7 ਮਹੀਨੇ ਬਾਅਦ ਰਿਹਾਅ ਹੋਣਗੇ ਉਮਰ ਅਬਦੁੱਲਾ, J-K ਪ੍ਰਸ਼ਾਸਨ ਨੇ ਖਤਮ ਕੀਤੀ ਨਜ਼ਰਬੰਦੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ ਮੰਗਲਵਾਰ ਨੂੰ ਰਿਹਾਅ ਕਰ ਦਿੱਤਾ ਗਿਆ।

Photo

ਸ਼੍ਰੀਨਗਰ: ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ ਮੰਗਲਵਾਰ ਨੂੰ ਰਿਹਾਅ ਕਰ ਦਿੱਤਾ ਗਿਆ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਉੱਪਰੋਂ ਜਨ ਸੁਰੱਖਿਆ ਕਾਨੂੰਨ (ਪੀਐਸਏ) ਹਟਾ ਲਿਆ ਗਿਆ ਹੈ।

ਇਸ ਤੋਂ ਪਹਿਲਾਂ ਉਹਨਾਂ ਦੇ ਪਿਤਾ ਅਤੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੂੰ ਰਿਹਾਅ ਕੀਤਾ ਗਿਆ ਸੀ। ਦੱਸ ਦਈਏ ਕਿ ਉਮਰ ਅਬਦੁੱਲਾ ਬੀਤੇ ਸਾਲ 4-5 ਅਗਸਤ ਦੀ ਰਾਤ ਤੋਂ ਹੀ ਨਜ਼ਰਬੰਦ ਸੀ। 5 ਅਗਸਤ 2019 ਨੂੰ ਜੰਮੂ-ਕਸ਼ਮੀਰ ਤੋਂ ਧਾਰਾ 370 ਅਤੇ ਧਾਰਾ 35ਏ ਨੂੰ ਖਤਮ ਕਰ ਦਿੱਤਾ ਗਿਆ ਸੀ।

ਅਬਦੁੱਲਾ ਦੀ ਭੈਣ ਸਾਰਾ ਅਬਦੁੱਲਾ ਪਾਇਲਟ ਨੇ ਸੁਪਰੀਮ ਕੋਰਟ ਵਿਚ ਉਹਨਾਂ ਦੀ ਰਿਹਾਈ ‘ਤੇ ਪਟੀਸ਼ਨ ਦਰਜ ਕੀਤੀ ਸੀ। ਇਸ ‘ਤੇ 18 ਮਾਰਚ ਨੂੰ ਸੁਣਵਾਈ ਦੌਰਾਨ ਅਦਾਲਤ ਨੇ ਕਿਹਾ ਸੀ ਕਿ, ‘ਜੇਕਰ ਤੁਸੀਂ ਉਹਨਾਂ ਨੂੰ ਰਿਹਾਅ ਕਰ ਰਹੇ ਹੋ ਤਾਂ ਜਲਦੀ ਕਰੋ ਨਹੀਂ ਤਾਂ ਇਸ ਮਾਮਲੇ ਦੀ ਸੁਣਵਾਈ ਮੈਰਿਟ ਦੇ ਅਧਾਰ 'ਤੇ ਕੀਤੀ ਜਾਏਗੀ’।

ਜਸਟਿਸ ਅਰੁਣ ਮਿਸ਼ਰਾ ਅਤੇ ਜਸਟਿਸ ਐਮਆਰ ਸ਼ਾਹ ਦੀ ਬੈਂਚ ਨੇ ਕੇਂਦਰ ਵੱਲੋਂ ਪੇਸ਼ ਐਡਵੋਕੇਟ ਨੂੰ ਕਿਹਾ ਸੀ ਕਿ ਜੇਕਰ ਅਬਦੁੱਲ ਨੂੰ ਤੁਰੰਤ ਰਿਹਾਅ ਨਹੀਂ ਕੀਤਾ ਗਿਆ ਤਾਂ ਉਹ ਇਸ ਨਜ਼ਰਬੰਦੀ ਦੇ ਖਿਲਾਫ਼ ਉਹਨਾਂ ਦੀ ਭੈਣ ਸਾਰਾ ਅਬਦੁੱਲਾ ਪਾਇਲਟ ਦੀ ਨਜ਼ਰਬੰਦੀ ਪਟੀਸ਼ਨ ‘ਤੇ ਸੁਣਵਾਈ ਕਰੇਗੀ।