ਜ਼ਿੰਦਗੀ ਦਾ ਹਾਸਲ (ਭਾਗ 2)

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਫਿਰ ਵੀ ਸ਼ਿੰਦੋ ਬੇਮਤਲਬ ਹੀ ਛੋਟੀ ਨੂੰ ਡੌਲਿਆਂ ਤੋਂ ਫੜ ਕੇ ਵਿਹੜੇ 'ਚ ਗੇੜਾ ਦੇ ਦਿੰਦੀ। ਛੋਟੀ ਇਸ ਦੇ ਅਰਥ ਨਾ ਸਮਝ ਸਕਦੀ। ਹਾਂ, ਜੋ ਉਸ ਦੇ ਸੰਜੋਗ ਦੀ ਸੂਤਰਧਾਰ ਸੀ...

Gain of life

ਫਿਰ ਵੀ ਸ਼ਿੰਦੋ ਬੇਮਤਲਬ ਹੀ ਛੋਟੀ ਨੂੰ ਡੌਲਿਆਂ ਤੋਂ ਫੜ ਕੇ ਵਿਹੜੇ 'ਚ ਗੇੜਾ ਦੇ ਦਿੰਦੀ। ਛੋਟੀ ਇਸ ਦੇ ਅਰਥ ਨਾ ਸਮਝ ਸਕਦੀ। ਹਾਂ, ਜੋ ਉਸ ਦੇ ਸੰਜੋਗ ਦੀ ਸੂਤਰਧਾਰ ਸੀ ਪੜ੍ਹੀ-ਲਿਖੀ ਹੋਣ ਕਰ ਕੇ ਅਨਪੜ੍ਹ ਰਿਸ਼ਤੇਦਾਰੀ 'ਚ ਉਨ੍ਹਾਂ ਦੇ ਪਿੰਡ ਆਉਂਦੀ ਤਾਂ ਸ਼ਿੰਦੋ ਉਸ ਨੂੰ ਮਿਲਣਾ ਲੋਚਦੀ ਪਰ ਉਸ ਦੇ ਆਗੂ ਭਰਾ ਤੋਂ ਬਿਨਾਂ ਕਿਸੇ ਨੂੰ ਵੀ ਮਿਲਣਾ ਨਸੀਬ ਨਾ ਹੁੰਦਾ। ਇਵੇਂ ਹੀ ਇਕ ਵਾਰ ਉਸ ਪੜ੍ਹੀ-ਲਿਖੀ ਕੁੜੀ ਦਾ ਭਰਾ, ਜੋ ਸ਼ਾਇਦ ਉਸ ਦੇ ਹੋਣ ਵਾਲੇ ਮੰਗੇਤਰ ਦਾ ਦੋਸਤ ਸੀ, ਉਨ੍ਹਾਂ ਦੇ ਪਿੰਡ ਆਇਆ ਤਾਂ ਬਿਨਾਂ ਝਿਜਕ ਉਨ੍ਹਾਂ ਦੇ ਘਰ ਆ ਗਿਆ।

ਕਿੰਨਾ ਖ਼ੁਲਾਸਾ ਸੀ ਜਿਊਣ ਜੋਗਾ। ਚਾਹ ਰੱਖਣ ਆਈ ਨੂੰ ਉਸ ਦੇ ਭਰਾ ਵਲ ਵੇਖਦਾ ਸੰਬੋਧਨ ਹੋਇਆ ਸੀ, ''ਆਹੀ ਮੇਰੀ ਭੈਣ ਆ, ਜੋ ਮੇਰੇ ਪਿੰਡ ਜਾ ਰਹੀ ਹੈ?'' ਸ਼ਾਇਦ ਅਜਿਹੇ ਸਵਾਲ ਦਾ ਜਵਾਬ ਅਜਿਹੇ ਮੌਕੇ ਕਿਸੇ ਭਰਾ ਕੋਲ ਵੀ ਨਾ ਹੋਵੇ। ਪਰ ਉਸ ਖੁੱਲ੍ਹੇ-ਖੁਲਾਸੇ ਨੇ ਚਾਹ ਰੱਖ ਕੇ ਮੁੜਦੀ ਸ਼ਿੰਦੋ ਨੂੰ ਰੋਕ ਕੇ ਕਿਹਾ ਸੀ, ''ਭੈਣੇ ਤੇਰਾ ਰਿਸ਼ਤਾ ਫ਼ੌਜੀ ਨਾਲ ਕਰ ਰਹੇ ਆਂ, ਮਨਜ਼ੂਰ ਈ?'' ਉਹ ਚੁੱਪ ਕੀਤੀ ਚੁੰਨੀ ਦੀ ਕੰਨੀ ਉਂਗਲੀ ਤੇ ਲਪੇਟੀ ਸ਼ਰਮਾਉਂਦੀ ਦੰਦਾਂ ਥੱਲੇ ਲੈ ਕੇ ਬੈਠਕੋਂ ਬਾਹਰ ਹੋ ਗਈ ਸੀ। ਚੌਕੇ 'ਚ ਜਾ ਕੇ ਅੰਦਰ ਨੂੰ ਝਾਕਦੀ ਬੁੜਬੜਾਈ ਸੀ, ''ਵੀਰਿਆ ਤੇਰੇ ਮੂੰਹ ਘਿਉ ਸ਼ੱਕਰ।''

ਉਸ ਦਿਨ ਉਸ ਨੇ ਵਿਹੜੇ 'ਚ ਘੁੰਮੇਰ ਪਾਉਣੋਂ ਅਪਣੇ ਆਪ ਨੂੰ ਕਿਵੇਂ ਰੋਕਿਆ ਇਹ ਉਹੀ ਜਾਣਦੀ ਹੈ। ਅੱਲੜ੍ਹ ਉਮਰ ਦੇ ਕੁੱਝ ਕਹਿਣੋਂ ਅਸਮਰੱਥ ਜਜ਼ਬਾਤ ਜਵਾਨੀ ਦੀ ਕੰਧ ਨੂੰ ਇਕ ਹੋਰ ਵਾਰ ਦੇ ਗਏ ਸਨ। ਉਸ ਰਾਤ ਉਹ ਸੁਫ਼ਨਿਆਂ ਵਿਚ ਅਪਣੇ ਫ਼ੌਜੀ ਨੂੰ ਪਿੰਡ ਦੇ ਡਾਕੀਏ ਤਾਰੇ ਤੋਂ ਅੱਧਾ ਘੁੰਡ ਕੱਢ ਕੇ ਚਿੱਠੀਆਂ ਲਿਖਵਾਉਂਦੀ ਰਹੀ ਸੀ ਤੇ ਫ਼ੌਜੀ ਸਰਦਾਰ ਦੀ ਆਈ ਚਿੱਠੀ ਦਾ ਤੱਤਸਾਰ ਸੱਸ ਨੂੰ ਸੁਣਾਉਂਦੇ ਸਕੂਲ ਪੜ੍ਹਦੇ ਕਿਸੇ ਜੁਆਕ ਦੇ ਬੋਲ ਕੰਨ ਲਾ ਕੇ ਕੰਧੋਲੀ ਉਹਲੇ ਖਲੋਅ ਕੇ ਸੁਣੇ ਸਨ ਜਿਸ ਦੀ ਉਸ ਨੂੰ ਕੋਈ ਸਮਝ ਨਹੀਂ ਪਈ ਸੀ ਤੇ ਡੁੱਬੜੀ ਅੱਖ ਖੁੱਲ੍ਹ ਗਈ ਸੀ। ਰੀਝਾਂ ਉਸ ਦੀਆਂ ਉਸ ਦਿਨ ਪ੍ਰਵਾਨ ਚੜ੍ਹ ਗਈਆਂ ਜਿਸ ਦਿਨ ਸਿਹਰਾ ਬੰਨ੍ਹੀ ਛੇ ਫ਼ੁਟਾ ਗੱਭਰੂ ਉਸ ਨੂੰ ਜੰਞ ਲੈ ਕੇ ਵਿਆਹੁਣ ਆ ਗਿਆ। ਸੋਹਣੇ ਤੇ ਜਵਾਨ ਜਵਾਈ ਦੀ ਘਰ ਘਰ ਚਰਚਾ ਛਿੜ ਪਈ, ਹਲਵਾਈ ਸਿਫ਼ਤਾਂ ਕਰਦੇ ਨਾ ਥਕਦੇ। (ਚਲਦਾ)