2,000 ਰੁਪਏ ਦੇ 97.76 ਫੀ ਸਦੀ ਨੋਟ ਵਾਪਸ ਆਏ : RBI
2,000 ਰੁਪਏ ਦੇ 97.76 ਫੀ ਸਦੀ ਨੋਟ ਵਾਪਸ ਕਰ ਦਿਤੇ ਗਏ ਹਨ
ਮੁੰਬਈ: ਭਾਰਤੀ ਰਿਜ਼ਰਵ ਬੈਂਕ (RBI) ਨੇ ਵੀਰਵਾਰ ਨੂੰ ਕਿਹਾ ਕਿ 2,000 ਰੁਪਏ ਦੇ ਬੰਦ ਕੀਤੇ ਗਏ ਨੋਟਾਂ ’ਚੋਂ 97.76 ਫੀ ਸਦੀ ਬੈਂਕਿੰਗ ਪ੍ਰਣਾਲੀ ’ਚ ਵਾਪਸ ਆ ਗਏ ਹਨ। ਕੇਂਦਰੀ ਬੈਂਕ ਨੇ ਕਿਹਾ ਕਿ ਸਿਰਫ 7,961 ਕਰੋੜ ਰੁਪਏ ਦੇ ਨੋਟ ਜਨਤਕ ਖੇਤਰ ’ਚ ਹਨ।
RBI ਨੇ ਬਿਆਨ ’ਚ ਕਿਹਾ ਕਿ 19 ਮਈ, 2023 ਨੂੰ 2000 ਰੁਪਏ ਦੇ ਨੋਟ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਗਿਆ ਸੀ। ਇਸ ਦਿਨ ਦੇ ਅੰਤ ’ਚ ਬਾਜ਼ਾਰ ’ਚ ਚੱਲ ਰਹੇ 2,000 ਰੁਪਏ ਦੇ ਨੋਟਾਂ ਦੀ ਕੀਮਤ 3.56 ਲੱਖ ਕਰੋੜ ਰੁਪਏ ਸੀ। ਹੁਣ 30 ਅਪ੍ਰੈਲ 2024 ਨੂੰ ਸਿਰਫ 7,961 ਕਰੋੜ ਰੁਪਏ ਦੇ ਨੋਟ ਬਾਜ਼ਾਰ ’ਚ ਹਨ। ਬੈਂਕ ਨੇ ਕਿਹਾ ਕਿ 2,000 ਰੁਪਏ ਦੇ 97.76 ਫੀ ਸਦੀ ਨੋਟ ਵਾਪਸ ਕਰ ਦਿਤੇ ਗਏ ਹਨ।
ਹਾਲਾਂਕਿ, 2000 ਰੁਪਏ ਦੇ ਨੋਟ ਜਾਇਜ਼ ਹਨ। ਲੋਕ ਦੇਸ਼ ਭਰ ਦੇ 19 RBI ਦਫਤਰਾਂ ’ਚ 2,000 ਰੁਪਏ ਦੇ ਨੋਟ ਜਮ੍ਹਾ ਕਰਵਾ ਸਕਦੇ ਹਨ ਜਾਂ ਉਨ੍ਹਾਂ ਨੂੰ ਹੋਰ ਨੋਟਾਂ ਨਾਲ ਬਦਲ ਸਕਦੇ ਹਨ। ਲੋਕ ਭਾਰਤੀ ਡਾਕ ਰਾਹੀਂ RBI ਦੇ ਕਿਸੇ ਵੀ ਦਫਤਰ ’ਚ 2000 ਦੇ ਨੋਟ ਭੇਜ ਸਕਦੇ ਹਨ ਅਤੇ ਇੰਨੀ ਹੀ ਰਕਮ ਅਪਣੇ ਬੈਂਕ ਖਾਤਿਆਂ ’ਚ ਜਮ੍ਹਾਂ ਕਰਵਾ ਸਕਦੇ ਹਨ। ਨਵੰਬਰ 2016 ’ਚ RBI ਵਲੋਂ 1000 ਅਤੇ 500 ਰੁਪਏ ਦੇ ਨੋਟਾਂ ਨੂੰ ਬੰਦ ਕਰਨ ਤੋਂ ਬਾਅਦ 2000 ਰੁਪਏ ਦੇ ਨੋਟ ਜਾਰੀ ਕੀਤੇ ਗਏ ਸਨ।