ਪੰਜਾਬੀ ਅਤੇ ਸਿੱਖ ਸੱਭਿਆਚਾਰ ਵਿਚ ਬਹੁਤ ਅੰਤਰ ਹੈ, ਅਕਾਲ ਤਖ਼ਤ ਦੇ ਜਥੇਦਾਰ ਦਾ ਵੱਡਾ ਬਿਆਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹੈਰੀਟੇਜ ਸਟ੍ਰੀਟ 'ਤੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੇ ਹੋਏ ਗਿੱਧੇ-ਭੰਗੜੇ ਦੇ ਬੁੱਤ ਤੋੜਨ ਦੇ ਮਾਮਲੇ ‘ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਵੱਡਾ ਬਿਆਨ ਆਇਆ ਹੈ।

Photo

ਚੰਡੀਗੜ੍ਹ: ਅੰਮ੍ਰਿਤਸਰ ਦੀ ਹੈਰੀਟੇਜ ਸਟ੍ਰੀਟ 'ਤੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੇ ਹੋਏ ਗਿੱਧੇ-ਭੰਗੜੇ ਦੇ ਬੁੱਤ ਤੋੜਨ ਦੇ ਮਾਮਲੇ ‘ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ ਆਇਆ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਸੀਂ ਸਿੱਖ ਹੋਣ ਦੇ ਨਾਲ ਨਾਲ ਪੰਜਾਬੀਆਂ ਵੀ ਹਾਂ।

ਉਹਨਾਂ ਕਿਹਾ ਕਿ ਅਸੀਂ ਪੰਜਾਬੀ ਸੱਭਿਆਚਾਰ ਦਾ ਸਤਿਕਾਰ ਕਰਦੇ ਹਾਂ ਪਰ ਸਿੱਖ ਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰ ਵਿਚ ਬਹੁਤ ਅੰਤਰ ਹੈ। ਉਹਨਾਂ ਕਿਹਾ ਕਿ ਜਿਨ੍ਹਾਂ ਸਿੱਖਾਂ ‘ਤੇ ਹਰਿਮੰਦਰ ਸਾਹਿਬ ਨੂੰ ਜਾ ਰਹੀ ਹੈਰੀਟੇਜ ਸਟ੍ਰੀਟ ‘ਤੇ ਲੱਗੇ ਬੁੱਤਾਂ ਨੂੰ ਤੋੜਨ ਦੇ ਅਰੋਪ ਵਿਚ 307 ਦਾ ਪਰਚਾ ਦਰਜ ਹੋਇਆ ਹੈ, ਉਸ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ।

ਗਿਆਨੀ ਹਰਪ੍ਰੀਤ ਸਿੰਘ ਨੇ ਸੋਮਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਰਸਤੇ ਵਿਚ ਸਿਰਫ ਸਿੱਖ ਭਾਵਨਾਵਾਂ ਨੂੰ ਦਰਸਾਉਂਦੀਆਂ ਚੀਜ਼ਾਂ ਲਗਾਈਆਂ ਜਾਣੀਆਂ ਚਾਹੀਦੀਆਂ ਸਨ। ਉਹਨਾਂ ਕਿਹਾ ਇਨ੍ਹਾਂ ਨੌਜਵਾਨਾਂ ਨੇ ਭਾਵੁਕ ਹੋ ਕੇ ਇਹ ਕਦਮ ਚੁੱਕਿਆ ਹੈ। ਜਿਸ ਥਾਂ ‘ਤੇ ਇਹ ਬੁੱਥ ਸਥਾਪਿਤ ਕੀਤੇ ਗਏ ਹਨ, ਉੱਥੇ ਸਿੱਖ ਸੱਭਿਆਚਾਰ ਦੀ ਪੇਸ਼ਕਾਰੀ ਹੋਣੀ ਚਾਹੀਦੀ ਸੀ, ਨਾ ਕਿ ਪੰਜਾਬੀ ਸੱਭਿਆਚਾਰ ਦੀ।

ਉਹਨਾਂ ਕਿਹਾ ਕਿ ਪੰਜਾਬੀ ਸੱਭਿਆਚਾਰ ਪੰਜਾਬ ਵਿਚ ਵਸਦੇ ਸਾਰੇ ਧਰਮਾਂ ਦੇ ਲੋਕਾਂ ਜਾ ਸਾਂਝਾ ਹੈ ਪਰ ਸਿੱਖ ਵਿਰਸੇ ਅਤੇ ਸਭਿਆਚਾਰ ਉੱਤੇ ਸਿੱਖਾਂ ਦਾ ਹੱਕ ਹੈ।ਉਹਨਾਂ ਸ੍ਰੀ ਹਰਿਮੰਦਰ ਸਾਹਿਬ ਸਿੱਖਾਂ ਦਾ ਪਵਿੱਤਰ ਅਸਥਾਨ ਹੈ। ਇਸ ਕਰਕੇ ਇਸ ਰਸਤੇ ‘ਤੇ ਇਸ ਤਰ੍ਹਾਂ ਦੇ ਬੁੱਤ ਨਹੀਂ ਲਗਾਉਣੇ ਚਾਹੀਦੇ ਸੀ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਮੰਦਭਾਗੀ ਘਟਨਾ ਹੈ ਕਿ ਜਿਸ ਪ੍ਰਚਾਰਕ ਸ਼੍ਰੇਣੀ ਨੇ ਸਿੱਖ ਮਾਨਸਿਕਤਾ ਨੂੰ ਗੁਰਮਤਿ ਦਾ ਗਿਆਨ ਅਤੇ ਗੁਰਮਤਿ ਪ੍ਰਤੀ ਸਤਿਕਾਰ ਨਾਲ ਭਰਨਾ ਹੈ, ਉਹ ਆਪਸ ਵਿਚ ਸ਼ਬਦਾਂ ਦੀ ਲੜਾਈ ਵਿਚ ਜੁਟੇ ਹੋਏ ਹਨ।

ਦੱਸ ਦਈਏ ਕਿ ਪੰਜਾਬ ਦੀ ਪਿਛਲੀ ਅਕਾਲੀ-ਭਾਜਪਾ ਸਰਕਾਰ ਵੇਲੇ ਤੋਂ ਹੈਰਿਟੇਜ ਸਟ੍ਰੀਟ 'ਤੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੇ ਹੋਏ ਗਿੱਧੇ-ਭੰਗੜੇ ਦੇ ਬੁੱਤ ਲੱਗੇ ਹੋਏ ਸਨ, ਜਿਨ੍ਹਾਂ ਕੋਲ ਖਲ੍ਹੋ ਕੇ ਲੋਕ ਤਸਵੀਰਾਂ ਖਿਚਵਾਉਂਦੇ ਸਨ।

ਇਸ 'ਤੇ ਇਤਰਾਜ਼ ਕਰਦਿਆਂ ਕੁਝ ਸਿੱਖ ਜਥੇਬੰਦੀਆਂ ਵਲੋਂ ਇਨ੍ਹਾਂ ਬੁੱਤਾਂ ਨੂੰ ਹਟਾਏ ਜਾਣ ਲਈ ਆਵਾਜ਼ ਬੁਲੰਦ ਕੀਤੀ ਹੋਈ ਸੀ। ਇਸ ਦੇ ਚਲਦਿਆਂ ਬੀਤੇ ਦਿਨੀਂ ਕੁਝ ਸਿੱਖਾਂ ਵੱਲੋਂ ਇਹਨਾਂ ਬੁੱਤਾਂ ਦੀ ਭੰਨਤੋੜ ਕੀਤੀ ਗਈ। ਇਸ ਤੋਂ ਬਾਅਦ ਸਿੱਖਾਂ ਵੱਲੋਂ ਇਹਨਾਂ ਬੁੱਤਾਂ ਨੂੰ ਤੋੜਨ ਵਾਲਿਆਂ ’ਤੇ ਮਾਮਲਾ ਦਰਜ ਕਰਨ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ ਜਾ ਰਹੀ ਹੈ।