਸ਼ਾਰਿਆਂ 'ਚ ਨਵਜੋਤ ਸਿੱਧੂ ਨੂੰ ਉਪ ਮੁੱਖ ਮੰਤਰੀ ਬਣਾਉਣ ਦਾ ਸਮਰਥਨ ਵੀ ਕੀਤਾ ਸੀ।