ਹੁਣ ਕਰਜ਼ਾ ਲੈਣਾ ਹੋ ਸਕਦਾ ਹੈ ਮਹਿੰਗਾ! RBI ਨੇ ਰੈਪੋ ਦਰਾਂ 'ਚ ਕੀਤਾ ਵਾਧਾ

ਏਜੰਸੀ

ਖ਼ਬਰਾਂ, ਵਪਾਰ

ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੇ ਬੁੱਧਵਾਰ ਨੂੰ ਇਕ ਪ੍ਰੈਸ ਕਾਨਫਰੰਸ ਵਿਚ ਇਹ ਜਾਣਕਾਰੀ ਦਿੱਤੀ।

RBI


ਨਵੀਂ ਦਿੱਲੀ: ਵਧਦੀ ਮਹਿੰਗਾਈ ਨੂੰ ਦੇਖਦੇ ਹੋਏ ਭਾਰਤੀ ਰਿਜ਼ਰਵ ਬੈਂਕ ਨੇ ਰੈਪੋ ਰੇਟ 4% ਤੋਂ ਵਧਾ ਕੇ 4.40% ਕਰ ਦਿੱਤਾ ਹੈ। ਯਾਨੀ ਤੁਹਾਡੀ EMI ਅਤੇ ਲੋਨ ਮਹਿੰਗਾ ਹੋਣ ਵਾਲਾ ਹੈ। ਮੁਦਰਾ ਨੀਤੀ ਕਮੇਟੀ ਦੀ 2 ਅਤੇ 3 ਮਈ ਨੂੰ ਹੰਗਾਮੀ ਮੀਟਿੰਗ ਹੋਈ ਸੀ, ਜਿਸ ਵਿਚ ਇਹ ਫੈਸਲਾ ਲਿਆ ਗਿਆ ਹੈ। ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੇ ਬੁੱਧਵਾਰ ਨੂੰ ਇਕ ਪ੍ਰੈਸ ਕਾਨਫਰੰਸ ਵਿਚ ਇਹ ਜਾਣਕਾਰੀ ਦਿੱਤੀ। ਮੁਦਰਾ ਨੀਤੀ ਦੀ ਮੀਟਿੰਗ ਹਰ ਦੋ ਮਹੀਨੇ ਬਾਅਦ ਹੁੰਦੀ ਹੈ।

RBI Governor Shaktikant Das

ਇਸ ਵਿੱਤੀ ਸਾਲ ਦੀ ਪਹਿਲੀ ਮੀਟਿੰਗ ਪਿਛਲੇ ਮਹੀਨੇ 6-8 ਅਪ੍ਰੈਲ ਨੂੰ ਹੋਈ ਸੀ। ਅਗਲੀ ਮੀਟਿੰਗ ਜੂਨ ਵਿਚ ਹੋਣੀ ਸੀ। ਰਿਜ਼ਰਵ ਬੈਂਕ ਨੇ ਅਗਸਤ 2018 ਤੋਂ ਬਾਅਦ ਪਹਿਲੀ ਵਾਰ ਨੀਤੀਗਤ ਦਰਾਂ ਵਿੱਚ ਵਾਧਾ ਕੀਤਾ ਹੈ। ਰੈਪੋ ਦਰ 'ਤੇ ਰਿਜ਼ਰਵ ਬੈਂਕ ਵਪਾਰਕ ਬੈਂਕਾਂ ਨੂੰ ਉਹਨਾਂ ਦੀਆਂ ਫੌਰੀ ਲੋੜਾਂ ਪੂਰੀਆਂ ਕਰਨ ਲਈ ਕਰਜ਼ਾ ਦਿੰਦਾ ਹੈ, ਜਦਕਿ ਰਿਵਰਸ ਰੈਪੋ ਦਰ ਦੇ ਤਹਿਤ ਬੈਂਕਾਂ ਨੂੰ ਰਿਜ਼ਰਵ ਬੈਂਕ ਕੋਲ ਆਪਣਾ ਪੈਸਾ ਰੱਖਣ 'ਤੇ ਵਿਆਜ ਮਿਲਦਾ ਹੈ।

RBI

RBI ਦਾ ਇਸ ਤਰ੍ਹਾਂ ਵਿਆਜ ਦਰਾਂ 'ਚ ਅਚਾਨਕ ਵਾਧਾ ਬਾਜ਼ਾਰ ਲਈ ਕਾਫੀ ਹੈਰਾਨੀਜਨਕ ਸੀ। ਇਸ ਫੈਸਲੇ ਤੋਂ ਬਾਅਦ ਸੈਂਸੈਕਸ ਲਗਭਗ 1300 ਅੰਕ ਡਿੱਗ ਕੇ 55,700 ਦੇ ਨੇੜੇ ਪਹੁੰਚ ਗਿਆ। ਮਾਰਕਿਟ ਦੇ ਮਾਹਿਰ ਅਜੇ ਬੱਗਾ ਨੇ ਕਿਹਾ ਕਿ ਇਹ ਮਾਰਕਿਟ ਲਈ ਬਹੁਤ ਮਾੜੀ ਗੱਲ ਹੈ। ਆਰਬੀਆਈ ਨੂੰ ਅਜਿਹਾ ਅਚਾਨਕ ਫੈਸਲਾ ਨਹੀਂ ਲੈਣਾ ਚਾਹੀਦਾ ਸੀ। ਸੀਨੀਅਰ ਅਰਥ ਸ਼ਾਸਤਰੀ ਬਰਿੰਦਾ ਜਗੀਰਦਾਰ ਨੇ ਕਿਹਾ ਕਿ ਮਹਿੰਗਾਈ ਵਧਣ ਕਾਰਨ ਆਰਬੀਆਈ ਨੂੰ ਇਹ ਫੈਸਲਾ ਲੈਣਾ ਪਿਆ ਹੈ।

RBI

ਆਰਬੀਆਈ ਦੀ ਮੁਦਰਾ ਨੀਤੀ ਕਮੇਟੀ (ਐਮਪੀਸੀ) ਦੀ ਐਮਰਜੈਂਸੀ ਮੀਟਿੰਗ ਅਜਿਹੇ ਸਮੇਂ ਹੋਈ ਹੈ ਜਦੋਂ ਰੂਸ-ਯੂਕਰੇਨ ਯੁੱਧ ਕਾਰਨ ਕੱਚੇ ਤੇਲ ਤੋਂ ਲੈ ਕੇ ਧਾਤ ਦੀਆਂ ਕੀਮਤਾਂ ਵਿਚ ਭਾਰੀ ਉਤਰਾਅ-ਚੜ੍ਹਾਅ ਹੈ। ਅਜਿਹੇ 'ਚ ਪੂਰੀ ਦੁਨੀਆ 'ਚ ਮਹਿੰਗਾਈ ਇਕ ਵੱਡੀ ਸਮੱਸਿਆ ਬਣ ਗਈ ਹੈ। ਪਿਛਲੀ ਮੀਟਿੰਗ ਵਿਚ ਆਰਬੀਆਈ ਨੇ ਪਹਿਲੀ ਤਿਮਾਹੀ ਵਿਚ ਮਹਿੰਗਾਈ ਦਰ 6.3%, ਦੂਜੀ ਤਿਮਾਹੀ ਵਿਚ 5%, ਤੀਜੀ ਤਿਮਾਹੀ ਵਿਚ 5.4% ਅਤੇ ਚੌਥੀ ਤਿਮਾਹੀ ਵਿਚ 5.1% ਰਹਿਣ ਦਾ ਅਨੁਮਾਨ ਲਗਾਇਆ ਸੀ।