ਜੈਟ ਏਅਰਵੇਜ਼ ਦੇ 1100 ਪਾਇਲਟਾਂ ਨੇ ਜਹਾਜ਼ ਉਡਾਉਣ ਤੋਂ ਇਨਕਾਰ ਕੀਤਾ !

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੈਟ ਏਅਰਵੇਜ਼ ਦੇ ਕੁਝ ਜਹਾਜ਼ਾਂ ਦੀ ਬੁਕਿੰਗ ਵੀ ਹੋਈ ਬੰਦ

Jet Airways

ਨਵੀਂ ਦਿੱਲੀ : ਆਰਥਕ ਸੰਕਟ ਨਾਲ ਜੂਝ ਰਹੀ ਜੈਟ ਏਅਰਵੇਜ਼ ਦੇ ਮੁਲਾਜ਼ਮਾਂ ਨੇ ਸ਼ਨਿਚਰਵਾਰ ਨੂੰ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਦੇ ਟਰਮਿਨਲ-3 ਦੇ ਬਾਹਰ ਪ੍ਰਦਰਸ਼ਨ ਕੀਤਾ। ਇਸ ਦੇ ਨਾਲ ਹੀ ਮੁਲਾਜ਼ਮਾਂ ਨੇ ਬਕਾਇਆ ਤਨਖ਼ਾਹ ਦਿੱਤੇ ਜਾਣ ਦੀ ਮੰਗ ਕੀਤੀ। ਮੁਲਾਜ਼ਮਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਾਮਲੇ 'ਚ ਦਖ਼ਲ ਦੇਣ ਦੀ ਮੰਗ ਕੀਤੀ।

ਹੁਣ ਜੈਟ ਏਅਰਵੇਜ਼ ਨਾਲ ਸਬੰਧਤ ਇਕ ਹੋਰ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਸੂਤਰਾਂ ਮੁਤਾਬਕ ਨੈਸ਼ਨਲ ਏਵੀਏਟਰਜ਼ ਗਿਲਡ (ਐਨ.ਏ.ਜੀ.) ਨਾਲ ਸਬੰਧਤ ਜੈਟ ਏਅਰਵੇਜ਼ ਦੇ ਲਗਭਗ 1100 ਪਾਇਲਟ ਭਲਕੇ ਸੋਮਵਾਰ ਸਵੇਰ 10 ਵਜੇ ਤੋਂ ਉਡਾਨ ਨਹੀਂ ਭਰਨਗੇ। ਸ਼ਨਿਚਰਵਾਰ ਨੂੰ ਜੈਟ ਏਅਰਵੇਜ਼ ਦੇ ਸਿਰਫ਼ 7 ਜਹਾਜ਼ਾਂ ਨੇ ਉਡਾਨ ਭਰੀ। ਜੈਟ ਏਅਰਵੇਜ਼ ਦੇ ਮੁਲਾਜ਼ਮਾਂ ਨੇ ਟਰਮਿਨਲ-3 ਦੇ ਬਾਹਰ ਸ਼ਾਂਤੀਪੂਰਨ ਪ੍ਰਦਰਸ਼ਨ ਕੀਤਾ। ਉਨ੍ਹਾਂ ਦੇ ਹੱਥ 'ਚ ਬੈਨਰ ਸਨ, ਜਿਨ੍ਹਾਂ 'ਤੇ ਲਿਖਿਆ ਸੀ, 'ਜੈਟ ਏਅਰਵੇਜ਼ ਬਚਾਓ, ਸਾਡਾ ਭਵਿੱਖ ਬਚਾਓ।'

ਇਸ ਤੋਂ ਪਹਿਲਾਂ ਸ਼ੁਕਰਵਾਰ ਨੂੰ ਮੁੰਬਈ 'ਚ ਜੈਟ ਏਅਰਵੇਜ਼ ਦੇ ਮੁਲਾਜ਼ਮਾਂ ਨੇ ਸ਼ਾਂਤੀਪੂਰਨ ਮਾਰਚ ਕੱਢਿਆ ਸੀ। ਜ਼ਿਕਰਯੋਗ ਹੈ ਕਿ ਜੈਟ ਏਅਰਵੇਜ਼ ਕੋਲ ਕੁਲ 1600 ਪਾਇਲਟ ਹਨ। ਸੂਤਰਾਂ ਮੁਤਾਬਕ ਜੈਟ ਏਅਰਵੇਜ਼ ਨੇ ਕੁਝ ਕੌਮਾਂਤਰੀ ਉਡਾਨਾਂ ਲਈ ਬੁਕਿੰਗ ਬੰਦ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਹਾਲ ਹੀ 'ਚ ਕੰਪਨੀ ਨੇ ਆਪਣੀਆਂ ਸਾਰੀਆਂ ਕੌਮਾਂਤਰੀ ਉਡਾਨਾਂ ਨੂੰ 15 ਅਪ੍ਰੈਲ ਤਕ ਰੱਦ ਕੀਤਾ ਸੀ।