ਜੈਟ ਏਅਰਵੇਜ਼ ਦੇ 2000 ਮੁਲਾਜ਼ਮਾਂ ਨੂੰ ਭਰਤੀ ਕਰੇਗੀ ਸਪਾਈਸ ਜੈਟ

ਏਜੰਸੀ

ਖ਼ਬਰਾਂ, ਵਪਾਰ

ਫਿਲਹਾਲ ਸਪਾਈਸ ਜੈਟ ਦੇ ਮੁਲਾਜ਼ਮਾਂ ਦੀ ਗਿਣਤੀ 14,000 ਹੈ ਅਤੇ ਉਸ ਦੇ ਬੇੜੇ 'ਚ 100 ਜਹਾਜ਼ ਹਨ

SpiceJet to hire up to 2000 Jet staff

ਨਵੀਂ ਦਿੱਲੀ : ਅਸਥਾਈ ਤੌਰ 'ਤੇ ਬੰਦ ਹੋ ਚੁੱਕੀ ਜੈਟ ਏਅਰਵੇਜ਼ ਦੇ ਮੁਲਾਜ਼ਮਾਂ ਦੀ ਪ੍ਰੇਸ਼ਾਨੀ ਛੇਤੀ ਹੀ ਖ਼ਤਮ ਹੋ ਸਕਦੀ ਹੈ। ਅਜਿਹਾ ਇਸ ਲਈ ਕਿਉਂਕਿ ਸਪਾਈਸ ਜੈਟ ਪਾਇਲਟ ਅਤੇ ਚਾਲਕ ਦਲ ਦੇ ਮੈਂਬਰਾਂ ਸਮੇਤ ਕੁਲ 2000 ਜੈਟ ਮੁਲਾਜ਼ਮਾਂ ਨੂੰ ਨੌਕਰੀ ਦੇਵੇਗਾ। ਇਸ  ਸਮੇਂ ਜੈਟ ਏਅਰਵੇਜ਼ ਦਾ ਪਰਿਚਾਲਨ ਅਸਥਾਈ ਤੌਰ 'ਤੇ ਬੰਦ ਹੋ ਚੁੱਕਾ ਹੈ।

ਇਨ੍ਹਾਂ 'ਚੋਂ ਕਈ ਲੋਕਾਂ ਨੂੰ ਸਪਾਈਸ ਜੈਟ ਰੱਖ ਚੁੱਕੀ ਹੈ, ਜਦੋਂ ਕਿ ਹੋਰ ਕਈ ਰੱਖਣ ਜਾ ਰਹੀ ਹੈ। ਸਪਾਈਸ ਜੈਟ 'ਚ ਜੈਟ ਏਅਰਵੇਜ਼ ਦੇ ਮੁਲਾਜ਼ਮਾਂ ਦੀ ਗਿਣਤੀ ਦਾ ਅੰਕੜਾ 2,000 ਤਕ ਹੋ ਜਾਵੇਗਾ। ਜੈਟ ਏਅਰਵੇਜ਼ ਦੇ ਬੰਦ ਹੋਣ ਮਗਰੋਂ ਸਪਾਈਸ ਜੈਟ ਆਪਣੇ ਕਾਰੋਬਾਰ ਦਾ ਵਿਸਥਾਰ ਕਰ ਰਹੀ ਹੈ। ਜੈਟ ਨੇ ਇਸ ਸਾਲ ਅਪ੍ਰੈਲ 'ਚ ਆਪਣਾ ਕੰਮਕਾਜ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਸੀ।

ਸਪਾਈਸ ਜੈਟ ਦੇ ਚੇਅਰਮੈਨ ਤੇ ਪ੍ਰਬੰਧਕ ਨਿਰਦੇਸ਼ਕ ਅਜੇ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਜੈਟ ਏਅਰਵੇਜ਼ ਦੇ ਲੋਕਾਂ ਨੂੰ ਨੌਕਰੀ ਦੇ ਰਹੀ ਹੈ, ਜੋ ਕਾਫੀ ਯੋਗ ਤੇ ਪੇਸ਼ੇਵਰ ਹਨ। ਉਨ੍ਹਾਂ ਕਿਹਾ ਉਨ੍ਹਾਂ ਦੀ ਕੰਪਨੀ ਜੈਟ ਦੇ ਮੁਲਾਜ਼ਮਾਂ ਨੂੰ ਨੌਕਰੀ 'ਤੇ ਰੱਖਣਾ ਜਾਰੀ ਰੱਖੇਗੀ। 

ਫਿਲਹਾਲ ਸਪਾਈਸ ਜੈਟ ਦੇ ਮੁਲਾਜ਼ਮਾਂ ਦੀ ਗਿਣਤੀ 14,000 ਹੈ ਅਤੇ ਉਸ ਦੇ ਬੇੜੇ 'ਚ 100 ਜਹਾਜ਼ ਹਨ। ਸਪਾਈਸ ਜੈਟ ਚੌਥੀ ਵੱਡੀ ਕੰਪਨੀ ਹੈ। ਇਹ 62 ਟਿਕਾਣਿਆਂ ਲਈ ਰੋਜ਼ਾਨਾ 575 ਉਡਾਨਾਂ ਦਾ ਸੰਚਾਲਨ ਕਰਦੀ ਹੈ।