ਪਾਕਿਸਤਾਨ ਨੂੰ ਆਰ.ਡੀ.-93 ਇੰਜਣ ਵੇਚਣ ਨਾਲ ਭਾਰਤ ਨੂੰ ਫਾਇਦਾ ਹੋਵੇਗਾ : ਰੂਸ ਦੇ ਮਾਹਿਰ 

ਏਜੰਸੀ

ਖ਼ਬਰਾਂ, ਵਪਾਰ

ਭਾਰਤ ’ਚ ਵਿਰੋਧੀ ਪਾਰਟੀਆਂ ਵਲੋਂ ਇਸ ਵਿਕਰੀ ਲਈ ਭਾਰਤ ਸਰਕਾਰ ਦੀ ਕੀਤੀ ਜਾ ਰਹੀ ਨਿੰਦਾ ਨੂੰ ਨਾਜਾਇਜ਼ ਕਰਾਰ ਦਿਤਾ

Representative Image.

ਮਾਸਕੋ : ਰੂਸ ਦੇ ਰੱਖਿਆ ਮਾਹਰਾਂ ਨੇ ਐਤਵਾਰ ਨੂੰ ਕਿਹਾ ਕਿ ਪਾਕਿਸਤਾਨ ਨੂੰ ਜੇ.ਐਫ.-17 ਲੜਾਕੂ ਜਹਾਜ਼ਾਂ ਵਿਚ ਲੱਗਣ ਵਾਲੇ ਆਰ.ਡੀ.-93 ਇੰਜਣਾਂ ਦੀ ਵਿਕਰੀ ਦੀ ਕਥਿਤ ਵਿਕਰੀ ਨਾਲ ਦਿੱਲੀ ਨੂੰ ਲਾਭ ਹੀ ਹੋਵੇਗਾ। ਉਨ੍ਹਾਂ ਭਾਰਤ ’ਚ ਵਿਰੋਧੀ ਪਾਰਟੀਆਂ ਵਲੋਂ ਇਸ ਵਿਕਰੀ ਲਈ ਭਾਰਤ ਸਰਕਾਰ ਦੀ ਕੀਤੀ ਜਾ ਰਹੀ ਨਿੰਦਾ ਨੂੰ ਰੱਦ ਕੀਤਾ ਹੈ ਅਤੇ ਨਾਜਾਇਜ਼ ਕਰਾਰ ਦਿਤਾ ਹੈ। 

ਮਾਸਕੋ ਸਥਿਤ ਪ੍ਰਿਮਾਕੋਵ ਇੰਸਟੀਚਿਊਟ ’ਚ ਦਖਣੀ ਅਤੇ ਦੱਖਣ-ਪੂਰਬੀ ਏਸ਼ੀਆ ’ਚ ਨਵੀਆਂ ਚੁਨੌਤੀਆਂ ਦੇ ਮੁਖੀ ਪਿਓਤਰ ਟੋਪਿਚਕਾਨੋਵ ਨੇ ਕਿਹਾ, ‘‘ਮੈਨੂੰ ਨਹੀਂ ਲਗਦਾ ਕਿ ਇੱਥੇ ਆਲੋਚਨਾ ਜਾਇਜ਼ ਹੈ। ਜੇਕਰ ਰੂਸ ਵਲੋਂ  ਜੇ.ਐਫ.-17 ਲਈ ਇੰਜਣ ਮੁਹੱਈਆ ਕਰਵਾਉਣ ਦੀਆਂ ਖਬਰਾਂ ਸਹੀ ਹਨ ਤਾਂ ਇਸ ਨਾਲ ਅਸਲ ’ਚ ਭਾਰਤ ਨੂੰ ਦੋ ਤਰੀਕਿਆਂ ਨਾਲ ਲਾਭ ਹੁੰਦਾ ਹੈ।’’

ਉਨ੍ਹਾਂ ਕਿਹਾ, ‘‘ਸੱਭ ਤੋਂ ਪਹਿਲਾਂ, ਇਹ ਦਰਸਾਉਂਦਾ ਹੈ ਕਿ ਚੀਨ ਅਤੇ ਪਾਕਿਸਤਾਨ ਅਜੇ ਤਕ  ਰੂਸੀ ਮੂਲ ਦੇ ਇੰਜਣ ਨੂੰ ਬਦਲਣ ਵਿਚ ਕਾਮਯਾਬ ਨਹੀਂ ਹੋਏ ਹਨ। ਦੂਜਾ, ਨਵੇਂ ਜਹਾਜ਼ ਨਾਲ ਭਾਰਤ ਵਾਕਫ਼ ਹੋਵੇਗਾ ਅਤੇ ਖ਼ਾਸਕਰ ਕਿਉਂਕਿ ਉਨ੍ਹਾਂ ’ਚ ਉਹੀ ਇੰਜਣ ਹੋਵੇਗਾ ਜਿਸ ਨੂੰ ਭਾਰਤ ਨੇ ਮਈ 2025 ਦੇ ਸੰਕਟ (ਆਪਰੇਸ਼ਨ ਸੰਧੂਰ) ਦੌਰਾਨ ਜੇ.ਐਫ.-17 ਦੀ ਵਰਤੋਂ ਦੌਰਾਨ  ਵੇਖਿਆ ਸੀ।’’

ਟੋਪੀਚਕਾਨੋਵ ਨੇ ਯਾਦ ਕੀਤਾ ਕਿ ਚੀਨ ਨੇ ਰੂਸ ਨੂੰ ਬੇਨਤੀ ਕੀਤੀ ਸੀ ਕਿ ਉਹ ਉਸ ਦੇ ਐਫ.ਸੀ.-17 ਜੈੱਟ ਲਈ ਆਰ.ਡੀ.-93 ਇੰਜਣ ਸਪਲਾਈ ਕਰੇ ਅਤੇ ਇਸ ਦੇ ਪਾਕਿਸਤਾਨ ਨੂੰ ਵੇਚਣ ਦੀ ਸੰਭਾਵਨਾ ’ਤੇ ਤਤਕਾਲੀ ਪ੍ਰਧਾਨ ਮੰਤਰੀਆਂ ਅਟਲ ਬਿਹਾਰੀ ਵਾਜਪਾਈ ਅਤੇ ਡਾ. ਮਨਮੋਹਨ ਸਿੰਘ ਦੇ ਸਮੇਂ ਐਨ.ਡੀ.ਏ. ਅਤੇ ਯੂ.ਪੀ.ਏ. ਸਰਕਾਰਾਂ ਨੇ ਚਿੰਤਾ ਪ੍ਰਗਟਾਈ ਸੀ। 

ਹਾਲਾਂਕਿ, ਇਕ  ਹੋਰ ਮਾਹਰ, ਜੋ ਅਪਣੀ ਪਛਾਣ ਨਹੀਂ ਦਸਣਾ ਚਾਹੁੰਦਾ, ਨੇ ਕਿਹਾ ਕਿ ਉਹ ਇਸ ਮੁੱਦੇ ਉਤੇ  ਹੋਈ ਚਰਚਾ ਨੂੰ ਅਸਪਸ਼ਟ ਤੌਰ ਉਤੇ  ਯਾਦ ਕਰਦਿਆਂ ਕਿਹਾ, ‘‘ਮਾਸਕੋ ਨੇ ਨਵੀਂ ਦਿੱਲੀ ਨੂੰ ਯਕੀਨ ਦਿਵਾਇਆ ਕਿ ਆਰ.ਡੀ.-93 ਸੌਦਾ ਤਕਨਾਲੋਜੀ ਦੇਣ ਤੋਂ ਬਿਨਾਂ ਪੂਰੀ ਤਰ੍ਹਾਂ ਵਪਾਰਕ ਸੀ, ਜਦਕਿ  ਭਾਰਤ ਨੂੰ ਤਕਨਾਲੋਜੀ ਦੇਣ ਅਧੀਨ ਬਹੁਤ ਵਧੀਆ ਆਰ.ਡੀ.-33 ਇੰਜਣਾਂ ਲਈ ਲਾਇਸੈਂਸ ਦਿਤਾ ਗਿਆ ਸੀ।’’

ਕਲੀਮੋਵ ਪਲਾਂਟ ਵਲੋਂ ਤਿਆਰ ਕੀਤਾ ਗਿਆ ਆਰ.ਡੀ.-93 ਵਿਚ ਇਸ ਦੇ ਮੂਲ ਆਰ.ਡੀ.-33 ਦੇ ਮੁਕਾਬਲੇ ਵਧੇਰੇ ਜ਼ੋਰ ਹੈ ਪਰ ਸੇਵਾ ਦੀ ਜ਼ਿੰਦਗੀ ਘੱਟ ਹੈ। ਆਰ.ਡੀ.-93 ਦਾ ਸੇਵਾ ਜੀਵਨ 2,200 ਘੰਟੇ ਹੈ ਜਦਕਿ  ਆਰ.ਡੀ.-33 ਦਾ 4,000 ਘੰਟੇ ਹੈ।

ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਸਨਿਚਰਵਾਰ  ਨੂੰ ਸਰਕਾਰ ਤੋਂ ਜਵਾਬ ਮੰਗਿਆ ਕਿ ਭਾਰਤ ਦਾ ਸੱਭ ਤੋਂ ਭਰੋਸੇਮੰਦ ਰਣਨੀਤਕ ਸਹਿਯੋਗੀ ਰੂਸ ਚੀਨ ਦੇ ਬਣੇ ਜੇ.ਐਫ.-17 ਲੜਾਕੂ ਜਹਾਜ਼ਾਂ ਦੇ ਇੰਜਣਾਂ ਦੀ ਸਪਲਾਈ ਕਰ ਕੇ  ਪਾਕਿਸਤਾਨ ਨੂੰ ਫੌਜੀ ਸਹਾਇਤਾ ਕਿਉਂ ਪ੍ਰਦਾਨ ਕਰ ਰਿਹਾ ਹੈ।