ਮੰਦੀ ਨੇ ਮਾਰੂਤੀ ਦੇ ਉਤਪਾਦਨ ਨੂੰ ਲਾਈਆਂ ਜ਼ੋਰਦਾਰ ਬ੍ਰੇਕਾਂ

ਏਜੰਸੀ

ਖ਼ਬਰਾਂ, ਵਪਾਰ

ਮਾਰੂਤੀ ਨੇ ਲਗਾਤਾਰ ਅਠਵੇਂ ਮਹੀਨੇ ਉਤਪਾਦਨ ਘਟਾਇਆ

Maruti Suzuki cuts production in September month

ਮੁੰਬਈ : ਵਾਹਨ ਬਣਾਉਣ ਵਾਲੀ ਮਾਰੂਤੀ ਸਜ਼ੂਕੀ ਇੰਡੀਆ ਨੇ ਮੰਦੀ ਨੂੰ ਵੇਖਦਿਆਂ ਸਤੰਬਰ ਵਿਚ ਅਪਣਾ ਉਤਪਾਦਨ 17.48 ਫ਼ੀ ਸਦੀ ਘਟਾ ਦਿਤਾ ਹੈ। ਇਹ ਲਗਾਤਾਰ ਅਠਵਾਂ ਮਹੀਨਾ ਹੈ ਜਦ ਕਾਰ ਬਣਾਉਣ ਵਾਲੀ ਦੇਸ਼ ਦੀ ਸੱਭ ਤੋਂ ਵੱਡੀ ਕੰਪਨੀ ਨੇ ਅਪਣਾ ਉਤਪਾਦਨ ਘਟਾ ਦਿਤਾ। ਮਾਰੂਤੀ ਨੇ ਸ਼ੇਅਰ ਬਾਜ਼ਾਰਾਂ ਨੂੰ ਦਿਤੀ ਸੂਚਨਾ ਵਿਚ ਕਿਹਾ ਕਿ ਕੰਪਨੀ ਨੇ ਸਤੰਬਰ ਮਹੀਨੇ ਵਿਚ 1,32,199 ਇਕਾਈਆਂ ਦਾ ਉਤਪਾਦਨ ਕੀਤਾ ਜਦਕਿ ਇਕ ਸਾਲ ਪਹਿਲਾਂ ਇਸੇ ਮਹੀਨੇ ਵਿਚ ਇਹ ਗਿਣਤੀ 1,60,219 ਇਕਾਈ ਸੀ। ਪਿਛਲੇ ਮਹੀਨੇ ਯਾਤਰੀ ਵਾਹਨਾਂ ਦਾ ਉਤਪਾਦਨ ਸਾਲਾਨਾ ਆਧਾਰ 'ਤੇ 17.37 ਫ਼ੀ ਸਦੀ ਘੱਟ ਕੇ 1,30,264 ਇਕਾਈ ਰਿਹਾ ਜਦਕਿ ਸਤੰਬਰ 2018 ਵਿਚ ਇਹ ਗਿਣਤੀ 1,57,659 ਇਕਾਈ ਸੀ।

ਕੰਪਨੀ ਦੀ ਅਲਟੋ ਨਿਊ ਵੈਗਨਆਰ, ਸਿਲੇਰੀਉ, ਇਗਨਿਸ, ਸਵਿਫ਼ਟ, ਬਾਲੇਨੋ ਅਤੇ ਡਿਜ਼ਾਯਰ ਸਮੇਤ ਛੋਟੀਆਂ ਅਤੇ ਕੰਪੈਕਟ ਖੰਡ ਦੀਆਂ ਕਾਰਾਂ ਦਾ ਉਤਪਾਦਨ ਇਸੇ ਮਹੀਨੇ ਵਿਚ 98,337 ਕਾਰਾਂ ਰਿਹਾ ਜੋ ਪਿਛਲੇ ਸਾਲ ਇਸੇ ਮਹੀਨੇ ਵਿਚ 1,15,576 ਇਕਾਈਆਂ ਸੀ। ਇਸੇ ਤਰ੍ਹਾਂ ਵਿਟਾਰਾ ਬ੍ਰੇਜਾ, ਅਰਟਿਗਾ ਅਤੇ ਐਸ ਕਰੌਸ ਜਿਹੇ ਉਪਯੋਗੀ ਵਾਹਨਾਂ ਦਾ ਉਤਪਾਦਨ 17.05 ਫ਼ੀ ਸਦੀ ਘੱਟ ਕੇ ਇਸ ਸਾਲ ਸਤੰਬਰ ਵਿਚ 18,435 ਇਕਾਈਆਂ ਰਿਹਾ ਜਦਕਿ ਪਿਛਲੇ ਸਾਲ ਇਸੇ ਮਹੀਨੇ ਵਿਚ 22,226 ਇਕਾਈਆਂ ਦਾ ਉਤਪਦਾਨ ਰਿਹਾ। ਅਗੱਸਤ ਮਹੀਨੇ ਵਿਚ ਕੰਪਨੀ ਨੇ ਉਤਪਾਦਨ 33.99 ਫ਼ੀ ਸਦੀ ਘੱਟ ਕੀਤਾ ਸੀ।

ਕੰਪਨੀ ਨੇ ਉਸ ਦੌਰਾਨ 1,11,370 ਵਾਹਨਾਂ ਦਾ ਉਤਪਾਦਨ ਕੀਤਾ ਸੀ। ਟਾਟਾ ਮੋਟਰਜ਼ ਦੇ ਯਾਤਰੀ ਵਾਹਨਾਂ ਦਾ ਉਤਪਾਦਨ ਵੀ ਇਸ ਸਾਲ ਸਤੰਬਰ ਵਿਚ 63 ਫ਼ੀ ਸਦੀ ਘੱਟ ਕੇ 6,976 ਇਕਾਈਆਂ ਰਿਹਾ ਜੋ ਪਿਛਲੇ ਸਾਲ ਇਸੇ ਮਹੀਨੇ 18,855 ਇਕਾਈ ਸੀ। ਮਾਰੂਤੀ, ਹੁੰਦਈ, ਮਹਿੰਦਰਾ ਐਂਡ ਮਹਿੰਦਰਾ, ਟਾਟਾ ਮੋਟਰਜ਼, ਟੋਇਟਾ ਅਤੇ ਹੌਂਡਾ ਸਮੇਤ ਸਾਰੀਆਂ ਵਾਹਨ ਕੰਪਨੀਆਂ ਦੀ ਘਰੇਲੂ ਵਿਕਰੀ ਵਿਚ ਦਹਾਹੀ ਅੰਕ ਦੀ ਗਿਰਾਵਟ ਦਰਜ ਕੀਤੀ ਗਈ ਹੈ। ਤਿਉਹਾਰ ਸ਼ੁਰੂ ਹੋਣ ਦੇ ਬਾਵਜੂਦ ਵਾਹਨਾਂ ਦੀ ਮੰਗ ਘੱਟ ਹੈ।