ਸਰਕਾਰੀ ਬੈਂਕਾਂ ਦੇ ਮੁਲਾਜ਼ਮਾਂ ਨੂੰ ਹੋਲੀ ਦਾ ਤੋਹਫ਼ਾ! ਹਰ ਸਨਿਚਰਵਾਰ ਨੂੰ ਹੋਵੇਗੀ ਛੁੱਟੀ, ਤਨਖਾਹ ’ਚ ਵਾਧੇ ’ਤੇ ਵੀ ਬਣੀ ਸਹਿਮਤੀ
ਭਾਰਤੀ ਬੈਂਕ ਐਸੋਸੀਏਸ਼ਨ ਅਤੇ ਬੈਂਕ ਮੁਲਾਜ਼ਮ ਯੂਨੀਅਨਾਂ ਵਿਚਕਾਰ ਬਣੀ ਸਹਿਮਤੀ
ਨਵੀਂ ਦਿੱਲੀ: ਜਨਤਕ ਖੇਤਰ ਦੇ ਬੈਂਕਾਂ ’ਚ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਤਨਖਾਹ ’ਚ ਸਾਲਾਨਾ 17 ਫੀ ਸਦੀ ਤਕ ਦਾ ਵਾਧਾ ਹੋਵੇਗਾ। ਨਵੰਬਰ 2022 ਤੋਂ ਲਾਗੂ ਹੋਣ ਵਾਲੇ ਇਸ ਫੈਸਲੇ ਨਾਲ ਲਗਭਗ ਅੱਠ ਲੱਖ ਬੈਂਕ ਮੁਲਾਜ਼ਮਾਂ ਨੂੰ ਲਾਭ ਹੋਵੇਗਾ। ਭਾਰਤੀ ਬੈਂਕ ਐਸੋਸੀਏਸ਼ਨ (ਆਈ.ਬੀ.ਏ.) ਅਤੇ ਬੈਂਕ ਕਰਮਚਾਰੀ ਯੂਨੀਅਨਾਂ ਨੇ ਸ਼ੁਕਰਵਾਰ ਨੂੰ ਤਨਖਾਹ ’ਚ 17 ਫੀ ਸਦੀ ਤਕ ਦਾ ਸਾਲਾਨਾ ਵਾਧਾ ਕਰਨ ’ਤੇ ਸਹਿਮਤੀ ਜਤਾਈ ਹੈ। ਇਸ ਨਾਲ ਜਨਤਕ ਖੇਤਰ ਦੇ ਬੈਂਕਾਂ ’ਤੇ ਸਾਲਾਨਾ 8,284 ਕਰੋੜ ਰੁਪਏ ਦਾ ਵਾਧੂ ਬੋਝ ਪਵੇਗਾ।
ਆਈ.ਬੀ.ਏ. ਬੈਂਕ ਯੂਨੀਅਨਾਂ ਅਤੇ ਕਰਮਚਾਰੀ ਯੂਨੀਅਨਾਂ ਨਾਲ ਸਲਾਹ-ਮਸ਼ਵਰਾ ਕਰ ਕੇ ਸਾਲਾਨਾ ਤਨਖਾਹ ’ਚ ਸੋਧ ਕਰਦਾ ਹੈ। ਇਸ ਦੌਰਾਨ ਆਲ ਇੰਡੀਆ ਬੈਂਕ ਆਫੀਸਰਜ਼ ਕਨਫੈਡਰੇਸ਼ਨ ਨੇ ਕਿਹਾ ਕਿ ਉਹ ਐਸੋਸੀਏਸ਼ਨ ਨੂੰ ਸਾਰੇ ਸਨਿਚਰਵਾਰ ਨੂੰ ਛੁੱਟੀਆਂ ਮਨਾਉਣ ਲਈ ਸਹਿਮਤ ਹੋ ਗਿਆ ਹੈ। ਪਰ ਕੰਮ ਦੇ ਘੰਟਿਆਂ ਨੂੰ ਸੋਧਣ ਦਾ ਪ੍ਰਸਤਾਵ ਸਰਕਾਰ ਵਲੋਂ ਨੋਟੀਫਾਈ ਕੀਤੇ ਜਾਣ ਤੋਂ ਬਾਅਦ ਲਾਗੂ ਹੋਵੇਗਾ।
ਬੈਂਕ ਅਧਿਕਾਰੀਆਂ ਦੀ ਐਸੋਸੀਏਸ਼ਨ ਨੇ ਕਿਹਾ ਕਿ ਨਵਾਂ ਤਨਖਾਹ ਸਕੇਲ 8088 ਅੰਕਾਂ ਦੇ ਮਹਿੰਗਾਈ ਭੱਤੇ (ਡੀ.ਏ.) ਅਤੇ ਇਸ ’ਤੇ ਵਾਧੂ ਬੋਝ ਨੂੰ ਮਿਲਾ ਕੇ ਨਿਰਧਾਰਤ ਕੀਤਾ ਗਿਆ ਹੈ। ਨਵੇਂ ਤਨਖਾਹ ਸਮਝੌਤੇ ਤਹਿਤ ਸਾਰੀਆਂ ਮਹਿਲਾ ਕਰਮਚਾਰੀਆਂ ਨੂੰ ਮੈਡੀਕਲ ਸਰਟੀਫਿਕੇਟ ਦਿਤੇ ਬਿਨਾਂ ਵੀ ਹਰ ਮਹੀਨੇ ਇਕ ਦਿਨ ਦੀ ਬੀਮਾਰ ਛੁੱਟੀ ਲੈਣ ਦੀ ਇਜਾਜ਼ਤ ਹੋਵੇਗੀ।
ਇਸ ਵਿਚ ਕਿਹਾ ਗਿਆ ਹੈ ਕਿ ਜਮ੍ਹਾਂ ਵਿਸ਼ੇਸ਼ ਅਧਿਕਾਰ ਛੁੱਟੀ (ਪੀ.ਐਲ.) ਨੂੰ ਰਿਟਾਇਰਮੈਂਟ ਦੇ ਸਮੇਂ ਜਾਂ ਸੇਵਾ ਦੌਰਾਨ ਕਰਮਚਾਰੀ ਦੀ ਮੌਤ ਦੇ ਮਾਮਲੇ ਵਿਚ 255 ਦਿਨਾਂ ਤਕ ਨਕਦ ਕੀਤਾ ਜਾ ਸਕਦਾ ਹੈ। ਆਈ.ਬੀ.ਏ. ਦੇ ਸੀ.ਈ.ਓ. ਸੁਨੀਲ ਮਹਿਤਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਇਕ ਸੰਦੇਸ਼ ਵਿਚ ਕਿਹਾ, ‘‘ਅੱਜ ਬੈਂਕਿੰਗ ਉਦਯੋਗ ਲਈ ਇਕ ਮਹੱਤਵਪੂਰਨ ਮੀਲ ਪੱਥਰ ਹੈ। ਆਈ.ਬੀ.ਏ. ਅਤੇ ਯੂ.ਐਫ.ਬੀ.ਯੂ., ਏ.ਆਈ.ਬੀ.ਓ.ਯੂ., ਏ.ਆਈ.ਬੀ.ਏ.ਐਸ.ਐਮ. ਅਤੇ ਬੀ.ਕੇ.ਐਸ.ਐਮ. ਨੇ ਬੈਂਕ ਅਧਿਕਾਰੀਆਂ ਅਤੇ ਮੁਲਾਜ਼ਮਾਂ ਲਈ ਤਨਖਾਹ ਸੋਧ ’ਤੇ 9ਵੇਂ ਸੰਯੁਕਤ ਨੋਟ ਅਤੇ 12 ਵੇਂ ਦੋ-ਪੱਖੀ ਸਮਝੌਤੇ ’ਤੇ ਦਸਤਖਤ ਕੀਤੇ ਹਨ। ਇਹ 1 ਨਵੰਬਰ 2022 ਤੋਂ ਲਾਗੂ ਹੋਵੇਗਾ।’’
ਸੇਵਾਮੁਕਤ ਮੁਲਾਜ਼ਮਾਂ ਦੇ ਮਾਮਲੇ ’ਚ, ਇਹ ਸਹਿਮਤੀ ਬਣੀ ਹੈ ਕਿ ਮਹੀਨਾਵਾਰ ਐਕਸਗ੍ਰੇਸ਼ੀਆ ਭੁਗਤਾਨ ਜਨਤਕ ਖੇਤਰ ਦੇ ਬੈਂਕਾਂ ਵਲੋਂ ਅਦਾ ਕੀਤੀ ਜਾਣ ਵਾਲੀ ਪੈਨਸ਼ਨ/ਐਕਸਗ੍ਰੇਸ਼ੀਆ ਰਕਮ ਤੋਂ ਵੱਧ ਹੋਵੇਗਾ। ਪਰਵਾਰਕ ਪੈਨਸ਼ਨ ਵੀ ਇਸ ਤੋਂ ਇਲਾਵਾ ਹੋਵੇਗੀ। ਇਹ ਰਾਸ਼ੀ ਉਨ੍ਹਾਂ ਪੈਨਸ਼ਨਰਾਂ ਅਤੇ ਪਰਵਾਰਕ ਪੈਨਸ਼ਨਰਾਂ ਨੂੰ ਦਿਤੀ ਜਾਵੇਗੀ ਜੋ 31 ਅਕਤੂਬਰ, 2022 ਨੂੰ ਜਾਂ ਇਸ ਤੋਂ ਪਹਿਲਾਂ ਪੈਨਸ਼ਨ ਪ੍ਰਾਪਤ ਕਰਨ ਦੇ ਯੋਗ ਹੋ ਗਏ ਹਨ। ਉਸ ਮਿਤੀ ਨੂੰ ਸੇਵਾਮੁਕਤ ਹੋਣ ਵਾਲੇ ਲੋਕ ਵੀ ਇਸ ਦੇ ਦਾਇਰੇ ’ਚ ਆਉਣਗੇ।