ਤਵਿਆਂ 'ਚ ਸਭਿਆਚਾਰਕ ਖ਼ਜ਼ਾਨਾ ਸੰਭਾਲੀ ਬੈਠੇ ਹਨ ਅਵਤਾਰ ਅਤੇ ਬਲਜੀਤ

ਸਪੋਕਸਮੈਨ ਸਮਾਚਾਰ ਸੇਵਾ

ਜਾਗਦੇ ਰਹੋ ਦਾ ਹੋਕਾ ਦੇਣ ਵਾਲੇ ਸਭਿਆਚਾਰ ਦੇ ਅਸਲੀ ਵਾਰਸਾਂ ਵਿਚੋਂ ਸਾਹਮਣੇ ਆਈ ਹੈ, ਅਵਤਾਰ ਸਿੰਘ ਟੰਡਨ ਤੇ ਬਲਜੀਤ ਸਿੰਘ ਟੰਡਨ ਭਤੀਜੇ ਤੇ ਚਾਚੇ ਦੀ ਇਕ ਜੋੜੀ।

Avtar and Baljit

ਨਵੀਆਂ ਉਠ ਰਹੀਆਂ ਕੱਚ-ਘਰੜ ਕਲਮਾਂ, ਅਵਾਜ਼ਾਂ ਤੇ ਸੁਰਾਂ, ਪੰਜਾਬੀ ਮਾਂ-ਬੋਲੀ ਅਤੇ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਦੀ ਬਜਾਏ ਜਿਵੇਂ ਨਸ਼ਿਆਂ, ਅਸ਼ਲੀਲਤਾ ਅਤੇ ਹਥਿਆਰਾਂ ਨੂੰ ਪ੍ਰਮੋਟ ਕਰਨ 'ਤੇ ਤੁਲੀਆਂ ਹੋਈਆਂ ਹਨ, ਜਿਸ ਨਾਲ ਹੁਣ ਤਕ ਸਾਡੇ ਸਾਹਿਤ ਤੇ ਸਭਿਆਚਾਰ ਦਾ ਉਕਾ ਹੀ ਭੱਠਾ ਬੈਠ ਗਿਆ ਹੁੰਦਾ ਜੇਕਰ ਤਵਿਆਂ ਦੇ ਗੀਤਾਂ ਦੇ ਰੂਪ ਵਿਚ ਸਭਿਆਚਾਰਕ ਖ਼ਜ਼ਾਨਾ ਸੰਭਾਲੀ ਬੈਠੇ ਕਲਾ ਦੇ ਪੁਜਾਰੀ ਨਾ ਹੁੰਦੇ।

ਹੁਣ ਤਕ ਸਾਰਾ ਉਥਲ-ਪੁਥਲ ਹੋ ਗਿਆ ਹੁੰਦਾ ਜੇਕਰ ਅਪਣੇ ਤਵਿਆਂ ਦੇ ਪੁਰਾਣੇ ਗੀਤਾਂ ਨੂੰ ਸੋਸ਼ਲ-ਮੀਡੀਆ 'ਤੇ ਪਾ ਕੇ ਅੱਜ ਕੁਰਾਹੇ ਪੈ ਰਹੇ ਲੋਕਾਂ ਨੂੰ ਜਗਾਉਣ ਦਾ ਹੋਕਾ ਦੇਣ ਦਾ ਕਾਰਜ ਉਹ ਨਾ ਕਰ ਰਹੇ ਹੁੰਦੇ। ਜਾਗਦੇ ਰਹੋ ਦਾ ਹੋਕਾ ਦੇਣ ਵਾਲੇ ਸਭਿਆਚਾਰ ਦੇ ਅਸਲੀ ਵਾਰਸਾਂ ਵਿਚੋਂ ਸਾਹਮਣੇ ਆਈ ਹੈ, ਅਵਤਾਰ ਸਿੰਘ ਟੰਡਨ ਤੇ ਬਲਜੀਤ ਸਿੰਘ ਟੰਡਨ ਭਤੀਜੇ ਤੇ ਚਾਚੇ ਦੀ ਇਕ ਜੋੜੀ।

ਚੰਡੀਗੜ੍ਹ ਨੇੜੇ ਹਰਿਆਣਾ ਦੇ ਜ਼ਿਲ੍ਹਾ ਪੰਚਕੂਲਾ ਵਿਚ ਪੈਂਦੇ ਪਿੰਡ ਮਾਣਕਿਆਂ ਦੇ ਵਸਨੀਕ ਅਵਤਾਰ ਸਿੰਘ ਟੰਡਨ ਤੇ ਬਲਜੀਤ ਸਿੰਘ ਟੰਡਨ ਦਸਦੇ ਹਨ ਕਿ ਉਹ ਇਕ ਦੂਜੇ ਬਿਨਾ ਅਧੂਰੇ ਹਨ। ਇਨ੍ਹਾਂ 'ਚੋਂ ਬਲਜੀਤ ਸਿੰਘ ਟੰਡਨ ਚਾਚਾ ਹੈ ਜਦਕਿ ਟੱਬਰ 'ਚੋਂ ਉਸ ਤੋਂ ਪੰਜ ਛੇ ਸਾਲ ਵੱਡਾ ਉਸ ਦਾ ਭਤੀਜਾ ਅਵਤਾਰ ਸਿੰਘ ਟੰਡਨ ਹੈ।  'ਟੰਡਨ ਫੈਮਲੀ' 'ਚੋਂ ਉਠੇ ਵਿਰਸੇ ਦੇ ਇਹ ਪੁਜਾਰੀ ਦਸਦੇ ਹਨ ਕਿ ਉਨ੍ਹਾਂ ਦੋਹਾਂ ਦਾ ਇਕੋ ਸ਼ੌਕ  ਗੀਤਾਂ ਦੇ ਪੁਰਾਣੇ-ਤੋਂ-ਪੁਰਾਣੇ ਤਵਿਆਂ, ਰੀਲਾਂ, ਟੇਪਾਂ ਤੇ ਮਸ਼ੀਨਾਂ ਨੂੰ ਸੰਭਾਲਣਾ ਹੈ।  

ਜਿਹੜਾ ਵੀ ਪੁਰਾਣਾ ਗੀਤ ਉਨ੍ਹਾਂ ਕੋਲ ਨਹੀਂ ਹੁੰਦਾ ਅਤੇ ਜਿਥੋਂ ਵੀ ਉਸ ਗੀਤ ਦੀ ਉਨ੍ਹਾਂ ਨੂੰ ਦਸ ਪੈਂਦੀ ਹੈ ਤਾਂ ਉਹ ਹਰ ਹੀਲੇ ਉਸ ਨੂੰ ਹਾਸਲ ਕਰ ਕੇ ਵਿਰਸੇ ਦੇ ਇਸ ਖ਼ਜ਼ਾਨੇ ਵਿਚ ਸ਼ਾਮਲ ਕਰ ਲੈਂਦੇ। ਭਤੀਜੇ ਅਵਤਾਰ ਸਿੰਘ ਟੰਡਨ ਨੇ ਮੁਲਾਕਾਤ ਦੌਰਾਨ ਕਿਹਾ ਕਿ ਨਿੱਕੇ ਹੁੰਦੇ ਅਸੀ ਮਿੱਟੀ ਦਾ ਲਾਊਡ-ਸਪੀਕਰ ਬਣਾ ਕੇ ਖੇਡਿਆ ਕਰਦੇ ਸੀ। ਕੁੱਝ ਦੇਰ ਬਾਅਦ ਸਾਡੇ ਘਰ ਵਿਚ ਚਾਚੇ ਨੇ ਲਾਊਡ-ਸਪੀਕਰ ਖ਼ਰੀਦ ਲਿਆ। ਅਸੀ ਫਿਰ ਦੋਵੇਂ ਜਣੇ ਸੱਚਮੁਚ ਦੇ ਲਾਊਡ-ਸਪੀਕਰ ਨੂੰ ਵਿਆਹਾਂ, ਮੰਗਣਿਆਂ ਅਤੇ ਹੋਰ ਪ੍ਰੋਗਰਾਮਾਂ ਵਿਚ ਲਗਾਉਣ ਲੱਗ ਪਏ।  ਇਹ ਕਾਰਜ ਅੱਜ ਵੀ ਜਾਰੀ ਹੈ।  

ਇਸ ਸ਼ੌਕ ਵਿਚ ਸੁਰਿੰਦਰ ਸਿੰਘ ਗਿੱਲ, ਕੁਲਵੀਰ ਗਰੇਵਾਲ, ਸਰਵਣ ਜੌਹਲ, ਦਰਸ਼ਨ ਸਿੰਘ ਸੇਮੀ, ਮਹਿੰਦਰ ਸਿੰਘ ਪਾਤੜਾਂ ਵਾਲੇ, ਸੁਖਜੀਤ ਝਾਰ, ਜਗਨਾ ਉਗੋਕੇ, ਦਰਸ਼ਨ ਸਿੰਘ ਨੂਰ, ਗੁਰਪ੍ਰੀਤ ਸਿੰਘ ਝਾੜੀ ਵਾਲਾ, ਸੁਖਦੇਵ ਸਿੰਘ ਢਿਲੋਂ ਇੰਗਲੈਂਡ, ਜਗਮੀਤ ਸਿੰਘ ਚੌਹਾਨ, ਚਮਕਾਰਾ ਬਰਦਰਜ਼ ਅਤੇ ਬਹੁਤ ਸਾਰੇ ਗਾਇਕ, ਗੀਤਕਾਰ ਤੇ ਯਾਰ-ਮਿੱਤਰ ਉਨ੍ਹਾਂ ਨੂੰ ਬਹੁਤ ਹੌਸਲਾ ਦਿੰਦੇ ਰਹਿੰਦੇ ਹਨ।

ਇਸ ਜੋੜੀ ਦਾ ਕਹਿਣ ਹੈ ਕਿ ਨਵੇਂ ਗੀਤਕਾਰਾਂ ਤੇ ਕਲਾਕਾਰਾਂ ਵਿਚ ਬਹੁਤ ਘੱਟ ਗੀਤਕਾਰ ਤੇ ਕਲਾਕਾਰ ਹਨ ਜਿਹੜੇ ਵਧੀਆ ਲਿਖਦੇ ਅਤੇ ਗਾ ਰਹੇ ਹਨ, ਨਹੀਂ ਤਾਂ ਜ਼ਿਆਦਾਤਰ ਨਵੀਂ ਪੀੜ੍ਹੀ ਨੂੰ ਕੁਰਾਹੇ ਪਾਉਣ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਕਰ ਕੇ ਅਸੀ ਇਨ੍ਹਾਂ ਕੁਰਾਹੇ ਪਏ ਹੋਏ ਗੀਤਕਾਰਾਂ ਅਤੇ ਗਾਇਕਾਂ ਨੂੰ ਲੀਹ 'ਤੇ ਪਰਤ ਆਉਣ ਲਈ ਪੁਰਾਣੇ ਗੀਤਾਂ ਨੂੰ ਯੂ-ਟਿਊਬ ਅਤੇ ਹੋਰ ਸੋਸ਼ਲ-ਮੀਡੀਆ 'ਤੇ ਪਾਉਂਦੇ ਰਹਿੰਦੇ ਹਾਂ। ਸਾਡੀ ਕੋਈ ਸੁਣੇ ਨਾ ਸੁਣੇ, ਪਰ ਹੋਕਾ ਦਿੰਦੇ ਰਹਿਣ ਦੀ ਅਸੀ ਅਪਣੀ ਡਿਊਟੀ ਪੂਰੀ ਇਮਾਨਦਾਰੀ ਤੇ ਵਫ਼ਾਦਾਰੀ ਨਾਲ ਵਜਾਈ ਜਾ ਰਹੇ ਹਾਂ।  

ਅਵਤਾਰ ਸਿੰਘ ਨੇ ਦਸਿਆ ਕਿ ਅੱਜ ਸਾਡੇ ਕੋਲ ਛੋਟੇ-ਵੱਡੇ 600 ਤੋਂ ਵਧ ਤਵੇ, 500 ਤੋਂ ਜ਼ਿਆਦਾ ਟੇਪਾਂ ਦੀਆਂ ਰੀਲਾਂ, 600 ਤੋਂ ਜ਼ਿਆਦਾ ਹਿੰਦੀ-ਪੰਜਾਬੀ ਫ਼ਿਲਮਾਂ ਦੀਆਂ ਅਤੇ ਪੰਜਾਬੀ ਪੁਰਾਣੇ ਗੀਤਾਂ ਦੀਆਂ ਸੀਡੀਆਂ ਹਨ। ਤਵਿਆਂ ਬਾਰੇ ਉਨ੍ਹਾਂ ਦੋਵਾਂ ਨੂੰ ਹਰ ਪੱਖ ਤੋਂ ਬਹੁਤ ਜਾਣਕਾਰੀ ਹੈ। ਅਜਿਹਾ ਲਾਜਵਾਬ’’ ਸ਼ੌਕ ਪਾਲ ਰਹੇ 'ਟੰਡਨ ਫ਼ੈਮਲੀ' ਦੀ ਭਤੀਜਾ-ਚਾਚਾ ਜੋੜੀ ਦੀ ਸੋਚ ਨੂੰ ਕੋਟਿ-ਕੋਟਿ ਪ੍ਰਣਾਮ।  ਰੱਬ ਕਰੇ !  ਲੀਹੋਂ ਭਟਕ ਗੀਤਕਾਰਾਂ ਤੇ ਗਾਇਕ-ਕਲਾਕਾਰਾਂ ਨੂੰ ਰਸਤੇ 'ਤੇ ਚਾੜ੍ਹਨ ਲਈ ਉਹ ਪੁਰਾਣੇ ਸਭਿਆਚਾਰਕ ਸਰਮਾਏ ਦੁਆਰਾ ਇਵੇਂ ਹੀ ਸੁਹਿਰਦਤਾ ਤੇ ਵਫ਼ਾਦਾਰੀ ਨਾਲ ਹੋਕਾ ਦਿੰਦੇ ਰਹਿਣ।

-ਮੋਬਾਈਲ : 9876428641
ਸੰਪਰਕ : ਅਵਤਾਰ ਸਿੰਘ ਟੰਡਨ-9592306812