Yes Bank ਦੇ ਗ੍ਰਾਹਕਾਂ ਨੂੰ ਵੱਡੀ ਰਾਹਤ, SBI ਕਰੇਗਾ 2450 ਕਰੋੜ ਰੁਪਏ ਦਾ ਨਿਵੇਸ਼

ਏਜੰਸੀ

ਖ਼ਬਰਾਂ, ਵਪਾਰ

ਯੈੱਸ ਬੈਂਕ ਸੰਕਟ ‘ਤੇ ਭਾਰਤੀ ਸਟੇਟ ਬੈਂਕ ਦੇ ਚੇਅਰਮੈਨ ਰਜਨੀਸ਼ ਕੁਮਾਰ ਨੇ ਸ਼ਨੀਵਾਰ ਨੂੰ ਕਿਹਾ ਕਿ ਯੈੱਸ ਬੈਂਕ ਵਿਚ ਗ੍ਰਾਹਕਾਂ ਦਾ ਪੈਸਾ ਪੂਰੀ ਤਰ੍ਹਾਂ ਸੁਰੱਖਿਅਤ ਹੈ।

Photo

ਨਵੀਂ ਦਿੱਲੀ: ਯੈੱਸ ਬੈਂਕ ਸੰਕਟ ‘ਤੇ ਭਾਰਤੀ ਸਟੇਟ ਬੈਂਕ ਦੇ ਚੇਅਰਮੈਨ ਰਜਨੀਸ਼ ਕੁਮਾਰ ਨੇ ਸ਼ਨੀਵਾਰ ਨੂੰ ਕਿਹਾ ਕਿ ਯੈੱਸ ਬੈਂਕ ਵਿਚ ਗ੍ਰਾਹਕਾਂ ਦਾ ਪੈਸਾ ਪੂਰੀ ਤਰ੍ਹਾਂ ਸੁਰੱਖਿਅਤ ਹੈ। ਉਹਨਾਂ ਨੇ ਕਿਹਾ ਕਿ ਐਸਬੀਆਈ ਯੈੱਸ ਬੈਂਕ ਵਿਚ 2,450 ਕਰੋੜ ਰੁਪਏ ਦਾ ਨਿਵੇਸ਼ ਕਰੇਗਾ। ਰਜਨੀਸ਼ ਕੁਮਾਰ ਨੇ ਕਿਹਾ ਕਿ ਐਸਬੀਆਈ ਬੋਰਡ ਨੇ ਯੈੱਸ ਬੈਂਕ ਵਿਚ 49 ਫੀਸਦੀ ਤੱਕ ਦੀ ਹਿੱਸੇਦਾਰੀ ਲੈਣ ਦੀ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਹੈ। ਇਸ ਯੋਜਨਾ ‘ਤੇ ਕਾਨੂੰਨੀ ਟੀਮ ਕੰਮ ਕਰ ਰਹੀ ਹੈ।

ਦੱਸ ਦਈਏ ਕਿ ਭਾਰਤੀ ਰਿਜ਼ਰਵ ਬੈਂਕ ਨੇ ਸੰਕਟ ਵਿਚ ਫਸੇ ਨਿੱਜੀ ਖੇਤਰ ਦੇ ਬੈਂਕ ‘ਤੇ ਵੀਰਵਾਰ ਨੂੰ ਸਖ਼ਤੀ ਵਧਾਉਂਦੇ ਹੋਏ ਬੈਂਕ ਦੇ ਡਾਇਰੈਕਟਰ ਬੋਰਡ ਨੂੰ ਭੰਗ ਕਰ ਦਿੱਤਾ। ਇਸ ਦੇ ਨਾਲ ਹੀ ਬੈਂਕ ਦੇ ਗ੍ਰਾਹਕਾਂ ਲਈ ਪੈਸੇ ਕਢਵਾਉਣ ਦੀ ਸੀਮਾ 50 ਹਜ਼ਾਰ ਰੁਪਏ ਤੈਅ ਕਰ ਦਿੱਤੀ ਗਈ ਸੀ। ਗ੍ਰਾਹਕ ਇਕ ਮਹੀਨੇ ਵਿਚ ਇਸ ਤੋਂ ਜ਼ਿਆਦਾ ਰਕਮ ਨਹੀਂ ਕਢਵਾ ਸਕਣਗੇ।

ਰਿਜ਼ਰਵ ਬੈਂਕ ਨੇ ਐਸਬੀਆਈ ਦੇ ਸਾਬਕਾ ਮੁੱਖ ਵਿੱਤ ਅਧਿਕਾਰੀ ਪ੍ਰਸ਼ਾਂਤ ਕੁਮਾਰ ਨੂੰ ਯੈੱਸ ਬੈਂਕ ਦਾ ਨਵਾਂ ਪ੍ਰਬੰਧਕ ਨਿਯੁਕਤ ਕੀਤਾ ਸੀ। ਇਸ ਤੋਂ ਪਹਿਲਾਂ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਨਕਦੀ ਸੰਕਟ ਨਾਲ ਜੂਝ ਰਹੇ ਯੈੱਸ ਬੈਂਕ ਦੇ ਖਾਤਾਧਾਰਕਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦਾ ਪੈਸਾ ਸੁਰੱਖਿਅਤ ਹੈ ਅਤੇ ਰਿਜ਼ਰਵ ਬੈਂਕ ਯੈੱਸ ਬੈਂਕ ਨਾਲ ਜੁੜੇ ਮੁੱਦਿਆਂ ਦਾ ਤੇਜ਼ੀ ਨਾਲ ਹੱਲ ਕੱਢਣ ਲਈ ਕੰਮ ਕਰ ਰਿਹਾ ਹੈ।

ਸੀਤਾਰਮਣ ਨੇ ਕਿਹਾ ਕਿ ਸਰਕਾਰ ਨੇ ਰਿਜ਼ਰਵ ਬੈਂਕ ਨੂੰ ਇਹ ਪਤਾ ਲਾਉਣ ਲਈ ਕਿਹਾ ਹੈ ਕਿ ਯੈੱਸ ਬੈਂਕ ਵਿਚ ਕੀ ਗ਼ਲਤ ਹੋਇਆ ਅਤੇ ਇਸ ਵਿਚ ਨਿਜੀ ਪੱਧਰ 'ਤੇ ਜਵਾਬਦੇਹੀ ਤੈਅ ਕੀਤੀ ਜਾਣੀ ਚਾਹੀਦੀ ਹੈ। ਸੀਤਾਰਮਣ ਨੇ ਕਿਹਾ, 'ਮੈਂ ਰਿਜ਼ਰਵ ਬੈਂਕ ਨਾਲ ਲਗਾਤਾਰ ਸੰਪਰਕ ਵਿਚ ਹਾਂ।

ਕੇਂਦਰੀ ਬੈਂਕ ਦੀ ਇਸ ਮਾਮਲੇ 'ਤੇ ਪੂਰੀ ਪਕੜ ਹੈ ਅਤੇ ਉਸ ਨੇ ਇਸ ਦੇ ਫ਼ੌਰੀ ਹੱਲ ਦਾ ਭਰੋਸਾ ਦਿਤਾ ਹੈ। ਮੈਂ ਭਰੋਸਾ ਦਿਵਾਉਣਾ ਚਾਹੁੰਦੀ ਹਾਂ ਕਿ ਯੈਸ ਬੈਂਕ ਦੇ ਹਰ ਜਮ੍ਹਾਂਕਾਰ ਦਾ ਪੈਸਾ ਸੁਰੱਖਿਅਤ ਹੈ।' ਛੇ ਮਹੀਨੇ ਪਹਿਲਾਂ ਰਿਜ਼ਰਵ ਬੈਂਕ ਨੇ ਵੱਡਾ ਘੋਟਾਲਾ ਸਾਹਣੇ ਆਉਣ ਤੋਂ ਬਾਅਦ ਪੀਐਮਸੀ ਬੈਂਕ ਦੇ ਮਾਮਲਿਆਂ ਵਿਚ ਵੀ ਇਸੇ ਤਰ੍ਹਾਂ ਦਾ ਕਦਮ ਚੁੱਕਿਆ ਸੀ।