ਸਰਕਾਰ ਨੇ ਐਲੋਨ ਮਸਕ ਦੇ ‘ਐਕਸ' ਨੂੰ ਅਸ਼ਲੀਲ, ਗੈਰ-ਕਾਨੂੰਨੀ ਸਮੱਗਰੀ ਨੂੰ ਹਟਾਉਣ ਲਈ ਕਿਹਾ
72 ਘੰਟਿਆਂ ਦੇ ਅੰਦਰ ਕੀਤੀ ਗਈ ਕਾਰਵਾਈ ਦੀ ਰੀਪੋਰਟ ਮੰਗੀ
ਨਵੀਂ ਦਿੱਲੀ : ਸਰਕਾਰ ਨੇ ਸ਼ੁਕਰਵਾਰ ਨੂੰ ਐਲੋਨ ਮਸਕ ਦੀ ਅਗਵਾਈ ਵਾਲੇ ਸੋਸ਼ਲ ਮੀਡੀਆ ਮੰਚ ‘ਐਕਸ’ ਨੂੰ ਸਖਤ ਨੋਟਿਸ ਜਾਰੀ ਕੀਤਾ ਕਿ ਉਹ ਸਾਰੀਆਂ ਅਸ਼ਲੀਲ, ਨੰਗੇਜ਼ ਭਰਪੂਰ ਅਤੇ ਗੈਰਕਾਨੂੰਨੀ ਸਮੱਗਰੀ, ਖ਼ਾਸਕਰ ਏ.ਆਈ. ਐਪ ਗਰੋਕ ਵਲੋਂ ਤਿਆਰ ਕੀਤੀ ਗਈ ਸਮੱਗਰੀ ਨੂੰ ਤੁਰਤ ਹਟਾ ਦੇਵੇ, ਜਾਂ ਕਾਨੂੰਨ ਦੇ ਤਹਿਤ ਕਾਰਵਾਈ ਦਾ ਸਾਹਮਣਾ ਕਰਨਾ ਪਵੇ।
ਇਲੈਕਟ੍ਰਾਨਿਕਸ ਅਤੇ ਆਈ.ਟੀ. ਮੰਤਰਾਲੇ ਨੇ ਸੂਚਨਾ ਤਕਨਾਲੋਜੀ ਐਕਟ, 2000 ਅਤੇ ਆਈ.ਟੀ. ਨਿਯਮ, 2021 ਦੇ ਤਹਿਤ ਕਾਨੂੰਨੀ ਉਚਿਤ ਮਿਹਨਤ ਦੀਆਂ ਜ਼ਿੰਮੇਵਾਰੀਆਂ ਦੀ ਪਾਲਣਾ ਕਰਨ ਵਿਚ ਅਸਫਲ ਰਹਿਣ ਲਈ ‘ਐਕਸ’ ਦੇ ਭਾਰਤ ਦੇ ਸੰਚਾਲਨ ਲਈ ਮੁੱਖ ਪਾਲਣਾ ਅਧਿਕਾਰੀ ਨੂੰ ਨੋਟਿਸ ਜਾਰੀ ਕੀਤਾ ਹੈ।
ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਨੇ ‘ਐਕਸ’ ਨੂੰ ਅਪਮਾਨਜਨਕ ਸਮੱਗਰੀ, ਉਪਯੋਗਕਰਤਾਵਾਂ ਅਤੇ ਖਾਤਿਆਂ ਦੇ ਵਿਰੁਧ ਕਾਰਵਾਈ ਕਰਨ ਦਾ ਵੀ ਹੁਕਮ ਦਿਤਾ ਹੈ। ਮੰਤਰਾਲੇ ਨੇ ਅਮਰੀਕਾ ਸਥਿਤ ਸੋਸ਼ਲ ਮੀਡੀਆ ਫਰਮ ਨੂੰ ਹੁਕਮ ਦਿਤਾ ਹੈ ਕਿ ਉਹ ਹੁਕਮ ਜਾਰੀ ਹੋਣ ਦੀ ਮਿਤੀ ਤੋਂ 72 ਘੰਟਿਆਂ ਦੇ ਅੰਦਰ ਵਿਸਥਾਰਤ ਐਕਸ਼ਨ ਟੇਕਨ ਰੀਪੋਰਟ (ਏ.ਟੀ.ਆਰ.) ਪੇਸ਼ ਕਰੇ।
ਇਸ ਤੋਂ ਪਹਿਲਾਂ ਰਾਜ ਸਭਾ ਮੈਂਬਰ ਪ੍ਰਿਯੰਕਾ ਚਤੁਰਵੇਦੀ ਨੇ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਣਵ ਨੂੰ ਚਿੱਠੀ ਲਿਖ ਕੇ ਔਰਤਾਂ ਦੀਆਂ ਅਸ਼ਲੀਲ ਤਸਵੀਰਾਂ ਬਣਾਉਣ ਅਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ ਉਤੇ ਪੋਸਟ ਕਰਨ ਲਈ ਏਆਈ ਐਪ ਗਰੋਕ ਦੀ ਦੁਰਵਰਤੋਂ ਦੀਆਂ ਵਧਦੀਆਂ ਘਟਨਾਵਾਂ ਉਤੇ ਤੁਰਤ ਦਖਲ ਦੇਣ ਦੀ ਮੰਗ ਕੀਤੀ ਸੀ।