ਬਨਵਾਸ (ਭਾਗ 2)

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਦੱਬੇ ਪੈਰ ਉਠਦੀ ਹਾਂ। ਘਰ ਦੀਆਂ ਕੰਧਾਂ-ਖੂੰਜੇ ਕਾਲਜੇ 'ਚ ਛੁਰੀਆਂ ਮਾਰਨ ਲਗਦੇ ਹਨ। ਅੰਧਕਾਰ 'ਚ ਡੁਬਿਆ ਘਰ ਦਾ ਉਹ ਖੂੰਜਾ ਦਿਸਦਾ ਹੈ ਜਿਥੇ ਵੈਰੀਆਂ ਦੀਆਂ ਛੁਰੀਆਂ ਦੇ...

mother son

ਦੱਬੇ ਪੈਰ ਉਠਦੀ ਹਾਂ। ਘਰ ਦੀਆਂ ਕੰਧਾਂ-ਖੂੰਜੇ ਕਾਲਜੇ 'ਚ ਛੁਰੀਆਂ ਮਾਰਨ ਲਗਦੇ ਹਨ। ਅੰਧਕਾਰ 'ਚ ਡੁਬਿਆ ਘਰ ਦਾ ਉਹ ਖੂੰਜਾ ਦਿਸਦਾ ਹੈ ਜਿਥੇ ਵੈਰੀਆਂ ਦੀਆਂ ਛੁਰੀਆਂ ਦੇ ਵਿੰਨ੍ਹੇ ਜਸਵੀਰ ਦਾ ਅੰਤਿਮ ਇਸ਼ਨਾਨ ਕਰਵਾਇਆ ਗਿਆ ਸੀ। ਕਿੰਨੀ ਵਾਰੀ ਮਨ 'ਚ ਆਇਆ ਘਰ ਦੇ ਇਸ ਮਨਹੂਸ ਖੂੰਜੇ ਦਾ ਹੁਲੀਆ ਬਦਲ ਦੇਵਾਂ। ਫਿਰ ਸੋਚਦੀ ਹਾਂ ਜਸਵੀਰ ਦੀਆਂ ਪੈੜਾਂ ਕਿਥੋਂ ਕਿਥੋਂ ਮਿਟਾਵਾਂਗੀ? ਖੁਰਲੀ ਉਤੇ ਬੱਝੀ ਮੱਝ ਮੈਨੂੰ ਵੇਖ ਕੇ ਫੁੰਕਾਰਾ ਮਾਰਦੀ ਹੈ। ਪੁਰਲੀ ਮਾਰ ਕੇ ਉਠਦੀ ਹੈ। ਮੱਝ ਦੇ ਸੰਗਲ ਦੀ ਖਣਕਾਰ ਨਾਲ ਬਾਹਰਲੀ ਬੈਠਕ 'ਚ ਪਿਆ ਜਸਵੀਰ ਦਾ ਬਾਪੂ ਯਾਨੀ ਕਿ ਮੇਰਾ ਸਹੁਰਾ ਖੰਘਦਾ ਹੈ।

ਪਹਿਲਾਂ ਉਹ ਮਾੜਾ ਜਿਹਾ ਖੜਕਾ ਹੋਏ ਤੋਂ ਉਠਦਾ, ਦੁਨਾਲੀ ਚੁੱਕ ਕੇ ਗੇੜਾ ਮਾਰਦਾ। ਪਰ ਹੁਣ ਇਹ ਬੰਦਾ ਗਦੂਦਾਂ ਦੀ ਬਿਮਾਰੀ ਕਾਰਨ ਨਿਢਾਲ ਪਿਆ ਹੈ। ਮੇਰੇ ਵੀ ਨੱਕੋਂ ਬੁੱਲ੍ਹੋਂ ਲਹਿ ਗਿਆ ਹੈ। ਘਰ ਬਿਖਰ ਜਾਣ ਕਰ ਕੇ ਇਹ ਬੰਦਾ ਵੀ ਮਾਮੂਲੀ ਬਿਮਾਰੀ ਨਾਲ ਮਰ ਜਾਵੇਗਾ। ਕਿਸੇ ਨੂੰ ਇਸ ਦੀ ਪ੍ਰਵਾਹ ਨਹੀਂ। ਉਸ ਦੇ ਫਿਰ ਕਰੁੰਗਣ ਦੀ ਆਵਾਜ਼ ਆਉਂਦੀ ਹੈ। ਕਈ ਦਿਨਾਂ ਤੋਂ ਬੀਜੀ ਮੇਰੇ ਨਾਲ ਰੁੱਸ ਕੇ ਪੇਕੇ ਜਾ ਵੜੀ ਹੈ। ਪਿਛਲੇ ਪੰਜ ਦਿਨਾਂ ਤੋਂ ਇਹ ਬੰਦਾ ਇਸੇ ਤਰ੍ਹਾਂ ਹੀ ਤੜਫ਼ ਰਿਹਾ ਹੈ। ਕਿੰਨੇ ਚੰਦਰੇ ਦਿਨਾਂ ਵਿਚੋਂ ਲੰਘ ਰਿਹਾ ਹੈ ਇਹ ਘਰ ਅਤੇ ਇਸ ਦੇ ਜੀਅ। ਮੇਰੇ ਪੈਰਾਂ ਦੀ ਉਸ ਨੂੰ ਬਿੜਕ ਆਈ ਹੈ।

ਘੱਗੀ ਆਵਾਜ਼ 'ਚ ਬੋਲਦਾ ਹੈ, ''ਕਿਹੜਾ ਬਈ?'' ਮੈਂ ਕੋਈ ਜਵਾਬ ਨਹੀਂ ਦਿੰਦੀ। ਮੈਂ ਉਸ ਨੂੰ ਬੁਲਾਉਣਾ ਚਿਰੋਕਣਾ ਛੱਡ ਦਿਤਾ ਹੈ। ''ਬਲਕਾਰ ਹਾਲੇ ਆਇਆ 'ਨੀਂ?'' ਫਿਰ ਮਰੀਅਲ ਜਿਹੀ ਆਵਾਜ਼ ਆਉਂਦੀ ਹੈ। ਦੁਨਾਲੀ ਦੀ ਕੜੱਚ ਕੜੱਚ ਸੁਣਦੀ ਹੈ। ਮੇਰੀ ਖਿੱਝ ਹੋਰ ਵੱਧ ਜਾਂਦੀ ਹੈ। ਵੱਡਾ ਆਇਆ ਬਲਕਾਰ ਦਾ ਵਾਲੀ ਵਾਰਸ। ਘਰ ਦਾ ਤੁਹਾਨੂੰ ਦੋਹਾਂ ਜੀਆਂ ਨੂੰ ਬੜਾ ਫ਼ਿਕਰ ਸੀ? ਉਸ ਨੂੰ ਖੰਘ ਛਿੜ ਜਾਂਦੀ ਹੈ। ਜੇ ਕੁੱਝ ਹੋਰ ਪੁੱਛਦਾ, ਮੇਰੇ ਕੋਲੋਂ ਕੁੱਝ ਬੋਲਿਆ ਨਹੀਂ ਜਾਣਾ ਸੀ। ਇਸ ਬੰਦੇ ਨੇ ਛੁਟਕਾਰਾ ਪਾ ਜਾਣਾ ਹੈ, ਪਰ ਮੇਰੇ ਅੱਗੇ ਪਹਾੜ ਜਿੱਡੀ ਜ਼ਿੰਦਗੀ ਖੜੀ ਹੈ। ਕਿੱਧਰ ਗਈ ਸੀ ਉਦੋਂ ਇਸ ਦੀ ਦੁਨਾਲੀ ਜਦੋਂ ਵੈਰੀਆਂ ਨੇ ਜਸਵੀਰ ਨੂੰ ਛੁਰੀਆਂ ਨਾਲ ਵਿੰਨ੍ਹ ਧਰਿਆ ਸੀ?

ਜ਼ਮੀਨ ਦੇ ਇਕ ਟੁਕੜੇ ਪਿੱਛੇ ਢਿੱਗ ਵਰਗਾ ਪੁੱਤਰ ਮਰਵਾ ਕੇ, ਦੁਸ਼ਮਣਾਂ ਨੂੰ ਹਾਈ ਕੋਰਟ 'ਚੋਂ ਉਮਰ ਕੈਦ ਠੁਕਵਾ, ਹੁਣ ਇਹ ਦਰਦਾਂ ਦਾ ਭੰਨਿਆ ਇਸ ਬੈਠਕ ਜੋਗਾ ਰਹਿ ਗਿਆ ਹੈ। ਰੱਬੀ ਮਾਰ ਪਈ ਹੁੰਦੀ ਤਾਂ ਮੈਂ ਭਾਣਾ ਮੰਨ ਕੇ, ਰੋ ਕੇ, ਸਬਰ ਕਰ ਕੇ ਦਿਨ ਕੱਟ ਲੈਂਦੀ। ਦੋਵੇਂ ਪਿਉੁ-ਪੁੱਤਰਾਂ ਨੇ ਲੜਾਈ ਮੁੱਲ ਲਈ। ਕਿਸੇ ਦੀ ਰੁੱਸੀ ਹੋਈ ਬੁੜੀ ਤੋਂ ਦੋ ਕਿੱਲੇ ਜ਼ਮੀਨ ਅਪਣੇ ਨਾਂ ਸਸਤੇ ਭਾਅ ਰਜਿਸਟਰੀ ਕਰਵਾ ਲਈ। ਉਨ੍ਹਾਂ ਪੰਚਾਇਤ ਕੀਤੀ। ਇਨ੍ਹਾਂ ਦੇ ਪੈਰੀਂ ਹੱਥ ਵੀ ਲਾਏ। ਵੱਧ ਪੈਸੇ ਲਾ ਕੇ ਰਜਿਸਟਰੀ ਤੁੜਵਾ ਲੈਣ ਲਈ ਮਿਨਤਾਂ ਕੀਤੀਆਂ। ਉਹ ਜਿੰਨਾ ਲਿਫ਼ਦੇ ਗਏ, ਇਹ ਦੋਵੇਂ ਪਿਉ-ਪੁੱਤਰ ਓਨਾ ਹੀ ਵਿਗੜਦੇ ਗਏ। (ਸੁਖਦੇਵ ਸਿੰਘ ਮਾਨ)  ਸੰਪਰਕ : 94170-59142