ਭਾਰਤ ਵਿਚ ਮੋਬਾਈਲ ਫੋਨ ਬਣਾਉਣਗੀਆਂ ਵਿਦੇਸ਼ੀ ਕੰਪਨੀਆਂ, ਮਿਲੇਗਾ 12 ਲੱਖ ਲੋਕਾਂ ਨੂੰ ਰੁਜ਼ਗਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੇਂਦਰ ਸਰਕਾਰ ਦੀ ਪ੍ਰੋਡਕਸ਼ਨ ਲਿੰਕਡ ਇਨਸੈਂਟਿਵ ਸਕੀਮ (PLI Scheme) ਦੇ ਤਹਿਤ ਇਹ ਕੰਪਨੀਆਂ ਅਗਲੇ ਪੰਜ ਸਾਲ ਵਿਚ 11.5 ਲੱਖ ਕਰੋੜ ਦਾ ਉਤਪਾਦਨ ਕਰਨਗੀਆਂ।

Ravi Shankar Prasad

ਨਵੀਂ ਦਿੱਲੀ: ਆਈਟੀ ਮੰਤਰੀ ਰਵਿਸ਼ੰਕਰ ਪ੍ਰਸਾਦ ਨੇ ਸ਼ਨੀਵਾਰ ਨੂੰ ਐਲ਼ਾਨ ਕੀਤਾ ਕਿ ਪੇਗਾਟ੍ਰੋਨ, ਸੈਮਸੰਗ, ਲਾਵਾ ਅਤੇ ਡਿਕਸਨ ਆਦਿ ਇਲੈਕਟ੍ਰਾਨਿਕ ਨਿਰਮਾਤਾ ਕੰਪਨੀਆਂ ਨੇ ਭਾਰਤ ਵਿਚ ਮੋਬਾਈਲ ਡਿਵਾਇਸ ਅਤੇ ਉਹਨਾਂ ਦੇ ਪੁਰਜ਼ੇ ਬਣਾਉਣ ਦਾ ਪ੍ਰਸਤਾਵ ਦਿੱਤਾ ਹੈ। ਕੇਂਦਰ ਸਰਕਾਰ ਦੀ ਪ੍ਰੋਡਕਸ਼ਨ ਲਿੰਕਡ ਇਨਸੈਂਟਿਵ ਸਕੀਮ (PLI Scheme) ਦੇ ਤਹਿਤ ਇਹ ਕੰਪਨੀਆਂ ਅਗਲੇ ਪੰਜ ਸਾਲ ਵਿਚ 11.5 ਲੱਖ ਕਰੋੜ ਦਾ ਉਤਪਾਦਨ ਕਰਨਗੀਆਂ।

ਇਸ ਨਾਲ ਦੇਸ਼ ਵਿਚ ਇਲੈਕਟ੍ਰਾਨਿਕਸ ਮੈਨੂਫੈਕਚਰਿੰਗ ਨੂੰ ਉਤਸ਼ਾਹ ਮਿਲ ਸਕੇਗਾ।  ਪੀਐਲਆਈ ਸਕੀਮ ਦੇ ਤਹਿਤ ਕੁੱਲ 22 ਕੰਪਨੀਆਂ ਨੇ ਅਰਜ਼ੀ ਦਿੱਤੀ ਹੈ, ਜਿਸ ਵਿਚ ਸੈਮਸੰਗ, ਫੌਕਸਕਨ (Foxconn), ਰਾਈਜ਼ਿੰਗ ਸਟਾਰ (Rising Star), ਵਿਸਟ੍ਰੋਨ (Wistron) ਅਤੇ ਪੇਗਾਟ੍ਰੋਨ (Pegatron) ਆਦਿ ਦਿੱਗਜ਼ ਬ੍ਰਾਂਡ ਸ਼ਾਮਲ ਹਨ।

ਰਵਿਸ਼ੰਕਰ ਪ੍ਰਸਾਦ ਨੇ ਕਿਹਾ, ‘ਅੰਤਰਰਾਸ਼ਟਰੀ ਮੋਬਾਈਲ ਫੋਨ ਨਿਰਮਾਤਾ ਕੰਪਨੀਆਂ ਨੇ 15,000 ਅਤੇ ਇਸ ਤੋਂ ਜ਼ਿਆਦਾ ਦੇ ਸੈਗਮੈਂਟ ਵਿਚ ਉਤਪਾਦਨ ਲਈ ਅਰਜ਼ੀ ਦਿੱਤੀ ਹੈ’। ਇਹਨਾਂ ਵਿਚ ਤਿੰਨ ਕੰਪਨੀਆਂ ਐਪਲ ਦੀ ਆਈਫੋਨ ਦੀਆਂ ਕੰਟਰੈਕਟ ਮੈਨੂਫੈਕਚਰਰਜ਼ ਹਨ। ਇਹਨਾਂ ਦਾ ਨਾਮ ਫੌਕਸਕ, ਵਿਸਟ੍ਰੋਨ ਅਤੇ ਪੇਗਾਟ੍ਰੋਨ ਹੈ।

37 ਫੀਸਦੀ ਦੇ ਨਾਲ ਐਪਲ ਅਤੇ 22 ਫੀਸਦੀ ਦੇ ਨਾਲ ਸੈਮਸੰਗ ਨੂੰ ਮਿਲਾ ਦਿੱਤਾ ਜਾਵੇ ਤਾਂ ਇਹ ਦੋਵੇਂ ਕੰਪਨੀਆਂ ਗਲੋਬਲ ਮੋਬਾਈਲ ਫੋਨਸ ਦੇ ਵਿਕਰੀ ਮਾਲੀਆ ਦਾ ਕਰੀਬ 60 ਫੀਸਦੀ  ਪ੍ਰਾਪਤ ਕਰਦੀਆਂ ਹਨ। ਹੁਣ ਕੇਂਦਰ ਸਰਕਾਰ ਪੀਐਲਆਈ ਸਕੀਮ ਤੋਂ ਬਾਅਦ ਉਮੀਦ ਹੈ ਕਿ ਇਹਨਾਂ ਕੰਪਨੀਆਂ ਦਾ ਨਿਰਮਾਣ ਅਧਾਰ ਕਈ ਗੁਣਾ ਵਧ ਜਾਵੇਗਾ।

ਇਸ ਦੌਰਾਨ ਜਦੋਂ ਰਵਿਸ਼ੰਕਰ ਪ੍ਰਸਾਦ ਕੋਲੋਂ ਚੀਨੀ ਕੰਪਨੀਆਂ ਦੀ ਹਿੱਸੇਦਾਰੀ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਉਹ ਕਿਸੇ ਦੇਸ਼ ਦਾ ਨਾਮ ਨਹੀਂ ਲੈਣਾ ਚਾਹੁੰਦੇ।  ਆਈਟੀ ਮੰਤਰੀ ਨੇ ਇਹ ਵੀ ਦੱਸਿਆ ਕਿ ਇਹਨਾਂ ਕੰਪਨੀਆਂ ਵੱਲੋਂ ਦਿੱਤੀ ਗਈ ਪੇਸ਼ਕਸ਼ ਨਾਲ ਦੇਸ਼ ਵਿਚ 12 ਲੱਖ ਨਵੇਂ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ। ਇਸ ਵਿਚ 3 ਲੱਖ ਡਾਇਰੈਕਟ ਨੌਕਰੀਆਂ ਹੋਣਗੀਆਂ ਅਤੇ ਕਰੀਬ 9 ਲੱਖ ਇਨਡਾਇਰੈਕਟ ਨੌਕਰੀਆਂ ਹੋਣਗੀਆਂ।