ਅਮਰੀਕੀ ਨੋਬਲ ਵਿਜੇਤਾ ਨੇ ਕੀਤੀ ਭਵਿੱਖਬਾਣੀ, ਜਲਦ ਮੁੱਕੇਗੀ ਕੋਰੋਨਾ ਦੀ ਤਰਾਸਦੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਨੋਬਲ ਪੁਰਸਕਾਰ ਨਾਲ ਸਨਮਾਨਿਤ ਤੇ ਸਟੈਨਫੋਰਡ ਬਾਇਓਫਿਜ਼ਿਸਟ ਮਾਈਕਲ ਲੇਵਿਟ ਦਾ ਕਹਿਣਾ ਹੈ ਕਿ ਕੋਰੋਨਾਵਾਇਰਸ ਦਾ ਦੁਨੀਆ ਵਿਚ ਸਭ ਤੋਂ ਬੁਰਾ ਦੌਰ ਸ਼ਾਇਦ

File Photo

ਵਾਸ਼ਿੰਗਟਨ- ਨੋਬਲ ਪੁਰਸਕਾਰ ਨਾਲ ਸਨਮਾਨਿਤ ਤੇ ਸਟੈਨਫੋਰਡ ਬਾਇਓਫਿਜ਼ਿਸਟ ਮਾਈਕਲ ਲੇਵਿਟ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਦਾ ਦੁਨੀਆ ਵਿਚ ਸਭ ਤੋਂ ਬੁਰਾ ਦੌਰ ਸ਼ਾਇਦ ਪਹਿਲਾਂ ਹੀ ਖਤਮ ਹੋ ਚੁੱਕਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਨੇ ਆਪਣੀ ਜਿਨੀ ਤਬਾਹੀ ਮਚਾਉਣੀ ਸੀ ਉਹ ਮਚਾ ਚੁੱਕਾ ਹੈ ਤੇ ਹੁਣ ਹਾਲਾਤ ਹੌਲੀ-ਹੌਲੀ ਸੁਧਰਣਗੇ।

ਇਕ ਇੰਟਰਵਿਊ ਦੌਰਾਨ ਮਾਈਕਲ ਨੇ ਕਿਹਾ ਕਿ ਅਸਲੀ ਸਥਿਤੀ ਉਨੀਂ ਭਿਆਨਕ ਨਹੀਂ ਹੈ, ਜਿੰਨਾਂ ਖਦਸ਼ਾ ਜ਼ਾਹਿਰ ਕੀਤਾ ਗਿਆ ਹੈ, ਹਰ ਪਾਸੇ ਡਰ ਤੇ ਚਿੰਤਾ ਦੇ ਮਾਹੌਲ ਵਿਚ ਲੇਵਿਟ ਦਾ ਇਹ ਬਿਆਨ ਖੁਸ਼ੀ ਦੇਣ ਵਾਲਾ ਹੈ। ਉਹਨਾਂ ਦਾ ਬਿਆਨ ਇਸ ਲਈ ਵੀ ਜਰੂਰੀ ਹੈ ਕਿਉਂਕਿ ਚੀਨ ਵਿਚ ਕੋਰੋਨਾ ਵਾਇਰਸ ਤੋਂ ਉਭਰਣ ਨੂੰ ਲੈ ਕੇ ਉਹਨਾਂ ਦੀ ਭਵਿੱਖਬਾਣੀ ਸਹੀ ਸਾਬਿਤ ਹੋਈ ਹੈ। ਸਾਰੇ ਸਿਹਤ ਮਾਹਰ ਦਾਅਵਾ ਕਰ ਰਹੇ ਸਨ ਕਿ ਕੋਰੋਨਾ ਵਾਇਰਸ 'ਤੇ ਕਾਬੂ ਕਰਨ ਵਿਚ ਲੰਬਾ ਸਮਾਂ ਲੱਗੇਗਾ ਪਰ ਲੇਵਿਟ ਨੇ ਇਸ ਬਾਰੇ ਵਿਚ ਬਿਲਕੁੱਲ ਸਹੀ ਅੰਦਾਜ਼ਾ ਲਾਇਆ।

ਲੇਵਿਟ ਨੇ ਫਰਵਰੀ ਵਿਚ ਲਿਖਿਆ ਸੀ ਕਿ ਹਰ ਦਿਨ ਚੀਨ ਵਿਚ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਵਿਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਇਸ ਨਾਲ ਸਾਬਿਤ ਹੁੰਦਾ ਹੈ ਕਿ ਅਗਲੇ ਹਫਤੇ ਕੋਰੋਨਾ ਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਦੀ ਦਰ ਘਟਣ ਲੱਗੇਗੀ। ਉਹਨਾਂ ਦੀ ਭਵਿੱਖਬਾਣੀ ਦੇ ਮੁਤਾਬਕ ਹਰ ਦਿਨ ਮੌਤਾਂ ਦੀ ਗਿਣਤੀ ਵਿਚ ਕਮੀ ਆਉਣ ਲੱਗੀ ਹੈ।

ਦੁਨੀਆ ਦੇ ਕਈ ਮਾਹਰਾਂ ਦੇ ਅੰਦਾਜ਼ੇ ਦੇ ਉਲਟ ਚੀਨ ਜਲਦੀ ਹੀ ਆਪਣੇ ਪੈਰਾਂ 'ਤੇ ਮੁੜ ਖੜ੍ਹਾ ਹੋ ਗਿਆ। ਦੋ ਮਹੀਨੇ ਦੇ ਲਾਕਡਾਊਨ ਤੋਂ ਬਾਅਦ ਕੋਰੋਨਾ ਵਾਇਰਸ ਨਾਲ ਸਭ ਤੋਂ ਵਧੇਰੇ ਪ੍ਰਭਾਵਿਤ ਹੁਬੇਈ ਸੂਬਾ ਵੀ ਖੁੱਲਣ ਵਾਲਾ ਹੈ। ਅਸਲ ਵਿਚ ਲੇਵਿਟ ਨੇ ਚੀਨ ਵਿਚ ਕੋਰੋਨਾ ਵਾਇਰਸ ਕਾਰਨ 3250 ਮੌਤਾਂ ਤੇ 80 ਹਜ਼ਾਰ ਮਾਮਲਿਆਂ ਦਾ ਅੰਦਾਜ਼ਾ ਲਗਾਇਆ ਸੀ ਜਦਕਿ ਮਾਹਰ ਲੱਖਾਂ ਮੌਤਾਂ ਦਾ ਅੰਦਾਜ਼ਾ ਲਾ ਰਹੇ ਸਨ। ਮੰਗਲਵਾਰ ਤੱਕ ਚੀਨ ਵਿਚ 3,277 ਮੌਤਾਂ ਤੇ 81,171 ਮਾਮਲੇ ਸਾਹਮਣੇ ਆਏ ਹਨ।

ਹੁਣ ਲੇਵਿਟ ਪੂਰੀ ਦੁਨੀਆ ਵਿਚ ਵੀ ਚੀਨ ਵਾਲਾ ਟ੍ਰੈਂਡ ਹੀ ਦੇਖ ਰਹੇ ਹਨ। 78 ਦੇਸ਼ਾਂ ਵਿਚ ਜਿਥੇ ਹਰ ਰੋਜ਼ 50 ਨਵੇਂ ਮਾਮਲੇ ਸਾਹਮਣੇ ਆ ਰਹੇ ਹਨ, ਉਸ ਡਾਟਾ ਦੀ ਸਮੀਖਿਆ ਦੇ ਆਧਾਰ 'ਤੇ ਉਹ ਕਹਿੰਦੇ ਹਨ ਕਿ ਜ਼ਿਆਦਾਤਰ ਥਾਵਾਂ 'ਤੇ ਰਿਕਵਰੀ ਦੇ ਸੰਕੇਤ ਨਜ਼ਰ ਆ ਰਹੇ ਹਨ। ਉਹਨਾਂ ਦੀ ਸਮੀਖਿਆ ਹਰ ਦੇਸ਼ ਵਿਚ ਕੋਰੋਨਾ ਵਾਇਰਸ ਦੇ ਕੁੱਲ ਮਾਮਲਿਆਂ 'ਤੇ ਨਹੀਂ ਬਲਕਿ ਹਰ ਦਿਨ ਆ ਰਹੇ ਨਵੇਂ ਮਾਮਲਿਆਂ 'ਤੇ ਆਧਾਰਿਤ ਹੈ। ਲੇਵਿਟ ਕਹਿੰਦੇ ਹਨ ਕਿ ਚੀਨ ਤੇ ਦੱਖਣੀ ਕੋਰੀਆ ਵਿਚ ਨਵੇਂ ਮਾਮਲਿਆਂ ਦੀ ਗਿਣਤੀ ਲਗਾਤਾਰ ਡਿੱਗ ਰਹੀ ਹੈ।

ਅੰਕੜਾ ਅਜੇ ਵੀ ਪਰੇਸ਼ਾਨ ਕਰਨ ਵਾਲਾ ਹੈ ਪਰ ਇਸ ਵਿਚ ਵਾਧੇ ਦੀ ਦਰ ਹੌਲੀ ਹੋਣ ਦੇ ਸਾਫ ਸੰਕੇਤ ਹਨ। ਵਿਗਿਆਨੀ ਲੇਵਿਟ ਇਸ ਗੱਲ ਨੂੰ ਵੀ ਮੰਨਦੇ ਹਨ ਕਿ ਅੰਕੜੇ ਵੱਖਰੇ ਹੋ ਸਕਦੇ ਹਨ ਤੇ ਕਈ ਦੇਸ਼ਾਂ ਵਿਚ ਅਧਿਕਾਰਿਤ ਅੰਕੜਾ ਇਸ ਲਈ ਬਹੁਤ ਘੱਟ ਹੈ ਕਿਉਂਕਿ ਟੈਸਟਿੰਗ ਘੱਟ ਹੋ ਰਹੀ ਹੈ। ਹਾਲਾਂਕਿ ਉਹਨਾਂ ਦਾ ਮੰਨਣਾ ਹੈ ਕਿ ਅਧੂਰੇ ਅੰਕੜਿਆਂ ਦੇ ਬਾਵਜੂਦ ਲਗਾਤਾਰ ਗਿਰਾਵਟ ਦਾ ਇਹ ਹੀ ਮਤਲਬ ਹੈ ਕਿ ਕੁਝ ਹੈ ਜੋ ਇਸ ਨੂੰ ਘਟਾ ਰਿਹਾ ਹੈ ਤੇ ਇਹ ਸਿਰਫ਼ ਨੰਬਰ ਗੇਮ ਨਹੀਂ ਹੈ।

ਲੇਵਿਟ ਦੀਆਂ ਇਹ ਗੱਲਾਂ ਦਿਲ ਨੂੰ ਸਕੂਨ ਮਹਿਸੂਸ ਕਰਵਾਉਂਦੀਆਂ ਹਨ। ਉਹਨਾਂ ਨੇ ਕਿਹਾ ਕਿ ਪੈਨਿਕ ਕੰਟਰੋਲ ਕਰਨਾ ਸਭ ਤੋਂ ਅਹਿਮ ਹੈ। ਅਸੀਂ ਬਿਲਕੁੱਲ ਠੀਕ ਹੋਣ ਜਾ ਰਹੇ ਹਾਂ। 2013 ਵਿਚ ਰਸਾਇਣ ਦੇ ਖੇਤਰ ਵਿਚ ਨੋਬਲ ਪੁਰਸਕਾਰ ਜਿੱਤਣ ਵਾਲੇ ਲੇਵਿਟ ਸਾਰੇ ਵਿਗਿਆਨੀਆਂ ਤੇ ਮੈਡੀਕਲ ਮਾਹਰਾਂ ਦੀ ਉਸ ਭਵਿੱਖਬਾਣੀ ਨੂੰ ਖਾਰਿਜ ਕਰ ਰਹੇ ਹਨ, ਜਿਹਨਾਂ ਵਿਚ ਕਿਹਾ ਗਿਆ ਹੈ ਕਿ ਦੁਨੀਆ ਦਾ ਅੰਤ ਹੋਣ ਵਾਲਾ ਹੈ। ਉਹਨਾਂ ਦਾ ਕਹਿਣਾ ਹੈ ਕਿ ਸਾਰਾ ਡਾਟਾ ਇਸ ਗੱਲ ਦਾ ਸਮਰਥਨ ਨਹੀਂ ਕਰਦਾ। ਲੇਵਿਟ ਨੂੰ ਕੋਰੋਨਾਵਾਇਰਸ ਕਾਰਨ ਹੌਲੀ ਹੋਏ ਆਰਥਿਕ ਵਿਕਾਸ ਨੂੰ ਲੈ ਕੇ ਸਭ ਤੋਂ ਵਧੇਰੇ ਚਿੰਤਾ ਹੈ। ਦੁਨੀਆ ਭਰ ਵਿਚ ਆਰਥਿਕ ਗਤੀਵਿਧੀਆਂ ਠੱਪ ਹੋ ਗਈਆਂ ਹਨ ਤੇ ਉਤਪਾਦਨ ਸੁਸਤ ਪੈ ਗਿਆ ਹੈ।