ਮੈਂ ਗੁਨਾਹਗਾਰ ਹਾਂ (ਭਾਗ 3)

ਸਪੋਕਸਮੈਨ ਸਮਾਚਾਰ ਸੇਵਾ

ਮੇਰੇ ਪੁੱਛਣ ਤੇ ਉਸ ਬੀਬੀ ਨੇ ਦਸਿਆ ਕਿ ਮੇਰੀਆਂ ਦੋ ਧੀਆਂ ਹੀ ਹਨ। ਮੈਂ ਲੋਕਾਂ ਦੇ ਨਾਲੇ, ਪਰਾਂਦੇ, ਸਵੈਟਰ ਬੁਣ ਕੇ ਰੋਟੀ ਕਮਾ ਲੈਂਦੀ ਹਾਂ ਤੇ ਜਦੋਂ ਵੀ ਕੁੱਝ ਪੈਸੇ ...

Guilty

(ਅਮੀਨ ਮਲਿਕ) ਮੇਰੇ ਪੁੱਛਣ ਤੇ ਉਸ ਬੀਬੀ ਨੇ ਦਸਿਆ ਕਿ ਮੇਰੀਆਂ ਦੋ ਧੀਆਂ ਹੀ ਹਨ। ਮੈਂ ਲੋਕਾਂ ਦੇ ਨਾਲੇ, ਪਰਾਂਦੇ, ਸਵੈਟਰ ਬੁਣ ਕੇ ਰੋਟੀ ਕਮਾ ਲੈਂਦੀ ਹਾਂ ਤੇ ਜਦੋਂ ਵੀ ਕੁੱਝ ਪੈਸੇ ਬਚ ਜਾਂਦੇ ਨੇ, ਮੈਂ ਤੁਹਾਨੂੰ ਫ਼ੋਨ ਕਰ ਲੈਂਦੀ ਹਾਂ।'' ਮੈਂ ਅਪਣੀ ਏਨੀ ਕਦਰ ਪੈਂਦੀ ਵੇਖ ਕੇ ਆਖਿਆ, ''ਭੈਣਾਂ! ਹੁਣ ਕਦੀ ਤੂੰ ਫ਼ੋਨ ਨਾ ਕਰੀਂ। ਮੈਂ ਹਰ ਹਫ਼ਤੇ ਤੈਨੂੰ ਆਪ ਫ਼ੋਨ ਕਰਾਂਗਾ।'' ਇਹ ਗੱਲ ਸੁਣ ਕੇ ਮੈਨੂੰ ਇਸਲਾਮ ਵਿਚ ਬਿਆਨ ਕੀਤਾ ਇਕ ਕਿੱਸਾ ਯਾਦ ਆ ਗਿਆ ਕਿ ਹਜ਼ਰਤ ਯੂਸਫ਼ ਰੱਬ ਦਾ ਪਿਆਰਾ ਸੀ ਪਰ ਮਤਰਏ ਭਰਾਵਾਂ ਦੀ ਦੁਸ਼ਮਣੀ ਦਾ ਸ਼ਿਕਾਰ ਹੋ ਕੇ ਮਿਸਰ ਵਿਚ ਇਕ ਗ਼ੁਲਾਮ ਦੀ ਹੈਸੀਅਤ 'ਚ ਵਿਕਾਊ ਹੋ ਗਿਆ।

ਮਿਸਰ ਦੇ ਬਾਜ਼ਾਰ ਵਿਚ ਬੋਲੀ ਲੱਗੀ ਤੇ ਖ਼ਰੀਦਦਾਰਾਂ ਵਿਚ ਵੱਡੇ-ਵੱਡੇ ਸੌਦਾਗਰ ਰਾਜੇ। ਮਹਾਰਾਜੇ ਵੀ ਬੋਲੀ ਲਾਉਣ ਆਏ। ਗਾਹਕਾਂ ਵਿਚ ਇਕ ਗ਼ਰੀਬ ਜਹੀ ਮਾਈ ਵੀ ਆਈ ਤੇ ਲੋਕਾਂ ਨੇ ਪੁਛਿਆ, ''ਮਾਈ ਹਜ਼ਰਤ ਯੂਸਫ਼ ਨੂੰ ਖ਼ਰੀਦਣ ਲਈ ਤੇਰੇ ਪੱਲੇ ਕੀ ਹੈ?'' ਮਾਈ ਨੇ ਆਖਿਆ, ''ਅਪਣੇ ਘਰ ਦੀ ਕੁੱਲ ਪੂੰਜੀ ਇਕ ਸੂਤਰ ਦੀ ਅੱਟੀ ਹੈ ਜੋ ਮੈਂ ਲੈ ਆਈ ਹਾਂ।'' ਇਹ ਇਕ ਅਜਿਹੀ ਗੱਲ ਸੀ ਜੋ ਹਜ਼ਾਰਾਂ ਸਾਲ ਗੁਜ਼ਰ ਜਾਣ 'ਤੇ ਅੱਜ ਵੀ ਯਾਦ ਹੈ। ਉਹ ਸਾਰੇ ਅਮੀਰ ਸੌਦਾਗਰ ਕਿਸੇ ਨੂੰ ਯਾਦ ਨਹੀਂ। ਪਰ ਸੂਤਰ ਦੀ ਅੱਟੀ ਵਾਲੀ ਮਾਈ ਅਮਰ ਹੋ ਗਈ।

ਸੋ, ਮੇਰੇ ਲਈ ਬੀਬੀ ਰਾਜਿੰਦਰ ਕੌਰ ਮੇਰੀ ਸੱਭ ਤੋਂ ਵੱਡੀ ਕਦਰਦਾਨ ਹੈ, ਜੋ ਰੋਟੀ ਟੁੱਕ 'ਚੋਂ ਬਚਾਏ ਪੈਸਿਆਂ ਨਾਲ ਮੈਨੂੰ ਰੋਣ ਵਾਲੇ ਲਹਿਜੇ ਵਿਚ ਫ਼ੋਨ ਕਰਦੀ ਏ। ਮੈਨੂੰ ਅਹਿਸਾਸ ਹੈ ਕਿ ਮੇਰੇ ਜ਼ਿਆਦਾਤਰ ਪਾਠਕ ਮੇਰੇ ਵਾਂਗ ਨਿੱਕੇ-ਨਿੱਕੇ ਹੀ ਹਨ ਜੋ ਪਤਾ ਨਹੀਂ ਲੰਦਨ ਜਹੀ ਥਾਂ ਫ਼ੋਨ ਕਰਨ ਦਾ ਖ਼ਰਚਾ ਕਿਵੇਂ ਝਲਦੇ ਹੋਣਗੇ? ਮੈਂ ਉਨ੍ਹਾਂ ਨੂੰ ਸਲਾਮ ਕਰਦਾ ਹਾਂ। ਇਥੋਂ ਤਕ ਕਿ ਲੁਧਿਆਣੇ ਤੋਂ ਇਕ ਮਜਬੂਰ ਨੇ ਆਖਿਆ, ''ਅਮੀਨ ਜੀ, ਮੈਂ ਭੋਲੀ ਨਾਲੋਂ ਵੀ ਗ਼ਰੀਬ ਹਾਂ ਤੇ ਤੁਹਾਡੀ ਲਿਖਤ ਪੜ੍ਹ ਕੇ ਰੋ ਹੀ ਛਡਦਾ ਹਾਂ। ਫ਼ੋਨ ਕਰਨ ਜੋਗੇ ਪੈਸੇ ਨਹੀਂ ਹੁੰਦੇ, ਤੁਸੀ ਕਦੇ-ਕਦੇ ਮੈਨੂੰ ਫ਼ੋਨ ਕਰ ਦਿਆ ਕਰੋ ਤੇ ਮੈਨੂੰ ਠੰਢ ਪੈ ਜਾਊ।''

ਮੈਂ ਇਨ੍ਹਾਂ ਲੋਕਾਂ ਦੇ ਪਿਆਰ ਦਾ ਭਾਰ ਤਾਂ ਨਹੀਂ ਚੁੱਕ ਸਕਦਾ, ਸਿਰਫ਼ ਸਿਰ ਨੀਵਾਂ ਕਰ ਕੇ ਸਲਾਮ ਹੀ ਕਰਦਾ ਹਾਂ। ਮੈਂ ਤਾਂ ਅਥਰੀ ਕਾਗ਼ਜ਼ 'ਤੇ ਹੀ ਲਿਖੀ ਸੀ ਪਰ ਲੋਕਾਂ ਨੇ ਅਥਰੀ ਨੂੰ ਦਿਲ 'ਤੇ ਉਲੀਕ ਲਿਆ। ਲੁਧਿਆਣੇ ਤੋਂ ਇਕ ਰੋਂਦੇ ਹੋਏ ਪਾਠਕ ਦਰਸ਼ਨ ਸਿੰਘ ਦਾ ਫ਼ੋਨ ਆਇਆ ਕਿ ਉਹ 15 ਸਤੰਬਰ, 2015 ਨੂੰ ਭੋਲੀ ਦੀ ਆਤਮਕ ਸ਼ਾਂਤੀ ਲਈ ਗੁਰੂ ਘਰ ਵਿਚ ਰੱਖੇ ਹੋਏ ਪਾਠ ਦਾ ਭੋਗ ਪੁਆ ਰਿਹਾ ਹੈ। (ਚਲਦਾ)