ਹੁਣ ਯੂਕੇ ਵਿਚ ਸਿੱਖ ਰੱਖ ਸਕਦੇ ਹਨ 3 ਫੁੱਟ ਲੰਬੀ ਕਿਰਪਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਯੂਕੇ ਵਿਚ ਸਿੱਖਾਂ ਨੂੰ ਲੰਬੀ ਕਿਰਪਾਨ ਰੱਖਣ ਅਤੇ ਧਾਰਮਿਕ ਜਾਂ ਸੱਭਿਆਚਾਰਕ ਸਮਾਗਮਾਂ ਦੌਰਾਨ ਇਸ ਦੀ ਵਰਤੋਂ ਲਈ ਇਜਾਜ਼ਤ ਦੇ ਦਿੱਤੀ ਗਈ ਹੈ।

Sikhs in UK can now buy, keep 3ft kirpans

ਯੁਨਾਈਟਡ ਕਿੰਗਡਮ ਸਰਕਾਰ ਨੇ ਇਕ ਕਾਨੂੰਨ ਵਿਚ ਸੋਧ ਜਾਰੀ ਕਰਦਿਆਂ ਦੇਸ਼ ਵਿਚ ਸਿੱਖਾਂ ਨੂੰ ਲੰਬੀ ਕਿਰਪਾਨ ਰੱਖਣ ਅਤੇ ਧਾਰਮਿਕ ਅਤੇ ਸੱਭਿਆਚਾਰਕ ਸਮਾਗਮਾਂ ਦੌਰਾਨ ਇਸ ਦੀ ਵਰਤੋਂ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਵੀਰਵਾਰ ਨੂੰ ‘ਦ ਔਫੈਂਸਿਵ ਵੈਪਨ ਬਿੱਲ’ ਦੇ ਤਹਿਤ ਇਸ ਸਬੰਧੀ ਸ਼ਾਹੀ ਮਨਜ਼ੂਰੀ ਮਿਲੀ ਹੈ। ਬਿੱਲ ਦੇ ਸ਼ੁਰੂਆਤੀ ਡਰਾਫਟ ਵਿਚ ਸਿੱਧੇ ਤੌਰ ‘ਤੇ ਸਿੱਖਾਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਧਾਰਨਾਵਾਂ ਸ਼ਾਮਿਲ ਸਨ, ਜਿਸ ਅਨੁਸਾਰ 50 ਸੈਂਟੀਮੀਟਰ ਤੋਂ ਜ਼ਿਆਦਾ ਲੰਬੀ ਕਿਰਪਾਨ ਦੀ ਵਿਕਰੀ ਅਤੇ ਵਰਤੋਂ ‘ਤੇ ਪਾਬੰਦੀ ਸੀ। ਜਿਸ ਦੀ ਉਲੰਘਣਾ ਕਰਨ ‘ਤੇ ਜੇਲ੍ਹ ਦੀ ਸਜ਼ਾ ਹੋ ਸਕਦੀ ਸੀ।

ਇਸ ਬਿਲ ਨੂੰ ਲਿਆਉਣ ਲਈ ਐਡਗਬਾਸਟ, ਬਰਮਿੰਘਮ ਦੀ ਸਾਂਸਦ ਪ੍ਰੀਤ ਕੌਰ ਗਿੱਲ ਨੇ ਬਹੁਤ ਮਿਹਨਤ ਕੀਤੀ। ਪ੍ਰੀਤ ਕੌਰ ਦਾ ਕਹਿਣਾ ਹੈ ਕਿ ਉਸ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਹੁਣ ਦੇਸ਼ ਵਿਚ ਰਹਿ ਰਹੇ ਸਿੱਖ ਭਾਈਚਾਰੇ ਨੂੰ ਵੱਡੀ ਕਿਰਪਾਨ ਖਰੀਦਣ ਅਤੇ ਰੱਖਣ ਲਈ ਕਾਨੂੰਨੀ ਸੁਰੱਖਿਆ ਮਿਲੀ ਹੈ। ਉਹਨਾਂ ਕਿਹਾ ਕਿ ਇਹ ਸਿੱਖ ਭਾਈਚਾਰੇ ਅਤੇ ਸਿੱਖ ਸਾਂਸਦਾਂ ਦੀ ਸਮੂਹਿਕ ਜਿੱਤ ਹੈ।

ਜਦੋਂ ਲੇਸਟਰ ਦੇ ਇਕ ਸਿੱਖ ਪੁਲਿਸ ਅਫਸਰ ਨੂੰ ਸ਼ੁਰੂਆਤੀ ਬਿੱਲ ਬਾਰੇ ਪਤਾ ਲੱਗਿਆ ਤਾਂ ਉਸ ਨੇ ਬਿੱਲ ਹਾਊਸ ਆਫ ਕਾਮਨਸ ਵਿਚ ਪੇਸ਼ ਹੋਣ ਤੋਂ ਪਹਿਲਾਂ ਹੀ ਸਿੱਖ ਲੀਡਰਾਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਇਸ ਸੋਧ ਲਈ ਮਿਹਨਤ ਕਰਨ ਵਾਲੇ ਸਿੱਖ ਫੈਡਰੇਸ਼ਨ ਯੂਕੇ ਦੇ ਮੈਂਬਰ ਦਬਿੰਦਰਜੀਤ ਸਿੰਘ ਨੇ ਕਿਹਾ ਕਿ 48 ਘੰਟਿਆਂ ਦੇ ਅੰਦਰ ਹੀ ਬ੍ਰਿਟੇਨ ਦੇ ਸਿੱਖ ਵਿਧਾਇਕਾਂ ਨੇ ਸੰਸਦ ਵਿਚ ਧਾਰਮਿਕ ਕਾਰਨਾਂ ਦਾ ਹਵਾਲਾ ਦੇ ਕੇ ਸ਼ੁਰੂਆਤੀ ਬਿੱਲ ਵਿਚ ਬਦਲਾਅ ਕਰਨ ਲਈ ਕਿਹਾ।

ਉਸ ਸਮੇਂ ਨਿਸ਼ਚਿਤ ਰੂਪ ਵਿਚ ਸਾਂਸਦਾ ਨੇ ਸੂਬੇ ਦੇ ਸਕੱਤਰ ਦੇ ਨਾਲ ਮੁਲਾਕਾਤ ਕਰਕੇ ਇਹ ਸੋਧ ਲਿਆਉਣ ਲਈ ਕਿਹਾ। ਇਸ ਸਬੰਧੀ ਪ੍ਰੀਤ ਕੌਰ ਗਿੱਲ ਨੇ ਗ੍ਰਹਿ ਸਕੱਤਰ ਸਾਜਿਦ ਜਾਵਿਦ ਨਾਲ ਵੀ ਮੁਲਾਕਾਤ ਕੀਤੀ। ਕਿਰਪਾਨ ਸ਼ਬਦ ਦੋ ਸ਼ਬਦਾਂ ਨੂੰ ਜੋੜ ਕੇ ਬਣਿਆ ਹੈ ਕਿਰਪਾ+ਆਨ, ਕਿਰਪਾ ਤੋਂ ਭਾਵ ਦਇਆ (mercy) ਅਤੇ ਆਨ (honour) ਤੋਂ ਭਾਵ ਸਨਮਾਨ ਹੈ। ਇਸ ਨੂੰ ਪਹਿਲੀ ਵਾਰ ਸਪੱਸ਼ਟੀਕਰਨ ਨੋਟ ਵਿਚ ਦਰਜ ਕੀਤਾ ਗਿਆ। ਜਿਸ ‘ਤੇ ਕਿਸੇ ਦਾ ਧਿਆਨ ਨਹੀਂ ਗਿਆ।

ਕਿਰਪਾਨ ਸ਼ਬਦ ਨੂੰ ਪਹਿਲੀ ਵਾਰ ਧਾਰਮਿਕ ਕਾਰਨਾਂ ਕਰਕੇ ਕਾਨੂੰਨ ਵਿਚ ਪ੍ਰਭਾਸ਼ਿਤ ਕੀਤਾ ਗਿਆ ਤਾਂ ਜੋ ਕਿਰਪਾਨ ਲਈ ਸਰੱਖਿਆ ਪ੍ਰਦਾਨ ਕੀਤੀ ਜਾ ਸਕੇ। ਸਿੱਖ ਭਾਈਚਾਰੇ ਅਤੇ ਨੌਜਵਾਨ ਸੇਵਾਵਾਂ ਦੇ ਮੈਂਬਰ ਗੁਰਮੇਲ ਸਿੰਘ ਕੰਧੋਲਾ ਨੇ ਕਿਹਾ ਕਿ ਇਹ ਜਾਣ ਕੇ ਖੁਸ਼ੀ ਹੋਈ ਕਿ ਬਹੁਤ ਲੰਬੇ ਸਮੇਂ ਤੋਂ ਬਾਅਦ ਬ੍ਰਿਟਿਸ਼ ਮੀਡੀਆ, ਸੰਸਦ ਅਤੇ ਸਿਵਲ ਸੇਵਕਾਂ ਵੱਲੋਂ ਕਿਰਪਾਨ ਸ਼ਬਦ ਦਾ ਸਹੀ ਇਸਤੇਮਾਲ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹ ਸਿੱਖਾਂ ਦੀ ਵੱਡੀ ਪ੍ਰਾਪਤੀ ਹੈ ਅਤੇ ਇਸ ਲਈ ਸਰਕਾਰ ਦਾ ਧੰਨਵਾਦ ਹੈ।