ਕ੍ਰਾਂਤੀਕਾਰੀ ਨਾਵਲਾਂ ਦੇ ਸਿਰਜਣਹਾਰੇ ਸੋਹਣ ਸਿੰਘ ਸੀਤਲ

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਗਿਆਨੀ ਸੋਹਣ ਸਿੰਘ ਸੀਤਲ ਪੰਜਾਬ ਦੇ ਪ੍ਰਸਿੱਧ ਢਾਡੀ, ਕਵੀ, ਕਹਾਣੀਕਾਰ, ਨਾਵਲਕਾਰ ਅਤੇ ਖੋਜ-ਲੇਖਕ ਸਨ।

Creator of revolutionary novels Sohan Singh Seetal

ਗਿਆਨੀ ਸੋਹਣ ਸਿੰਘ ਸੀਤਲ ਪੰਜਾਬ ਦੇ ਪ੍ਰਸਿੱਧ ਢਾਡੀ, ਕਵੀ, ਕਹਾਣੀਕਾਰ, ਨਾਵਲਕਾਰ ਅਤੇ ਖੋਜ-ਲੇਖਕ ਸਨ। ਸੋਹਣ ਸਿੰਘ ਸੀਤਲ ਦਾ ਜਨਮ 7 ਅਗੱਸਤ 1909 ਨੂੰ ਪਿੰਡ ਕਾਦੀਵਿੰਡ, ਤਹਿਸੀਲ ਕਸੂਰ, ਜ਼ਿਲ੍ਹਾ ਲਾਹੌਰ (ਪਾਕਿਸਤਾਨ) ਵਿਖੇ ਮਾਤਾ ਸਰਦਾਰਨੀ ਦਿਆਲ ਕੌਰ ਅਤੇ ਪਿਤਾ ਸ. ਖ਼ੁਸ਼ਹਾਲ ਸਿੰਘ ਪੰਨੂੰ ਦੇ ਘਰ ਹੋਇਆ ਸੀ। ਉਨ੍ਹਾਂ ਨੇ ਪਿੰਡ ਦੇ ਗ੍ਰੰਥੀ ਪਾਸੋਂ ਪੰਜਾਬੀ ਪੜ੍ਹਨੀ ਸਿਖੀ। 1930 ਵਿਚ ਉਨ੍ਹਾਂ ਨੇ ਸਰਕਾਰੀ ਹਾਈ ਸਕੂਲ ਕਸੂਰ ਤੋਂ ਦਸਵੀਂ ਅਤੇ 1933 ਵਿਚ ਪੰਜਾਬ ਯੂਨੀਵਰਸਟੀ ਲਾਹੌਰ ਤੋਂ ਗਿਆਨੀ ਦੀ ਪ੍ਰੀਖਿਆ ਪਾਸ ਕਰ ਲਈ। ਅਠਵੀਂ ਵਿਚ ਪੜ੍ਹਦਿਆਂ 10 ਸਤੰਬਰ 1927 ਨੂੰ ਸੀਤਲ ਜੀ ਦੀ ਸ਼ਾਦੀ ਬੀਬੀ ਕਰਤਾਰ ਕੌਰ ਨਾਲ ਹੋਈ। ਇਨ੍ਹਾਂ ਦੇ ਘਰ ਤਿੰਨ ਪੁੱਤਰਾਂ ਅਤੇ ਇਕ ਬੇਟੀ ਨੇ ਜਨਮ ਲਿਆ।

ਬਾਰਾਂ-ਤੇਰ੍ਹਾਂ ਸਾਲ ਦੀ ਉਮਰ ਵਿਚ ਉਨ੍ਹਾਂ ਨੇ ਕਵਿਤਾ ਲਿਖਣੀ ਸ਼ੁਰੂ ਕਰ ਦਿਤੀ ਸੀ। 1924 ਵਿਚ ਉਨ੍ਹਾਂ ਦੀ ਕਵਿਤਾ ਪਹਿਲੀ ਵਾਰ 'ਅਕਾਲੀ' ਅਖ਼ਬਾਰ ਵਿਚ ਛਪੀ। 1927 ਵਿਚ ਉਨ੍ਹਾਂ ਦੀ ਕਵਿਤਾ 'ਕੁਦਰਤ ਰਾਣੀ' ਕਲਕੱਤੇ ਤੋਂ ਛਪਣ ਵਾਲੇ ਪਰਚੇ 'ਕਵੀ' ਵਿਚ ਛਪੀ। ਇਹ ਕਵਿਤਾ ਉਨ੍ਹਾਂ ਦੀਆਂ ਕਵਿਤਾਵਾਂ ਦੇ ਸੰਗ੍ਰਹਿ 'ਸੱਜਰੇ ਹੰਝੂ' ਵਿਚ ਸ਼ਾਮਲ ਹੈ। 1932 ਵਿਚ ਉਨ੍ਹਾਂ ਨੇ ਕੁੱਝ ਕਹਾਣੀਆਂ ਵੀ ਲਿਖੀਆਂ ਜੋ ਮਾਸਿਕ ਪੱਤਰਾਂ ਵਿਚ ਵੀ ਛਪੀਆਂ। ਉਨ੍ਹਾਂ ਦੀਆਂ ਕਹਾਣੀਆਂ 'ਕਦਰਾਂ ਬਦਲ ਗਈਆਂ', 'ਅਜੇ ਦੀਵਾ ਬਲ ਰਿਹਾ ਸੀ' ਅਤੇ 'ਜੇਬ ਕੱਟੀ ਗਈ' ਜ਼ਿਕਰਯੋਗ ਹਨ। 1935 ਵਿਚ ਉਨ੍ਹਾਂ ਨੇ ਇਕ ਢਾਡੀ ਜਥਾ ਬਣਾਇਆ। ਉਹ ਪੜ੍ਹੇ-ਲਿਖੇ ਸਨ ਅਤੇ ਸਿੱਖ ਇਤਿਹਾਸ ਦੀ ਅਤੇ ਹਿੰਦੀ, ਪੰਜਾਬੀ, ਉਰਦੂ, ਅੰਗਰੇਜ਼ੀ ਕਈ ਭਾਸ਼ਾਵਾਂ ਦੀ ਜਾਣਕਾਰੀ ਰਖਦੇ ਸਨ।

ਉਨ੍ਹਾਂ ਦੇ ਪ੍ਰਸਿੱਧ ਪਰਸੰਗ: ਸੀਤਲ ਕਿਰਣਾਂ, ਸੀਤਲ ਸੁਨੇਹੇ, ਸੀਤਲ ਹੰਝੂ, ਸੀਤਲ ਹੁਲਾਰੇ ਆਦਿ ਹਨ। ਉਨ੍ਹਾਂ ਨੇ ਕੁਲ 22 ਨਾਵਲ ਲਿਖੇ ਹਨ ਜਿਨ੍ਹਾਂ ਵਿਚੋਂ ਜੰਗ ਜਾਂ ਅਮਨ, ਤੂਤਾਂ ਵਾਲਾ ਖੂਹ ਅਤੇ ਜੁੱਗ ਬਦਲ ਗਿਆ ਪ੍ਰਸਿੱਧ ਹਨ। ਸਿੱਖ ਇਤਿਹਾਸ ਨਾਲ ਸਬੰਧਤ ਖੋਜ ਕਾਰਜ—ਪੰਜ ਜਿਲਦਾਂ ਵਿਚ 'ਸਿੱਖ ਇਤਿਹਾਸ ਦੇ ਸੋਮੇ' ਹੈ। ਉਨ੍ਹਾਂ ਦੇ ਕਾਵਿ-ਸੰਗ੍ਰਹਿਆਂ ਵਿਚ ਕੇਸਰੀ ਦੁਪੱਟਾ, ਜਦੋਂ ਮੈਂ ਗੀਤ ਲਿਖਦਾ ਹਾਂ ਆਦਿ ਸ਼ਾਮਲ ਹਨ।

1935 ਵਿਚ ਉਨ੍ਹਾਂ ਨੇ ਇਕ ਢਾਡੀ ਜਥਾ ਬਣਾਇਆ। ਇਸ ਜਥੇ ਦੇ ਆਗੂ ਉਹ ਆਪ ਸਨ। ਕਾਦੀਵਿੰਡ ਤੋਂ ਸੱਤ-ਅੱਠ ਮੀਲ ਦੂਰ ਨਗਰ 'ਲਲਿਆਣੀ' ਦੇ ਬਜ਼ੁਰਗ ਮੁਸਲਮਾਨ ਬਾਬਾ ਚਰਾਗ਼ਦੀਨ ਪਾਸੋਂ ਉਨ੍ਹਾਂ ਨੇ ਢੱਡ ਤੇ ਸਾਰੰਗੀ ਦੀ ਸਿਖਲਾਈ ਲਈ। ਉਹ ਪੜ੍ਹੇ-ਲਿਖੇ ਅਤੇ ਸਿੱਖ ਇਤਿਹਾਸ ਦੀ ਅਤੇ ਹਿੰਦੀ, ਪੰਜਾਬੀ, ਉਰਦੂ, ਅੰਗਰੇਜ਼ੀ ਕਈ ਭਾਸ਼ਾਵਾਂ ਦੀ ਜਾਣਕਾਰੀ ਰਖਦੇ ਸਨ ਅਤੇ ਉਹ ਵਿਆਖਿਆਕਾਰ ਵੀ ਚੰਗੇ ਸਨ। ਇਸ ਤੋਂ ਇਲਾਵਾ ਉਹ ਇਕ ਚੰਗੇ ਕਵੀ ਵੀ ਸਨ। ਉਹ ਗਾਉਣ ਲਈ ਵਾਰਾਂ ਵੀ ਆਪ ਲਿਖ ਲੈਂਦੇ ਸਨ। ਥੋੜ੍ਹੇ ਸਮੇਂ ਵਿਚ ਹੀ ਉਨ੍ਹਾਂ ਨੂੰ ਢਾਡੀ ਦੇ ਤੌਰ 'ਤੇ ਚੰਗੀ ਪ੍ਰਸਿੱਧੀ ਪ੍ਰਾਪਤ ਹੋ ਗਈ। ਹੌਲੀ ਹੌਲੀ ਉਨ੍ਹਾਂ ਨੂੰ ਵਿਦੇਸ਼ਾਂ ਤੋਂ ਵੀ ਸੱਦੇ ਆਉਣ ਲੱਗ ਪਏ।

ਸੋਹਣ ਸਿੰਘ ਸੀਤਲ ਵਲੋਂ ਲਿਖੇ ਨਾਵਲਾਂ 'ਚੋਂ 'ਜੁੱਗ ਬਦਲ ਗਿਆ', 'ਤੂਤਾਂ ਵਾਲਾ ਖੂਹ' ਅਤੇ 'ਜੰਗ ਜਾਂ ਅਮਨ' ਕ੍ਰਾਂਤੀਕਾਰੀ ਨਾਵਲ ਵਿਸ਼ੇਸ਼ ਤੌਰ ਤੇ ਮਹੱਤਵਪੂਰਨ ਹਨ। ਸੋਹਣ ਸਿੰਘ ਸੀਤਲ ਇਕੋ ਵੇਲੇ ਆਮ ਲੋਕਾਂ ਵਿਚ ਇਕ ਢਾਡੀ ਵਜੋਂ ਪ੍ਰਸਿੱਧ ਹੋਇਆ ਅਤੇ ਸਾਹਿਤਕ ਖੇਤਰ ਵਿਚ, ਉਨ੍ਹਾਂ ਨੂੰ ਇਕ ਚੰਗੇ ਨਾਵਲਕਾਰ ਵਜੋਂ ਮਾਨਤਾ ਹਾਸਲ ਹੋਈ। 1974 ਵਿਚ ਭਾਰਤੀ ਸਾਹਿਤ ਅਕਾਦਮੀ ਨੇ ਉਨ੍ਹਾਂ ਨੂੰ 'ਜੁਗ ਬਦਲ ਗਿਆ' ਨਾਵਲ ਲਈ ਪੁਰਸਕਾਰ ਪ੍ਰਦਾਨ ਕੀਤਾ ।

ਉਨ੍ਹਾਂ ਨੇ ਦੇਸ਼-ਵੰਡ ਦੇ ਦਰਦ ਨੂੰ ਅਤੇ ਕਿਰਸਾਣ ਪ੍ਰਵਾਰਾਂ ਅੰਦਰਲੀ ਜ਼ਿੰਦਗੀ ਨੂੰ ਬੜੇ ਨੇੜਿਉਂ ਅਤੇ ਗਹੁ ਨਾਲ ਵਾਚਿਆ। ਇਹ ਅਨੁਭਵ ਹੀ ਉਸ ਦੀਆਂ ਲਿਖਤਾਂ ਦੇ ਆਰ-ਪਾਰ ਫੈਲਦਾ ਹੈ। ਸ਼ੁਰੂ ਵਿਚ ਉਸ ਨੇ ਵਾਹੀ ਦਾ ਕੰਮ ਕੀਤਾ, ਫਿਰ ਲੇਖਕ, ਢਾਡੀ ਅਤੇ ਅਪਣੀ ਪ੍ਰੈੱਸ ਲਾ ਕੇ ਅਪਣੀ ਰੋਜ਼ੀ ਰੋਟੀ ਚਲਾਈ। ਸਾਹਿਤ ਰਚਨਾ ਨੂੰ ਸੀਤਲ ਨੇ ਸ਼ੁਰੂ ਵਿਚ ਭਾਵੇਂ ਇਕ ਸ਼ੌਕ ਵਜੋਂ ਲਿਆ ਪਰ ਅੱਗੇ ਜਾ ਕੇ ਇਸ ਨੂੰ ਅਪਣੇ ਕਿੱਤੇ ਵਜੋਂ ਵੀ ਅਪਣਾ ਲਿਆ।

ਸਿੱਖ ਸੰਸਕਾਰਾਂ ਅਤੇ ਪ੍ਰਵਾਰ ਨਾਲ ਜੁੜੇ ਹੋਣ ਕਰ ਕੇ ਉਸ ਦੀ ਰੁਚੀ ਸਿੱਖ ਇਤਿਹਾਸ ਨੂੰ ਜਾਣਨ ਅਤੇ ਸਮਝਣ ਦੀ ਸੀ। ਇਸ ਰੁਚੀ ਸਦਕਾ ਸੀਤਲ ਨੇ ਇਕ ਪੂਰੀ ਇਤਿਹਾਸਿਕ ਲੜੀ-ਸਿੱਖ ਰਾਜ ਕਿਵੇਂ ਗਿਆ, ਦੁਖੀਏ ਮਾਂ ਪੁੱਤ, ਬੰਦਾ ਸਿੰਘ ਸ਼ਹੀਦ, ਸਿੱਖ ਰਾਜ ਕਿਵੇਂ ਬਣਿਆ, ਸਿੱਖ ਰਾਜ ਤੇ ਸ਼ੇਰੇ ਪੰਜਾਬ, ਸਿੱਖ ਮਿਸਲਾਂ ਅਤੇ ਸਰਦਾਰ ਘਰਾਣੇ ਆਦਿ ਲਿਖੀਆਂ। ਇਸ ਇਤਿਹਾਸ ਬਾਰੇ ਲਿਖਣ ਦਾ ਮਨੋਰਥ ਸਿੱਖ ਇਤਿਹਾਸ ਨਾਲ ਜੁੜੇ ਅੰਧ-ਵਿਸ਼ਵਾਸ, ਕਰਾਮਾਤਾਂ, ਗੱਪਾਂ ਆਦਿ ਦੀਆਂ ਮਿੱਥਾਂ ਨੂੰ ਤਿਆਗ ਕੇ ਇਕ ਵਿਗਿਆਨਿਕ ਨਜ਼ਰੀਆ ਪੇਸ਼ ਕਰਨਾ ਸੀ।