ਸੈਂਸੈਕਸ ਲਗਾਤਾਰ ਪੰਜਵੇਂ ਦਿਨ ਡਿੱਗਾ, ਸੈਂਸੈਕਸ ’ਚ 809 ਅੰਕ ਦੀ ਹੋਰ ਗਿਰਾਵਟ
ਸੈਂਸੈਕਸ 'ਚ 5 ਦਿਨਾਂ ਦੀ ਗਿਰਾਵਟ ਕਾਰਨ 16 ਲੱਖ ਕਰੋੜ ਰੁਪਏ ਦਾ ਨੁਕਸਾਨ
ਮੁੰਬਈ : ਪਛਮੀ ਏਸ਼ੀਆ ’ਚ ਵਧਦੇ ਤਣਾਅ ਅਤੇ ਵਿਦੇਸ਼ੀ ਫੰਡਾਂ ਦੀ ਨਿਕਾਸੀ ਦਰਮਿਆਨ ਘਰੇਲੂ ਸ਼ੇਅਰ ਬਾਜ਼ਾਰ ਦੇ ਪ੍ਰਮੁੱਖ ਸੂਚਕਾਂਕ ’ਚ ਸ਼ੁਕਰਵਾਰ ਨੂੰ ਲਗਾਤਾਰ ਪੰਜਵੇਂ ਸੈਸ਼ਨ ’ਚ ਗਿਰਾਵਟ ਦਰਜ ਕੀਤੀ ਗਈ। ਸੈਂਸੈਕਸ ਲਗਭਗ 809 ਅੰਕ ਅਤੇ ਨਿਫਟੀ 235 ਅੰਕ ਡਿੱਗ ਗਿਆ।
ਵਿਸ਼ਲੇਸ਼ਕਾਂ ਨੇ ਕਿਹਾ ਕਿ ਐੱਫ.ਐੱਮ.ਸੀ.ਜੀ. ਕੰਪਨੀਆਂ, ਆਟੋ ਅਤੇ ਊਰਜਾ ਸ਼ੇਅਰਾਂ ’ਚ ਭਾਰੀ ਵਿਕਰੀ ਕਾਰਨ ਅਸਥਿਰ ਸੈਸ਼ਨ ’ਚ ਗਿਰਾਵਟ ਆਈ। ਇਸ ਤੋਂ ਇਲਾਵਾ ਤੇਲ ਉਤਪਾਦਕ ਪਛਮੀ ਏਸ਼ੀਆ ’ਚ ਵਧਦੇ ਭੂ-ਸਿਆਸੀ ਤਣਾਅ ਕਾਰਨ ਸਪਲਾਈ ਦੀ ਅਨਿਸ਼ਚਿਤਤਾ ਪੈਦਾ ਹੋਣ ਨਾਲ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਨੇ ਵੀ ਬਾਜ਼ਾਰ ਦੀ ਧਾਰਨਾ ਨੂੰ ਪ੍ਰਭਾਵਤ ਕੀਤਾ।
ਸ਼ੇਅਰ ਬਾਜ਼ਾਰ 'ਚ ਪੰਜ ਦਿਨਾਂ ਦੀ ਗਿਰਾਵਟ ਕਾਰਨ ਨਿਵੇਸ਼ਕਾਂ ਨੂੰ 16.26 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ ਨੁਕਸਾਨ ਹੋਇਆ ਹੈ। ਪੱਛਮੀ ਏਸ਼ੀਆ 'ਚ ਵਧਦੇ ਤਣਾਅ ਕਾਰਨ ਬਾਜ਼ਾਰ 'ਚ ਗਿਰਾਵਟ ਆਈ ਹੈ। ਬੰਬਈ ਸ਼ੇਅਰ ਬਾਜ਼ਾਰ 'ਚ ਸੂਚੀਬੱਧ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ 16,26,691.48 ਕਰੋੜ ਰੁਪਏ ਡਿੱਗ ਕੇ 4,60,89,598.54 ਕਰੋੜ ਰੁਪਏ ਰਹਿ ਗਿਆ।
ਬੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਲਗਾਤਾਰ ਪੰਜਵੇਂ ਦਿਨ ਡਿੱਗਿਆ ਹੈ। 30 ਸ਼ੇਅਰਾਂ ਵਾਲਾ ਸੈਂਸੈਕਸ 808.65 ਅੰਕ ਯਾਨੀ 0.98 ਫੀ ਸਦੀ ਦੀ ਗਿਰਾਵਟ ਨਾਲ 81,688.45 ਅੰਕ ’ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਸੈਂਸੈਕਸ ਨੇ 81,532.68 ਅੰਕ ਅਤੇ 83,368.32 ਅੰਕ ਦੇ ਉੱਚੇ ਪੱਧਰ ਨੂੰ ਛੂਹਿਆ। ਇਹ ਸੈਂਸੈਕਸ ’ਚ 1,835.64 ਅੰਕਾਂ ਦਾ ਵੱਡਾ ਉਤਰਾਅ-ਚੜ੍ਹਾਅ ਦਰਸਾਉਂਦਾ ਹੈ।
ਨੈਸ਼ਨਲ ਸਟਾਕ ਐਕਸਚੇਂਜ (ਐੱਨ.ਐੱਸ.ਈ.) ਦਾ ਬੈਂਚਮਾਰਕ ਇੰਡੈਕਸ ਨਿਫਟੀ ਵੀ 235.50 ਅੰਕ ਯਾਨੀ 0.93 ਫੀ ਸਦੀ ਡਿੱਗ ਕੇ 25,049.85 ਅੰਕ ’ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਨਿਫਟੀ 24,966.80 ਦੇ ਹੇਠਲੇ ਪੱਧਰ ਅਤੇ 25,485.05 ਦੇ ਉੱਚੇ ਪੱਧਰ ’ਤੇ ਪਹੁੰਚ ਗਿਆ। ਸੈਂਸੈਕਸ ਦੇ ਸ਼ੇਅਰਾਂ ’ਚ ਮਹਿੰਦਰਾ ਐਂਡ ਮਹਿੰਦਰਾ, ਬਜਾਜ ਫਾਈਨਾਂਸ, ਏਸ਼ੀਅਨ ਪੇਂਟਸ, ਨੈਸਲੇ, ਭਾਰਤੀ ਏਅਰਟੈੱਲ, ਅਲਟਰਾਟੈਕ ਸੀਮੈਂਟ, ਐਚਯੂਐਲ, ਆਈ.ਟੀ. ਸੀ ਅਤੇ ਐਚਡੀਐਫਸੀ ਬੈਂਕ ਦੇ ਸ਼ੇਅਰਾਂ ’ਚ ਸੱਭ ਤੋਂ ਜ਼ਿਆਦਾ ਗਿਰਾਵਟ ਦਰਜ ਕੀਤੀ ਗਈ।
ਦੂਜੇ ਪਾਸੇ ਇਨਫੋਸਿਸ, ਟੈਕ ਮਹਿੰਦਰਾ, ਟਾਟਾ ਮੋਟਰਜ਼, ਐਕਸਿਸ ਬੈਂਕ, ਟਾਟਾ ਕੰਸਲਟੈਂਸੀ ਸਰਵਿਸਿਜ਼ ਅਤੇ ਸਟੇਟ ਬੈਂਕ ਆਫ ਇੰਡੀਆ ਦੇ ਸ਼ੇਅਰਾਂ ’ਚ ਵਾਧਾ ਦਰਜ ਕੀਤਾ ਗਿਆ। ਏਸ਼ੀਆ ਦੇ ਹੋਰ ਬਾਜ਼ਾਰਾਂ ’ਚ ਦਖਣੀ ਕੋਰੀਆ ਦਾ ਕੋਸਪੀ, ਜਾਪਾਨ ਦਾ ਨਿੱਕੇਈ ਅਤੇ ਹਾਂਗਕਾਂਗ ਦਾ ਹੈਂਗਸੇਂਗ ਤੇਜ਼ੀ ਨਾਲ ਬੰਦ ਹੋਏ। ਜਨਤਕ ਛੁੱਟੀ ਕਾਰਨ ਚੀਨ ਦੇ ਬਾਜ਼ਾਰ ਬੰਦ ਹਨ।
ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ. ਆਈ. ਆਈ.) ਨੇ ਵੀਰਵਾਰ ਨੂੰ 15,243.27 ਕਰੋੜ ਰੁਪਏ ਦੇ ਸ਼ੇਅਰ ਵੇਚੇ। ਜੀਓਜੀਤ ਫਾਈਨੈਂਸ਼ੀਅਲ ਸਰਵਿਸਿਜ਼ ਦੇ ਮੁੱਖ ਨਿਵੇਸ਼ ਰਣਨੀਤੀਕਾਰ ਵੀਕੇ ਵਿਜੇਕੁਮਾਰ ਨੇ ਕਿਹਾ ਕਿ ਪਿਛਲੇ ਤਿੰਨ ਦਿਨਾਂ ’ਚ ਵਿਦੇਸ਼ੀ ਨਿਵੇਸ਼ਕਾਂ ਨੇ 30,614 ਕਰੋੜ ਰੁਪਏ ਦੀ ਭਾਰੀ ਵਿਕਰੀ ਕੀਤੀ ਹੈ। ਦਰਅਸਲ, ਐਫ.ਆਈ.ਆਈ. ਭਾਰਤ ਦੇ ਮਹਿੰਗੇ ਬਾਜ਼ਾਰ ਦੀ ਬਜਾਏ ਹਾਂਗਕਾਂਗ ਦੇ ਸਸਤੇ ਬਾਜ਼ਾਰ ’ਚ ਨਿਵੇਸ਼ ਕਰ ਰਹੇ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਚੀਨੀ ਸਰਕਾਰ ਦੇ ਮੁਦਰਾ ਅਤੇ ਵਿੱਤੀ ਉਤਸ਼ਾਹ ਨਾਲ ਉੱਥੋਂ ਦੀ ਅਰਥਵਿਵਸਥਾ ਨੂੰ ਹੁਲਾਰਾ ਮਿਲੇਗਾ।
ਪਛਮੀ ਏਸ਼ੀਆ ’ਚ ਵਧਦੇ ਤਣਾਅ ਦਰਮਿਆਨ ਗਲੋਬਲ ਤੇਲ ਬੈਂਚਮਾਰਕ ਬ੍ਰੈਂਟ ਕਰੂਡ 0.99 ਫੀ ਸਦੀ ਦੀ ਤੇਜ਼ੀ ਨਾਲ 78.39 ਡਾਲਰ ਪ੍ਰਤੀ ਬੈਰਲ ’ਤੇ ਕਾਰੋਬਾਰ ਕਰ ਰਿਹਾ ਸੀ। ਵੀਰਵਾਰ ਨੂੰ ਬੰਬਈ ਸ਼ੇਅਰ ਬਾਜ਼ਾਰ ਦਾ ਸੈਂਸੈਕਸ 1,769.19 ਅੰਕ ਡਿੱਗ ਕੇ 82,497.10 ’ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 546.80 ਅੰਕ ਡਿੱਗ ਕੇ 82,434.02 ’ਤੇ ਬੰਦ ਹੋਇਆ।