ਮੌਸਮ ਨੇ ਮੁੜ ਬਦਲੀ ਕਰਵਟ : ਆਉਂਦੇ ਦੋ ਦਿਨਾਂ ਦੌਰਾਨ ਪੈ ਸਕਦੈ ਮੀਂਹ!

ਏਜੰਸੀ

ਅਗਲੇ ਦੋ ਦਿਨ ਤੇਜ਼ ਹਵਾਵਾਂ ਚਲਦੀਆਂ ਰਹਿਣਗੀਆਂ

file photo

ਚੰਡੀਗੜ੍ਹ : ਮੌਸਮ ਇਕ ਵਾਰ ਫਿਰ ਸੁਹਾਵਣਾ ਹੋਣ ਦੀ ਸੰਭਾਵਨਾ ਬਣ ਰਹੀ ਹੈ। ਬੀਤੇ ਕਈ ਦਿਨਾਂ ਤੋਂ ਦਿਨ ਵੇਲੇ ਵੱਧ ਰਹੇ ਪਾਰੇ 'ਚ ਹੁਣ ਆਉਂਦੇ ਦਿਨਾਂ 'ਚ ਗਿਰਾਵਟ ਦਰਜ ਕੀਤੀ ਜਾਵੇਗੀ ਅਤੇ ਲੋਕਾਂ ਨੂੰ ਜਿਹੜੀ ਤਪਸ਼ ਮਹਿਸੂਸ ਹੋਣ ਲੱਗੀ ਸੀ, ਉਹ ਮੁੜ ਤੋਂ ਠੰਢ 'ਚ ਤਬਦੀਲ ਹੋ ਜਾਵੇਗੀ। ਇਹ ਕਹਿਣਾ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੇ ਵਿਗਿਆਨੀ ਡਾ. ਕੁਲਵਿੰਦਰ ਕੌਰ ਦਾ।

ਉਨ੍ਹਾਂ ਦਸਿਆ ਕਿ ਆਉਂਦੇ ਦਿਨਾਂ 'ਚ ਜਿੱਥੇ ਤੇਜ਼ ਹਵਾਵਾਂ ਚਲਣਗੀਆਂ, ਉਥੇ ਹੀ ਦੂਜੇ ਪਾਸੇ 21-22 ਫ਼ਰਵਰੀ ਨੂੰ ਪੰਜਾਬ ਦੇ ਕਈ ਹਿੱਸਿਆਂ 'ਚ ਹਲਕਾ ਮੀਂਹ ਵੀ ਪੈ ਸਕਦਾ ਹੈ, ਜਿਸ ਨਾਲ ਦਿਨ ਦੇ ਪਾਰੇ 'ਚ ਗਿਰਾਵਟ ਦਰਜ ਹੋਵੇਗੀ ਅਤੇ ਲੋਕਾਂ ਨੂੰ ਮੁੜ ਠੰਢ ਮਹਿਸੂਸ ਹੋਣ ਲੱਗੇਗੀ। ਡਾ. ਕੁਲਵਿੰਦਰ ਕੌਰ ਨੇ ਕਿਹਾ ਕਿ ਤਾਪਮਾਨ 'ਚ ਗਿਰਾਵਟ ਫ਼ਸਲਾਂ ਅਤੇ ਖ਼ਾਸ ਕਰ ਕੇ ਕਣਕ ਲਈ ਲਾਹੇਵੰਦ ਸਾਬਤ ਹੋਵੇਗੀ।

ਉਨ੍ਹਾਂ ਦਸਿਆ ਕਿ ਫ਼ਰੈੱਸ਼ ਵੈਸਟਰਨ ਡਿਸਟਰਬੈਂਸ ਕਾਰਨ ਮੌਸਮ 'ਚ ਇਹ ਤਬਦੀਲੀ ਆਵੇਗੀ, ਹਾਲਾਂਕਿ ਪਾਰੇ 'ਚ ਗਿਰਾਵਟ ਆਉਣਾ ਫ਼ਸਲਾਂ ਲਈ ਲਾਹੇਵੰਦ ਸਾਬਤ ਹੋਵੇਗਾ ਕਿਉਂਕਿ ਕਣਕ ਦੀ ਫ਼ਸਲ ਲਈ ਠੰਢਾ ਮੌਸਮ ਕਾਫ਼ੀ ਚੰਗਾ ਹੁੰਦਾ ਹੈ।

ਡਾ. ਕੁਲਵਿੰਦਰ ਕੌਰ ਗਿੱਲ ਨੇ ਦਸਿਆ ਕਿ ਇਸ ਸਾਲ ਕਣਕ ਦੀ ਫ਼ਸਲ ਚੰਗੀ ਰਹਿਣ ਦੀ ਸੰਭਾਵਨਾ ਹੈ ਅਤੇ ਅਜਿਹੇ 'ਚ ਜੇਕਰ ਪਾਰਾ ਇਕਦਮ ਵਧ ਜਾਂਦਾ ਹੈ ਤਾਂ ਕਣਕ ਜਾਂ ਸਰ੍ਹੋਂ ਦੀ ਫ਼ਸਲ ਪੀਲੀ ਪੈ ਜਾਣੀ ਸੀ। ਉਨ੍ਹਾਂ ਕਿਹਾ ਕਿ ਹੁਣ ਵੈਸਟਰਨ ਡਿਸਟਰਬੈਂਸ ਨਾਲ ਇਹ ਖ਼ਤਰਾ ਟਲ ਜਾਵੇਗਾ।

ਇਹ ਸੰਭਾਵਨਾ ਇਸ ਲਈ ਵੀ ਬਣ ਰਹੀ ਹੈ ਕਿਉਂਕਿ 18 ਫ਼ਰਵਰੀ ਦੀ ਅੱਧੀ ਰਾਤ ਨੂੰ ਹੀ ਬੱਦਲਬਾਈ ਹੋਣੀ ਸ਼ੁਰੂ ਹੋ ਗਈ ਸੀ ਤੇ ਅੱਜ ਭਾਵ 19 ਫ਼ਰਵਰੀ ਨੂੰ ਵੀ ਦਿਨ ਭਰ ਬੱਦਲ ਛਾਏ ਰਹੇ ਤੇ ਤੇਜ਼ ਹਵਾਵਾਂ ਚਲਦੀਆਂ ਰਹੀਆਂ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਜੇਕਰ ਆਉਣ ਵਾਲੇ 4-5 ਦਿਨਾਂ 'ਚ ਮੀਂਹ ਨਾ ਪਿਆ ਤਾਂ ਗਰਮੀ ਫ਼ਰਵਰੀ ਦੇ ਆਖ਼ਰ ਤਕ ਹੀ ਸਤਾਉਣ ਲੱਗ ਜਾਵੇਗੀ। ਉਂਜ ਪੱਛਮੀ ਗੜਬੜੀ ਕਾਰਨ ਆਉਣ ਵਾਲੇ 5 ਦਿਨਾਂ 'ਚ ਮੀਂਹ ਦੀ ਸੰਭਾਵਨਾ ਹੈ।