RBI News : 2000 ਵਾਲੇ 9330 ਕਰੋੜ ਰੁਪਏ ਦੇ ਨੋਟ ਅਜੇ ਵੀ ਜਨਤਾ ਕੋਲ, ਜਾਣੋ ਕਿਸ ਤਰ੍ਹਾਂ ਬਦਲਣਗੇ

ਏਜੰਸੀ

ਖ਼ਬਰਾਂ, ਵਪਾਰ

ਅਜੇ ਤਕ 97.38 ਫੀ ਸਦੀ ਨੋਟ ਬੈਂਕਿੰਗ ਪ੍ਰਣਾਲੀ ’ਚ ਵਾਪਸ ਆਏ : ਆਰ.ਬੀ.ਆਈ.

RBI News

RBI News : ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਸੋਮਵਾਰ ਨੂੰ ਕਿਹਾ ਕਿ 2,000 ਰੁਪਏ ਦੇ ਨੋਟਾਂ ’ਚੋਂ ਕਰੀਬ 97.38 ਫੀ ਸਦੀ ਹੁਣ ਤਕ ਬੈਂਕਿੰਗ ਪ੍ਰਣਾਲੀ ’ਚ ਵਾਪਸ ਆ ਗਏ ਹਨ ਅਤੇ ਸਿਰਫ 9,330 ਕਰੋੜ ਰੁਪਏ ਦੇ ਨੋਟ ਹੀ ਜਨਤਾ ਕੋਲ ਬਚੇ ਹਨ।  ਰਿਜ਼ਰਵ ਬੈਂਕ ਨੇ ਪਿਛਲੇ ਸਾਲ 19 ਮਈ ਨੂੰ 2,000 ਰੁਪਏ ਦੇ ਨੋਟਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਸੀ। ਰਿਜ਼ਰਵ ਬੈਂਕ ਨੇ ਇਕ ਬਿਆਨ ’ਚ ਕਿਹਾ ਕਿ 2,000 ਰੁਪਏ ਦੇ ਨੋਟਾਂ ਦੀ ਕੁਲ ਕੀਮਤ ਜੋ 19 ਮਈ, 2023 ਨੂੰ ਕਾਰੋਬਾਰ ਬੰਦ ਹੋਣ ’ਤੇ 3.56 ਲੱਖ ਕਰੋੜ ਰੁਪਏ ਸੀ, ਹੁਣ 29 ਦਸੰਬਰ, 2023 ਨੂੰ ਕਾਰੋਬਾਰ ਬੰਦ ਹੋਣ ’ਤੇ ਘੱਟ ਕੇ 9,330 ਕਰੋੜ ਰੁਪਏ ਰਹਿ ਗਈ ਹੈ। ਇਸ ਤਰ੍ਹਾਂ 19 ਮਈ, 2023 ਤਕ 2,000 ਰੁਪਏ ਦੇ ਕੁਲ ਨੋਟਾਂ ’ਚੋਂ 97.38 ਫੀ ਸਦੀ ਬੈਂਕਿੰਗ ਪ੍ਰਣਾਲੀ ’ਚ ਵਾਪਸ ਆ ਗਏ ਹਨ। 

ਅਜੇ ਵੀ ਬਦਲਵਾਇਆ ਜਾ ਸਕਦਾ ਹੈ 2 ਹਜ਼ਾਰ ਰੁਪਏ ਦੇ ਨੋਟਾਂ ਨੂੰ

ਕੇਂਦਰੀ ਬੈਂਕ ਨੇ ਕਿਹਾ ਕਿ 2,000 ਰੁਪਏ ਦੇ ਨੋਟ ਕਾਨੂੰਨੀ ਟੈਂਡਰ ਬਣੇ ਹੋਏ ਹਨ। ਇਨ੍ਹਾਂ ਨੋਟਾਂ ਨੂੰ ਦੇਸ਼ ਭਰ ’ਚ ਆਰ.ਬੀ.ਆਈ. ਦੇ ਖੇਤਰੀ ਦਫਤਰਾਂ ’ਚ ਜਾ ਕੇ ਬਦਲਿਆ ਜਾਂ ਜਮ੍ਹਾਂ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਲੋਕ ਅਪਣੇ ਬੈਂਕ ਖਾਤਿਆਂ ’ਚ ਜਮ੍ਹਾਂ ਕਰਵਾਉਣ ਲਈ ਕਿਸੇ ਵੀ ਡਾਕਘਰ ਤੋਂ ਇੰਡੀਆ ਪੋਸਟ ਰਾਹੀਂ ਆਰ.ਬੀ.ਆਈ. ਦੇ ਕਿਸੇ ਵੀ ਦਫਤਰ ’ਚ 2 ਹਜ਼ਾਰ ਰੁਪਏ ਦੇ ਨੋਟ ਭੇਜ ਸਕਦੇ ਹਨ। ਇਨ੍ਹਾਂ ਨੋਟਾਂ ਨੂੰ ਸਰਕੂਲੇਸ਼ਨ ਤੋਂ ਵਾਪਸ ਲੈਂਦੇ ਹੋਏ ਆਰ.ਬੀ.ਆਈ. ਨੇ ਇਨ੍ਹਾਂ ਨੋਟਾਂ ਨੂੰ 30 ਸਤੰਬਰ ਤਕ ਬਦਲਣ ਜਾਂ ਬੈਂਕ ਖਾਤਿਆਂ ’ਚ ਜਮ੍ਹਾਂ ਕਰਵਾਉਣ ਲਈ ਕਿਹਾ ਸੀ। ਬਾਅਦ ’ਚ ਇਹ ਸਮਾਂ ਸੀਮਾ ਵਧਾ ਕੇ 7 ਅਕਤੂਬਰ ਕਰ ਦਿਤੀ ਗਈ ਸੀ। 8 ਅਕਤੂਬਰ ਤੋਂ ਲੋਕ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ 19 ਦਫਤਰਾਂ ’ਚ 2,000 ਰੁਪਏ ਦੇ ਨੋਟ ਬਦਲ ਸਕਦੇ ਹਨ ਜਾਂ ਜਮ੍ਹਾਂ ਕਰਵਾ ਸਕਦੇ ਹਨ।

ਆਰ.ਬੀ.ਆਈ. ਬੈਂਕਾਂ ’ਚ ਨੋਟ ਬਦਲਵਾਉਣ ਲਈ ਵੱਡੀਆਂ ਕਤਾਰਾਂ ਲਗਣਾ ਜਾਰੀ

ਇਸ ਕਾਰਨ ਇਨ੍ਹਾਂ ਦਫਤਰਾਂ ’ਚ ਕੰਮ ਦੇ ਘੰਟਿਆਂ ਦੌਰਾਨ ਚੰਗੀ ਭੀੜ ਵੇਖਣ ਨੂੰ ਮਿਲ ਰਹੀ ਹੈ। ਇਹ ਆਰ.ਬੀ.ਆਈ. ਦਫ਼ਤਰ ਅਹਿਮਦਾਬਾਦ, ਬੈਂਗਲੁਰੂ, ਬੇਲਾਪੁਰ, ਭੋਪਾਲ, ਭੁਵਨੇਸ਼ਵਰ, ਚੰਡੀਗੜ੍ਹ, ਚੇਨਈ, ਗੁਹਾਟੀ, ਹੈਦਰਾਬਾਦ, ਜੈਪੁਰ, ਜੰਮੂ, ਕਾਨਪੁਰ, ਕੋਲਕਾਤਾ, ਲਖਨਊ, ਮੁੰਬਈ, ਨਾਗਪੁਰ, ਨਵੀਂ ਦਿੱਲੀ, ਪਟਨਾ ਅਤੇ ਤਿਰੂਵਨੰਤਪੁਰਮ ’ਚ ਸਥਿਤ ਹਨ। ਨਵੰਬਰ 2016 ’ਚ 1000 ਅਤੇ 500 ਰੁਪਏ ਦੇ ਪੁਰਾਣੇ ਨੋਟਾਂ ਨੂੰ ਬੰਦ ਕਰਨ ਤੋਂ ਬਾਅਦ ਆਰ.ਬੀ.ਆਈ. ਨੇ 2000 ਰੁਪਏ ਦੇ ਨੋਟ ਜਾਰੀ ਕੀਤੇ ਸਨ। 

 (For more Punjabi news apart from RBI News, stay tuned to Rozana Spokesman)