Delhivery Moga Hub: ਹੁਣ ਪੂਰੀ ਤਰ੍ਹਾਂ ਔਰਤਾਂ ਦੇ ਹੱਥਾਂ ਵਿਚ ਡੇਲ੍ਹੀਵਰੀ ਦੇ ਮੋਗਾ ਕੇਂਦਰ ਦੀ ਕਮਾਨ
ਉਨ੍ਹਾਂ ਕਿਹਾ ਕਿ ਪੰਜਾਬ ਉੱਦਮੀਆਂ ਦਾ ਸੂਬਾ ਹੈ ਅਤੇ ਇਥੋਂ ਦੀਆਂ ਔਰਤਾਂ ਵੀ ਉਤਸ਼ਾਹੀ ਹਨ।
Delhivery Moga Hub: ਦੇਸ਼ ਵਿਚ ਲੌਜਿਸਟਿਕਸ ਸੇਵਾਵਾਂ ਦੇਣ ਵਾਲੀ ਕੰਪਨੀ ਡੇਲ੍ਹੀਵਰੀ ਨੇ ਕਿਹਾ ਕਿ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ 'ਤੇ ਉਸ ਨੇ ਪੰਜਾਬ ਵਿਚ ਮੋਗਾ ਕੇਂਦਰ ਦੀ ਕਮਾਨ ਪੂਰੀ ਤਰ੍ਹਾਂ ਔਰਤਾਂ ਨੂੰ ਸੌਂਪ ਦਿਤੀ ਹੈ। ਕੰਪਨੀ ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਸਮੇਤ ਹੋਰ ਸੂਬਿਆਂ ਵਿਚ ਔਰਤਾਂ ਦੁਆਰਾ ਚਲਾਏ ਜਾਣ ਵਾਲੇ ਅਜਿਹੇ ਹੋਰ ਕੇਂਦਰ ਖੋਲ੍ਹਣ ਦੀ ਯੋਜਨਾ ਬਣਾ ਰਹੀ ਹੈ।
ਡੇਲ੍ਹੀਵਰੀ ਨੇ ਸ਼ੁਕਰਵਾਰ ਨੂੰ ਇਕ ਬਿਆਨ ਵਿਚ ਕਿਹਾ, "ਕੰਪਨੀ ਵਲੋਂ ਪੰਜਾਬ ਵਿਚ ਅਪਣੇ ਮੋਗਾ ਕੇਂਦਰ ਨੂੰ ਪੂਰੀ ਤਰ੍ਹਾਂ ਔਰਤਾਂ ਦੁਆਰਾ ਚਲਾਇਆ ਜਾ ਰਿਹਾ ਹੈ।" ਮੋਗਾ ਵਿਚ ਡੇਲ੍ਹੀਵਰੀ ਦੇ ਸੰਚਾਲਨ ਲਈ ਇਕ ਮਹੱਤਵਪੂਰਨ ਕੇਂਦਰ ਹੈ।
ਹੁਣ ਇਸ ਕੇਂਦਰ ਦਾ ਸੰਚਾਲਨ ਪੂਰੀ ਤਰ੍ਹਾਂ ਮਹਿਲਾ ਮੁਲਾਜ਼ਮਾਂ ਦੇ ਹੱਥਾਂ ਵਿਚ ਹੈ। ਇਨ੍ਹਾਂ ਕੰਮਾਂ ਵਿਚ BOPT ਸੰਚਾਲਨ (ਬੈਟਰੀ-ਸੰਚਾਲਿਤ ਪੈਲੇਟ ਟਰੱਕ), ਵੇਅਰਹਾਊਸ ਪ੍ਰਬੰਧਨ, ਲੋਡਿੰਗ/ਅਨਲੋਡਿੰਗ ਆਦਿ ਸ਼ਾਮਲ ਹਨ। ਇਥੇ ਸਫ਼ਾਈ ਅਤੇ ਹੋਰ ਸਬੰਧਤ ਕੰਮ ਅਤੇ ਸੁਰੱਖਿਆ ਕਰਮਚਾਰੀ ਵੀ ਔਰਤਾਂ ਹਨ। ਡੇਲ੍ਹੀਵਰੀ ਦੇ ਸਹਿ-ਸੰਸਥਾਪਕ ਸੂਰਜ ਸਹਾਰਨ ਨੇ ਕਿਹਾ, “ਅਸੀਂ ਵਿਭਿੰਨਤਾ ਦੀ ਕਦਰ ਕਰਦੇ ਹਾਂ ਅਤੇ ਸਾਡੇ ਸਾਰੇ ਕਾਰਜਾਂ ਅਤੇ ਕਾਰਪੋਰੇਟ ਭੂਮਿਕਾਵਾਂ ਵਿਚ ਵੱਧ ਤੋਂ ਵੱਧ ਔਰਤਾਂ ਨੂੰ ਸ਼ਾਮਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਪਿਛਲੇ ਤਿੰਨ ਸਾਲਾਂ ਵਿਚ ਸਾਡੀ ਕੰਪਨੀ ਵਿਚ ਔਰਤਾਂ ਦੀ ਗਿਣਤੀ ਵਿਚ ਪੰਜ ਗੁਣਾ ਵਾਧਾ ਹੋਇਆ ਹੈ”।
ਉਨ੍ਹਾਂ ਕਿਹਾ ਕਿ ਪੰਜਾਬ ਉੱਦਮੀਆਂ ਦਾ ਸੂਬਾ ਹੈ ਅਤੇ ਇਥੋਂ ਦੀਆਂ ਔਰਤਾਂ ਵੀ ਉਤਸ਼ਾਹੀ ਹਨ। ਅਸੀਂ ਸੁਰੱਖਿਅਤ ਅਤੇ ਸਮਾਵੇਸ਼ੀ ਕਾਰਜ ਸੰਸਕ੍ਰਿਤੀ ਵਿਚ ਸਿਖਲਾਈ ਦੇ ਜ਼ਰੀਏ ਇਨ੍ਹਾਂ ਮਹਿਲਾ ਕਰਮਚਾਰੀਆਂ ਨੂੰ ਪੇਸ਼ੇਵਰ ਅਤੇ ਨਿੱਜੀ ਵਿਕਾਸ ਲਈ ਸਸ਼ਕਤ ਬਣਾਉਣ ਲਈ ਵਚਨਬੱਧ ਹਾਂ। ਬਿਆਨ ਅਨੁਸਾਰ, ਕੰਪਨੀ ਪੂਰੀ ਤਰ੍ਹਾਂ ਔਰਤਾਂ ਦੁਆਰਾ ਚਲਾਏ ਜਾਣ ਵਾਲੇ ਕੇਂਦਰ ਖੋਲ੍ਹਣਾ ਜਾਰੀ ਰੱਖੇਗੀ। ਅਜਿਹੇ ਦੋ ਵੱਡੇ ਕੇਂਦਰ ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਿਚ ਵੀ ਸਥਾਪਤ ਕੀਤੇ ਜਾਣਗੇ।
(For more Punjabi news apart from Delhivery Empowers Women at Moga Hub, stay tuned to Rozana Spokesman)