ਆਟੋਮੋਬਾਈਲ ਸੈਕਟਰ ਦੀ ਮੰਦੀ ਲਗਾਤਾਰ ਜਾਰੀ

ਏਜੰਸੀ

ਖ਼ਬਰਾਂ, ਵਪਾਰ

ਮੱਧ ਵਰਗ ਛੋਟੀ ਅਤੇ ਐਸ.ਯੂ.ਵੀ. ਕਾਰ ਨਹੀਂ ਖ਼ਰੀਦ ਰਿਹਾ ਅਤੇ ਵਪਾਰਕ ਵਾਹਨਾਂ ਨੂੰ ਵੀ ਖ਼ਰੀਦਦਾਰ ਨਹੀਂ ਮਿਲ ਰਹੇ।

Automobile industry under intense pressure

ਨਵੀਂ ਦਿੱਲੀ : ਦੇਸ਼ 'ਚ ਲਗਾਤਾਰ ਵਧ ਰਹੀ ਆਟੋ ਸੈਕਟਰ ਦੀ ਮੰਦੀ ਅਰਥਚਾਰੇ ਲਈ ਚਿੰਤਾ ਦਾ ਵਿਸ਼ਾ ਹੈ। ਸਾਲ ਦੇ ਬਾਕੀ ਮਹੀਨਿਆਂ ਦੀ ਤਰ੍ਹਾਂ ਜੁਲਾਈ ਦਾ ਮਹੀਨਾ ਵੀ ਇਸ ਸੈਕਟਰ ਲਈ ਰਾਹਤ ਭਰਿਆ ਨਹੀਂ ਰਿਹਾ। ਹਰੇਕ ਤਰ੍ਹਾਂ ਦੇ ਵਾਹਨਾਂ ਦੀ ਵਿਕਰੀ ਘਟਦੀ ਜਾ ਰਹੀ ਹੈ। ਮੱਧ ਵਰਗ ਛੋਟੀ ਅਤੇ ਐਸ.ਯੂ.ਵੀ. ਕਾਰ ਨਹੀਂ ਖ਼ਰੀਦ ਰਿਹਾ ਅਤੇ ਵਪਾਰਕ ਵਾਹਨਾਂ ਨੂੰ ਵੀ ਖ਼ਰੀਦਦਾਰ ਨਹੀਂ ਮਿਲ ਰਹੇ। ਪੇਂਡੂ ਗਾਹਕੀ ਵੀ ਘੱਟ ਹੋਣ ਕਾਰਨ ਟਰੈਕਟਰਾਂ ਦੀ ਵਿਕਰੀ ਵੀ ਨਹੀਂ ਨਿਕਲ ਰਹੀ।

ਆਟੋਮੋਬਾਈਲ ਕੰਪਨੀਆਂ ਨੇ ਜੁਲਾਈ ਮਹੀਨੇ ਦੀ ਵਿਕਰੀ ਦੇ ਜਿਹੜੇ ਅੰਕੜੇ ਪੇਸ਼ ਕੀਤੇ ਹਨ ਉਨ੍ਹਾਂ ਮੁਤਾਬਕ ਕਾਰ ਬਾਜ਼ਾਰ ਵਿਚ ਕਰੀਬ 50 ਫ਼ੀ ਸਦੀ ਹਿੱਸੇਦਾਰੀ ਰੱਖਣ ਵਾਲੀ ਮਾਰੂਤੀ ਸੁਜ਼ੂਕੀ ਦੀ ਘਰੇਲੂ ਬਜ਼ਾਰ ਵਿਚ ਵਿਕਰੀ 36 ਫ਼ੀ ਸਦੀ ਘੱਟ ਹੋਈ ਹੈ। ਹੋਂਡਾ ਮੋਟਰਜ਼ ਦੀ ਕਾਰਾਂ ਦੀ ਵਿਕਰੀ 49 ਫ਼ੀ ਸਦੀ ਘੱਟ ਕੇ 10,250 ਯੂਨਿਟ ਰਹਿ ਗਈ। ਹੁੰਡਈ ਮੋਟਰਜ਼ ਦੀ ਵਿਕਰੀ ਵਿਚ 10 ਫੀ ਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਸਾਫ ਹੈ ਕਿ ਨਵੇਂ ਮਾਡਲ ਵੀ ਵਿਕਰੀ ਵਧਾਉਣ 'ਚ ਅਸਫ਼ਲ ਰਹੇ ਹਨ।

ਅਸ਼ੋਕ ਲੇਲੈਂਡ ਦੀ ਵਿਕਰੀ 28 ਫ਼ੀ ਸਦੀ ਘਟੀ ਹੈ। ਮਹਿੰਦਰਾ ਐਂਡ ਮਹਿੰਦਰਾ ਸਮੂਹ ਦੇ ਅੰਕੜੇ ਦਸਦੇ ਹਨ ਕਿ ਵਪਾਰਕ ਵਾਹਨਾਂ ਦੀ ਵਿਕਰੀ 17 ਫ਼ੀ ਸਦੀ ਘੱਟ ਕੇ 15,969 ਯੂਨਿਟ ਰਹਿ ਗਈ ਹੈ। ਕੰਪਨੀ ਦੇ ਪੈਸੰਜਰ ਵਾਹਨਾਂ ਦੀ ਵਿਕਰੀ 15 ਫ਼ੀ ਸਦੀ ਘਟੀ ਹੈ। ਮਾਨਸੂਨ ਦੀ ਸਥਿਤੀ ਚੰਗੀ ਹੈ ਅਜਿਹੇ 'ਚ ਸਾਰੀ ਉਮੀਦ ਆਉਣ ਵਾਲੇ ਤਿਉਹਾਰਾਂ 'ਤੇ ਹੀ ਹੈ। ਦੋ ਪਹੀਆ ਬਣਾਉਣ ਵਾਲੀ ਕੰਪਨੀਆਂ ਦੀ ਹਾਲਤ ਵੀ ਮਹੀਨਾ ਦਰ ਮਹੀਨਾ ਲਗਾਤਾਰ ਵਿਗੜਦੀ ਜਾ ਰਹੀ ਹੈ।

ਬਜਾਜ ਆਟੋ ਨੇ ਵੀਰਵਾਰ ਨੂੰ ਦਸਿਆ ਕਿ ਜੁਲਾਈ ਵਿਚ ਉਸ ਦੀ ਵਿਕਰੀ 'ਚ 5 ਫ਼ੀ ਸਦੀ ਦੀ ਕਮੀ ਆਈ ਹੈ। ਦੋ ਪਹੀਆ ਵਾਹਨ ਦੀ ਕੁੱਲ ਘਰੇਲੂ ਵਿਕਰੀ 13 ਫ਼ੀ ਸਦੀ ਦੀ ਗਿਰਾਵਟ ਨਾਲ 2,05,470 ਯੂਨਿਟ ਰਹਿ ਗਈ ਹੈ। ਹਾਲਾਂਕਿ ਨਿਰਯਾਤ ਵਿਚ 8 ਫ਼ੀ ਸਦੀ ਦਾ ਵਾਧਾ ਹੋਇਆ ਹੈ ਜਿਸ ਕਾਰਨ ਕੁੱਲ ਵਿਕਰੀ ਦੀ ਗਿਰਾਵਟ 5 ਫ਼ੀ ਸਦੀ 'ਤੇ ਹੀ ਸੀਮਤ ਰਹੀ ਹੈ।