EMI ’ਤੇ ਆਨਲਾਈਨ ਖ਼ਰੀਦਦਾਰੀ ਕਰਨ ਵਾਲਿਆਂ ਨੂੰ ਰਾਹਤ, ਬਜਾਜ ਫਾਈਨਾਂਸ ਦੇ eCOM, Insta EMI ਕਾਰਡ ’ਤੇ ਲੱਗੀ ਪਾਬੰਦੀ ਹਟੀ

ਏਜੰਸੀ

ਖ਼ਬਰਾਂ, ਵਪਾਰ

ਡਿਜੀਟਲ ਕਰਜ਼ਾ ਹਦਾਇਤਾਂ ਦੇ ਮੌਜੂਦਾ ਪ੍ਰਬੰਧਾਂ ਦੀ ਪਾਲਣਾ ਨਾ ਕਰਨ ਕਾਰਨ ਪਿਛਲੇ ਸਾਲ ਨਵੰਬਰ ਵਿਚ ਲਗਾਈ ਗਈ ਸੀ ਪਾਬੰਦੀ

Representative Image.

ਨਵੀਂ ਦਿੱਲੀ: ਭਾਰਤੀ ਰਿਜ਼ਰਵ ਬੈਂਕ (RBI) ਨੇ ਵੀਰਵਾਰ ਨੂੰ ਬਜਾਜ ਫਾਈਨਾਂਸ ’ਤੇ eCOM ਅਤੇ Insta EMI ਕਾਰਡਾਂ ਰਾਹੀਂ ਕਰਜ਼ੇ ਮਨਜ਼ੂਰ ਕਰਨ ਅਤੇ ਵੰਡਣ ’ਤੇ ਲੱਗੀ ਪਾਬੰਦੀ ਹਟਾ ਦਿਤੀ ਹੈ। ਕੇਂਦਰੀ ਬੈਂਕ ਨੇ ਪਿਛਲੇ ਸਾਲ ਨਵੰਬਰ ਵਿਚ ਬਜਾਜ ਫਾਈਨਾਂਸ ਨੂੰ ਹੁਕਮ ਦਿਤਾ ਸੀ ਕਿ ਉਹ ਅਪਣੇ ਦੋ ਕਰਜ਼ ਉਤਪਾਦਾਂ eCOM ਅਤੇ Insta EMI ਕਾਰਡਾਂ ਤਹਿਤ ਕਰਜ਼ੇ ਮਨਜ਼ੂਰ ਕਰਨਾ ਅਤੇ ਵੰਡਣਾ ਬੰਦ ਕਰੇ। ਇਹ ਪਾਬੰਦੀ ਡਿਜੀਟਲ ਕਰਜ਼ਾ ਹਦਾਇਤਾਂ ਦੇ ਮੌਜੂਦਾ ਪ੍ਰਬੰਧਾਂ ਦੀ ਪਾਲਣਾ ਨਾ ਕਰਨ ਕਾਰਨ ਲਗਾਈ ਗਈ ਸੀ। 

ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਦਿਤੀ ਸੂਚਨਾ ’ਚ ਕਿਹਾ, ‘‘ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ 2 ਮਈ, 2024 ਨੂੰ ਅਪਣੀ ਚਿੱਠੀ ਰਾਹੀਂ ਕੰਪਨੀ ਵਲੋਂ ਚੁਕੇ ਗਏ ਸੁਧਾਰਾਤਮਕ ਉਪਾਵਾਂ ਦੇ ਆਧਾਰ ’ਤੇ eCOM ਅਤੇ ਆਨਲਾਈਨ ਡਿਜੀਟਲ Insta EMI Card ’ਤੇ ਪਾਬੰਦੀ ਤੁਰਤ ਪ੍ਰਭਾਵ ਨਾਲ ਹਟਾਉਣ ਦੇ ਅਪਣੇ ਫੈਸਲੇ ਬਾਰੇ ਸੂਚਿਤ ਕੀਤਾ ਹੈ।’’ 

ਬਜਾਜ ਫਾਈਨਾਂਸ ਨੇ ਕਿਹਾ ਕਿ ਉਹ ਹੁਣ EMI Card ਜਾਰੀ ਕਰਨ ਸਮੇਤ ਦੋਹਾਂ ਕਾਰੋਬਾਰੀ ਖੇਤਰਾਂ ’ਚ ਕਰਜ਼ੇ ਦੀ ਮਨਜ਼ੂਰੀ ਅਤੇ ਵੰਡ ਮੁੜ ਸ਼ੁਰੂ ਕਰੇਗੀ। ਕੰਪਨੀ ਨੇ ਕਿਹਾ ਕਿ ਬਜਾਜ ਫਾਈਨਾਂਸ ਰੈਗੂਲੇਟਰੀ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।