ਆਰਥਕ ਮੰਦੀ ਦਾ ਮਾਰੂਤੀ ਸੁਜ਼ੂਕੀ ਕੰਪਨੀ 'ਤੇ ਪਿਆ ਅਸਰ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਦੋ ਦਿਨ ਬੰਦ ਰਹਿਣਗੇ ਗੁਰੂਗ੍ਰਾਮ ਅਤੇ ਮਾਨੇਸਰ ਪਲਾਂਟ

Maruti Suzuki announces 2-day shutdown of Gurugram, Manesar plants

ਨਵੀਂ ਦਿੱਲੀ : ਆਰਥਕ ਮੰਦੀ ਦੇ ਅਸਰ ਕਾਰਨ ਦੇਸ਼ ਅੰਦਰ ਕਾਰਾਂ ਦੀ ਵਿਕਰੀ 'ਚ ਗਿਰਾਵਟ ਆਈ ਹੈ। ਦੇਸ਼ ਦੀ ਸੱਭ ਤੋਂ ਵੱਡੀ ਵਾਹਨ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਨੇ ਸਤੰਬਰ ਮਹੀਨੇ 'ਚ 2 ਦਿਨ ਆਪਣਾ ਪਲਾਂਟ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ। ਮਾਰੂਤੀ ਦੇ ਗੁਰੂਗ੍ਰਾਮ ਅਤੇ ਮਾਨੇਸਰ ਪਲਾਂਟ 7 ਅਤੇ 9 ਸਤੰਬਰ ਨੂੰ ਬੰਦ ਰਹਿਣਗੇ ਅਤੇ ਪੈਸੇਂਜਰ ਗੱਡੀਆਂ ਦੀ ਪ੍ਰੋਡਕਸ਼ਨ ਨਹੀਂ ਕੀਤੀ ਜਾਵੇਗੀ। ਮਾਰੂਤੀ ਸੁਜ਼ੂਕੀ ਨੇ ਇਹ ਦੋ ਦਿਨ 'ਨੋ ਪ੍ਰੋਡਕਸ਼ਨ ਡੇਅ' ਵਜੋਂ ਮਨਾਉਣ ਦਾ ਫ਼ੈਸਲਾ ਕੀਤਾ ਹੈ।

ਇਸ ਤੋਂ ਪਹਿਲਾਂ ਅਗਸਤ ਮਹੀਨੇ 'ਚ ਮਾਰੂਤੀ ਦੀਆਂ ਕਾਰਾਂ ਦੀ ਵਿਕਰੀ 'ਚ 35.9 ਫ਼ੀਸਦੀ ਦੀ ਕਮੀ ਆਈ ਹੈ। ਇਸ ਦੌਰਾਨ ਮਾਰੂਤੀ ਦੀਆਂ 94,728 ਕਾਰਾਂ ਦੀ ਵਿਕਰੀ ਹੋਈ ਸੀ। ਘੱਟ ਵਿਕਰੀ ਕਾਰਨ ਮਾਰੂਤੀ ਲਗਾਤਾਰ ਆਪਣੀਆਂ ਕਾਰਾਂ ਦਾ ਪ੍ਰੋਡਕਸ਼ਨ ਘਟਾ ਰਹੀ ਹੈ। ਅੰਕੜਿਆਂ ਮੁਤਾਬਕ ਮਾਰੂਤੀ ਨੇ ਆਲਟੋ, ਵੈਗਨ ਆਰ, ਸਿਲੇਰਿਓ, ਇਗਨਿਸ, ਸਵਿਫ਼ਟ, ਬਲੇਨੋ ਅਤੇ ਡਿਜ਼ਾਇਰ ਦੀਆਂ ਸਿਰਫ਼ 80,909 ਯੂਨਿਟਾਂ ਦਾ ਹੀ ਨਿਰਮਾਣ ਕੀਤਾ, ਜਦਕਿ ਪਿਛਲੇ ਸਾਲ ਅਗਸਤ 'ਚ 1,22,824 ਯੂਨਿਟਾਂ  ਬਣਾਈਆਂ ਗਈਆਂ ਸਨ।

ਉਥੇ ਹੀ ਯੂਟੀਲਿਟੀ ਵਹੀਕਲ ਜਿਵੇਂ ਵਿਟਾਰਾ ਬ੍ਰੇਜ਼ਾ, ਅਰਟਿਗਾ, ਐਸ ਕ੍ਰਾਸ ਦੀਆਂ ਸਿਰਫ਼ 15,909 ਯੂਨਿਟਾਂ ਦਾ ਨਿਰਮਾਣ ਹੋਇਆ, ਜਦਕਿ ਪਿਛਲੇ ਸਾਲ ਇਸੇ ਮਹੀਨੇ 23,176 ਯੂਨਿਟਾਂ ਬਣਾਈਆਂ ਗਈਆਂ ਸਨ। ਇਸ ਤੋਂ ਇਲਾਵਾ ਸੇਡਾਨ ਕਾਰ ਸਿਆਜ਼ ਦੀਆਂ ਸਿਰਫ਼ 2,285 ਯੂਨਿਟਾਂ ਹੀ ਬਣੀਆਂ, ਜਦਕਿ ਪਿਛਲੇ ਸਾਲ ਅਗਸਤ 'ਚ 6,149 ਯੂਨਿਟਾਂ ਦਾ ਪ੍ਰੋਡਕਸ਼ਨ ਹੋਇਆ ਸੀ।

ਮਾਰੂਤੀ ਨੇ ਹੁਣ ਯਾਤਰੀ ਵਾਹਨਾਂ ਦੇ ਨਿਰਮਾਣ ਨੂੰ ਘਟਾਉਣ ਦਾ ਫ਼ੈਸਲਾ ਕੀਤਾ ਹੈ। ਮਾਰੂਤੀ ਮਾਨੇਸਰ ਪਲਾਂਟ ਨੂੰ ਪਹਿਲਾਂ ਵੀ ਬੰਦ ਕਰ ਚੁੱਕੀ ਹੈ। ਇਸ ਪਲਾਂਟ ਦੀ ਸਾਲਾਨਾ ਸਮਰੱਥਾ 7,50,000 ਯੂਨਿਟ ਹੈ। ਇਥੇ ਅਰਟਿਗਾ, ਵੈਗਨ ਆਰ, ਸਵਿਫ਼ਟ, ਡਿਜ਼ਾਇਰ ਅਤੇ ਬੋਲੈਨੇ ਕਾਰਾਂ ਦਾ ਨਿਰਮਾਣ ਕੀਤਾ ਜਾਂਦਾ ਹੈ।