ਲੌਕਡਾਊਨ ਤੋਂ ਪਰੇਸ਼ਾਨ ਕੰਪਨੀਆਂ ਨੂੰ ਸਰਕਾਰ ਨੇ ਦਿੱਤੀ ਰਾਹਤ! ESIC ਭਰਨ ਦੀ ਵਧਾਈ ਡੈੱਡਲਾਈਨ

ਏਜੰਸੀ

ਖ਼ਬਰਾਂ, ਵਪਾਰ

ਕੰਪਨੀਆਂ ਲਈ ਈਐਸਆਈ ਯੋਗਦਾਨ ਦੀ ਜ਼ਰੂਰੀ ਸੀਮਾ ਵਧਾ ਦਿੱਤੀ ਗਈ ਹੈ।

Photo

ਨਵੀਂ ਦਿੱਲੀ: ਕੰਪਨੀਆਂ ਲਈ ਈਐਸਆਈ ਯੋਗਦਾਨ ਦੀ ਜ਼ਰੂਰੀ ਸੀਮਾ ਵਧਾ ਦਿੱਤੀ ਗਈ ਹੈ। ਲੌਕਡਾਊਨ ਕਾਰਨ ਆਰਥਿਕ ਦਬਾਅ ਸਹਿ ਰਹੀਆਂ ਕੰਪਨੀਆਂ ਨੂੰ ਰਾਹਤ ਦੇਣ ਲਈ ਸਰਕਾਰ ਨੇ ਇਹ ਵੱਡਾ ਫੈਸਲਾ ਲਿਆ ਹੈ। ਮਾਲਕਾਂ ਨੂੰ ਹੋ ਰਹੀ ਪਰੇਸ਼ਾਨੀ 'ਤੇ ਵਿਚਾਰ ਕਰਦੇ ਹੋਏ ਈਐਸਆਈਸੀ ਨੇ ਫਰਵਰੀ ਅਤੇ ਮਾਰਚ ਦਾ ਈਐਸਆਈ ਯੋਗਦਾਨ ਫਾਈਲ ਕਰਨ ਦੀ ਸਮਾਂ ਸੀਮਾ ਨੂੰ 15 ਮਈ 2020 ਤੱਕ ਵਧਾ ਦਿੱਤਾ ਹੈ।

ਹੁਣ ਉਹ ਅਪਣੀ ਕਿਸ਼ਤ 15 ਮਈ ਤੱਕ ਜਮਾਂ ਕਰਵਾ ਸਕਦੇ ਹਨ। ਪਹਿਲਾਂ ਜਮਾਂ ਕਰਵਾਉਣ ਦੀ ਮਿਆਦ 15 ਅਪ੍ਰੈਲ ਤੱਕ ਸੀ। ਇਸ ਦੌਰਾਨ ਮਾਲਕ 'ਤੇ ਕਿਸੇ ਵੀ ਤਰ੍ਹਾਂ ਦਾ ਜ਼ੁਰਮਾਨਾ ਨਹੀਂ ਲੱਗੇਗਾ। ਦੱਸ ਦਈਏ ਕਿ ਈਐਸਆਈਸੀ ਵਿਚ ਕਰਮਚਾਰੀ ਅਤੇ ਮਾਲਕ ਦੋਵਾਂ ਦਾ ਯੋਗਦਾਨ ਹੁੰਦਾ ਹੈ। ਮੌਜੂਦਾ ਸਮੇਂ ਵਿਚ ਕਰਮਚਾਰੀ ਦੀ ਸੈਲਰੀ ਵਿਚੋਂ 0.75 ਫੀਸਦੀ ਯੋਗਦਾਨ ਈਐਸਆਈਸੀ ਵਿਚ ਹੁੰਦਾ ਹੈ ਅਤੇ ਮਾਲਕ ਵੱਲੋਂ 3.25 ਫੀਸਦੀ ਦਾ ਯੋਗਦਾਨ ਹੁੰਦਾ ਹੈ।

ਅਜਿਹੇ ਕਰਮਚਾਰੀਆਂ, ਜਿਨ੍ਹਾਂ ਦੀ ਪ੍ਰਤੀ ਦਿਨ ਔਸਤ ਤਨਖਾਹ 137 ਰੁਪਏ ਹੈ, ਉਹਨਾਂ ਨੂੰ ਇਸ ਵਿਚ ਅਪਣਾ ਯੋਗਦਾਨ ਨਹੀਂ ਦੇਣਾ ਹੁੰਦਾ। ਕੇਂਦਰੀ ਲੇਬਰ ਮੰਤਰਾਲੇ ਨੇ ਘੱਟ ਆਮਦਨ ਵਾਲੇ ਕਾਮਿਆਂ ਦੇ ਸਿਹਤ ਲਾਭ ਲਈ ਇਕ ਬੀਮਾ ਯੋਜਨਾ ਉਪਲਬਧ ਕਰਵਾਈ ਹੈ। ਕਰਮਚਾਰੀ ਸਟੇਟ ਬੀਮਾ (ਈਐਸਆਈ) ਸਕੀਮ ਦਾ ਲਾਭ ਨਿੱਜੀ ਕੰਪਨੀਆਂ, ਫੈਕਟਰੀਆਂ ਅਤੇ ਫੈਕਟਰੀਆਂ ਵਿਚ ਕਮ ਕਰਦੇ ਕਰਮਚਾਰੀਆਂ ਨੂੰ ਮਿਲਦਾ ਹੈ।

ਈਐਸਆਈ ਦਾ ਲਾਭ ਉਹਨਾਂ ਕਰਮਚਾਰੀਆਂ ਨੂੰ ਉਪਲਬਧ ਹੈ, ਜਿਨ੍ਹਾਂ ਦੀ ਮਹੀਨਾਵਾਰ ਆਮਦਨ 21 ਹਜ਼ਾਰ ਰੁਪਏ ਜਾਂ ਇਸ ਤੋਂ ਘੱਟ ਹੈ, ਹਾਲਾਂਕਿ ਅਪਾਹਜਾਂ ਦੇ ਮਾਮਲੇ ਵਿਚ ਆਮਦਨ ਦੀ ਸੀਮਾ 25000 ਰੁਪਏ ਹੈ। ਇਸ ਯੋਜਨਾ ਦੇ ਤਹਿਤ ਮੁਫਤ ਇਲਾਜ ਦਾ ਲਾਭ ਦੇਣ ਲਈ ਦੇਸ਼ ਭਰ ਵਿਚ ਈਐਸਆਈਸੀ ਦੇ 151 ਹਸਪਤਾਲ ਹਨ।

ਇਹਨਾਂ ਹਸਪਤਾਲਾਂ ਵਿਚ ਆਮ ਤੋਂ ਲੈ ਕੇ ਗੰਭੀਰ ਬਿਮਾਰੀਆਂ ਦੇ ਇਲਾਜ ਦੀ ਸਹੂਲਤ ਹੁੰਦੀ ਹੈ। ਪਹਿਲਾਂ ਈਐਸਆਈਸੀ ਹਸਪਤਾਲ ਵਿਚ ਈਐਸਆਈਸੀ ਕਵਰੇਜ ਵਿਚ ਸ਼ਾਮਲ ਲੋਕਾਂ ਨੂੰ ਹੀ ਇਲਾਜ ਦੀ ਸਹੂਲਤ ਮਿਲਦੀ ਸੀ, ਹੁਣ ਸਰਕਾਰ ਨੇ ਇਸ ਨੂੰ ਆਮ ਲੋਕਾਂ ਲਈ ਵੀ ਖੋਲ ਦਿੱਤਾ ਹੈ।

ਇਸ ਸਕੀਮ ਦਾ ਸੰਚਾਨਲ ਕਰਨ ਦੀ ਜ਼ਿੰਮੇਵਾਰੀ ਰਾਜ ਬੀਮਾ ਨਿਗਮ ਦੀ ਹੈ। ਇਸ ਦੇ ਘੇਰੇ ਵਿਚ 10 ਜਾਂ ਇਸ ਤੋਂ ਜ਼ਿਆਦਾ ਕਰਮਚਾਰੀ ਵਾਲੀਆਂ ਸੰਸਥਾਵਾਂ ਆਉਂਦੀਆਂ ਹਨ। ਹਾਲਾਂਕਿ ਮਹਾਰਾਸ਼ਟਰ ਅਤੇ ਚੰਡੀਗੜ੍ਹ ਵਿਚ 20 ਜਾਂ ਇਸ ਤੋਂ ਜ਼ਿਆਦਾ ਕਰਮਚਾਰੀ ਵਾਲੇ ਅਦਾਰੇ ਇਸ ਯੋਜਨਾ ਦੇ ਘੇਰੇ ਵਿਚ ਆਉਂਦੇ ਹਨ।