ਚੀਨ ਨੂੰ ਲੱਗੇਗਾ ਵੱਡਾ ਕਾਰੋਬਾਰੀ ਝਟਕਾ, 24 ਕੰਪਨੀਆਂ ਭਾਰਤ 'ਚ ਲਗਾਉਣਗੀਆਂ ਮੋਬਾਈਲ ਫ਼ੋਨ ਪਲਾਟ!

ਏਜੰਸੀ

ਕਈ ਵੱਡੀਆਂ ਕੰਪਨੀਆਂ ਚੀਨ 'ਚੋਂ ਕਾਰੋਬਾਰ ਸਮੇਟਣ ਲਈ ਤਿਆਰ

mobile phone units

ਨਵੀਂ ਦਿੱਲੀ : ਦੁਨੀਆਂ ਨੂੰ ਕਰੋਨਾ ਵੰਡਣ ਵਾਲੇ ਚੀਨ ਨੂੰ ਹੁਣ ਇਸ ਦਾ ਖਮਿਆਜ਼ਾ ਦੁਨੀਆਂ ਦੀ ਨਰਾਜਗੀ ਦੇ ਨਾਲ-ਨਾਲ ਕਾਰੋਬਾਰੀ ਨੁਕਸਾਨ ਦੇ ਰੂਪ ਵਿਚ ਵੀ ਭੁਗਤਣਾ ਪੈ ਰਿਹਾ ਹੈ। ਕਰੋਨਾ ਮਹਾਮਾਰੀ ਦੌਰਾਨ ਚੀਨ ਵਲੋਂ ਅਪਣੇ ਗੁਆਢੀਆਂ ਪ੍ਰਤੀ ਅਪਣਾਇਆ ਅੜੀਅਲ ਵਤੀਰਾ ਵੀ ਉਸ ਲਈ ਨੁਕਸਾਨਦੇਹ ਸਾਬਤ ਹੋਣ ਵਾਲਾ ਹੈ। ਦੁਨੀਆਂ ਦੀ ਕਈ ਦਿਗਜ਼ ਕੰਪਨੀਆਂ ਹੁਣ ਚੀਨ 'ਚੋਂ ਅਪਣਾ ਕਾਰੋਬਾਰ ਸਮੇਟਣ ਜਾ ਰਹੀਆਂ ਹਨ।

ਇਸ ਦਰਮਿਆਨ ਭਾਰਤ ਸਰਕਾਰ ਵਲੋਂ ਕੰਪਨੀਆਂ ਨੂੰ ਅਪਣੇ ਵੱਲ ਆਕਰਸ਼ਤ ਕਰਨ ਦੀਆਂ ਕੋਸ਼ਿਸ਼ਾਂ ਨੇ ਵੀ ਰੰਗ ਵਿਖਾਉਣਾ ਸ਼ੁਰੂ ਕਰ ਦਿਤਾ ਹੈ। ਹੁਣ ਕਈ ਦਿਗਜ਼ ਕੰਪਨੀਆਂ ਭਾਰਤ 'ਚ ਅਪਣਾ ਕਾਰੋਬਾਰ ਸਥਾਪਤ ਕਰਨ ਲਈ ਅੱਗੇ ਆ ਰਹੀਆਂ ਹਨ। ਸੈਮਸੰਗ ਇਲੈਕਟਰਾਨਿਕਸ ਤੋਂ ਲੈ ਕੇ ਐਪਲ ਤਕ ਦੇ ਅਸੈਂਬਲੀ ਪਾਰਟਨਰਸ ਨੇ ਭਾਰਤ ਵਿਚ ਨਿਵੇਸ਼ ਕਰਨ ਵਿਚ ਦਿਲਚਸਪੀ ਵਿਖਾਈ ਹੈ।

ਮੋਦੀ ਸਰਕਾਰ ਨੇ ਇਲੈਕਟਰਾਨਿਕ ਸਾਮਾਨ ਬਣਾਉਣ ਵਾਲੀਆਂ ਕੰਪਨੀਆਂ ਲਈ ਮਾਰਚ ਮਹੀਨੇ ਦੌਰਾਨ ਕਈ ਤਰ੍ਹਾਂ ਦੀਆਂ ਰਿਆਇਤਾਂ ਦਾ ਐਲਾਨ ਕੀਤਾ ਸੀ। ਸਿੱਟੇ ਵਜੋਂ ਕਰੀਬ ਦੋ ਦਰਜਨ ਕੰਪਨੀਆਂ ਨੇ ਭਾਰਤ ਵਿਚ ਮੋਬਾਇਲ ਫ਼ੋਨ ਯੂਨਿਟ ਲਗਾਉਣ ਲਈ 1.5 ਅਰਬ ਡਾਲਰ ਦੇ ਨਿਵੇਸ਼ ਦਾ ਵਾਅਦਾ ਕੀਤਾ ਹੈ। ਸੈਮਸੰਗ  ਦੇ ਇਲਾਵਾ ਫਾਕਸਕਾਨ ਦੇ ਨਾਮ ਨਾਲ ਜਾਣੀ ਜਾਂਦੀ ਪ੍ਰਸਿੱਧ ਕੰਪਨੀ Hon Hai Precision Industry Co.,  ਵਿਸਟਰਾਨ ਕਾਰਪ  (Wistron Corp.)  ਅਤੇ ਪੇਗਾਟਰਾਨ ਕਾਰਪ  (Petatron Corp.)  ਨੇ ਵੀ ਭਾਰਤ ਵਿਚ ਨਿਵੇਸ਼ ਕਰਨ 'ਚ ਦਿਲਚਸਪੀ ਵਿਖਾਈ ਹੈ।

ਇੰਨਾ ਹੀ ਨਹੀਂ ਭਾਰਤ ਨੇ ਫਾਰਮਾਸਿਊਟਿਕਲ ਸੈਕਟਰ ਲਈ ਵੀ ਕਈ ਐਲਾਨ ਕੀਤੇ ਹਨ। ਇਸੇ ਤਰ੍ਹਾਂ ਕਈ ਹੋਰ ਸੈਕਟਰਾਂ ਵਿਚ ਵੀ ਇਸਨੂੰ ਲਾਗੂ ਕੀਤਾ ਜਾ ਸਕਦਾ ਹੈ। ਇਨ੍ਹਾਂ ਵਿਚ ਆਟੋਮੋਬਾਇਲ, ਟੈਕਸਟਾਇਲ ਅਤੇ ਫੂਡ ਪ੍ਰੋਸੈਸਿੰਗ ਸ਼ਾਮਲ ਹੈ। ਦੂਜੇ ਪਾਸੇ ਅਮਰੀਕਾ ਅਤੇ ਚੀਨ ਵਿਚਾਲੇ ਵਧਦੇ ਤਣਾਅ ਦੇ ਮੱਦੇਨਜ਼ਰ ਵੀ ਕਈ  ਕੰਪਨੀਆਂ ਅਪਣੀ ਸਪਲਾਈ ਚੇਨ ਨੂੰ ਬਦਲਣਾ ਚਾਹੁੰਦੀਆਂ ਹਨ।

ਇਹੀ ਵਜ੍ਹਾ ਹੈ ਕਿ ਉਹ ਚੀਨ  ਦੇ ਬਾਹਰ ਸਪਲਾਈ ਚੇਨ ਦੇ ਦੂਜੇ ਰਸਤੇ ਖੋਜ ਰਹੀਆਂ ਹਨ। ਹਾਲਾਂਕਿ ਭਾਰਤ ਅਜੇ ਤਕ ਇਸ ਦਾ ਜ਼ਿਆਦਾ ਫਾਇਦਾ ਉਠਾਉਣ 'ਚ ਕਾਮਯਾਬ ਨਹੀਂ ਹੋ ਸਕਿਆ, ਪਰ ਫਿਰ ਵੀ ਸਰਕਾਰ ਵਲੋਂ ਚੁੱਕੇ ਜਾ ਰਹੇ ਹਾਲੀਆ ਕਦਮਾਂ ਸਦਕਾ ਆਉਂਦੇ ਸਮੇਂ ਦੌਰਾਨ ਕਈ ਕੰਪਨੀਆਂ ਭਾਰਤ ਵੱਲ ਰੁਖ ਕਰ ਸਕਦੀਆਂ ਹਨ। ਸਟੈਂਡਰਡ ਚਾਰਟਰਡ ਪੀਐਲਸੀ ਦੇ ਇਕ ਤਾਜ਼ਾ ਸਰਵੇ ਮੁਤਾਬਕ ਇਸ ਸਮੇਂ ਇਨ੍ਹਾਂ ਕੰਪਨੀਆਂ ਲਈ ਵੀਅਤਨਾਮ ਸਭ ਤੋਂ ਪਸੰਦੀਦਾ ਵਿਕਲਪ ਬਣਿਆ ਹੋਇਆ ਹੈ। ਇਸ ਤੋਂ ਬਾਅਦ ਕੰਬੋਡੀਆ, ਮੀਆਂਮਾਰ,  ਬੰਗਲਾਦੇਸ਼ ਅਤੇ ਥਾਈਲੈਂਡ ਆਦਿ ਦਾ ਨਾਮ ਆਉਂਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।