RBI News: ਰਿਜ਼ਰਵ ਬੈਂਕ ਨੇ ਚਾਲੂ ਵਿੱਤੀ ਸਾਲ ਲਈ ਆਰਥਿਕ ਵਿਕਾਸ ਦਰ ਦਾ ਅਨੁਮਾਨ ਸੱਤ ਫ਼ੀ ਸਦੀ ਤਕ ਵਧਾਇਆ

ਏਜੰਸੀ

ਖ਼ਬਰਾਂ, ਵਪਾਰ

ਇਸ ਤੋਂ ਪਹਿਲਾਂ, ਕੇਂਦਰੀ ਬੈਂਕ ਨੇ 2023-24 ਵਿਚ ਕੁੱਲ ਘਰੇਲੂ ਉਤਪਾਦ (ਜੀਡੀਪੀ) ਦੀ ਵਿਕਾਸ ਦਰ 6.5 ਪ੍ਰਤੀਸ਼ਤ ਰਹਿਣ ਦਾ ਅਨੁਮਾਨ ਲਗਾਇਆ ਸੀ।

RBI raises growth forecast to 7 percent for FY24

RBI News: ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਮੌਜੂਦਾ ਵਿੱਤੀ ਸਾਲ 2023-24 ਲਈ ਦੇਸ਼ ਦੀ ਆਰਥਿਕ ਵਿਕਾਸ ਦਰ ਦੇ ਅਨੁਮਾਨ ਨੂੰ ਵਧਾ ਕੇ ਸੱਤ ਫ਼ੀ ਸਦੀ ਕਰ ਦਿਤਾ ਹੈ। ਕੇਂਦਰੀ ਬੈਂਕ ਨੇ ਮਜ਼ਬੂਤ ​​ਘਰੇਲੂ ਮੰਗ ਅਤੇ ਨਿਰਮਾਣ ਖੇਤਰ ਵਿਚ ਸਮਰੱਥਾ ਦੀ ਵਰਤੋਂ ਵਿਚ ਵਾਧਾ ਦੇ ਵਿਚਕਾਰ ਅਪਣੀ ਵਿਕਾਸ ਦਰ ਦਾ ਅਨੁਮਾਨ ਵਧਾ ਦਿਤਾ ਹੈ। ਇਸ ਤੋਂ ਪਹਿਲਾਂ, ਕੇਂਦਰੀ ਬੈਂਕ ਨੇ 2023-24 ਵਿਚ ਕੁੱਲ ਘਰੇਲੂ ਉਤਪਾਦ (ਜੀਡੀਪੀ) ਦੀ ਵਿਕਾਸ ਦਰ 6.5 ਪ੍ਰਤੀਸ਼ਤ ਰਹਿਣ ਦਾ ਅਨੁਮਾਨ ਲਗਾਇਆ ਸੀ।

ਸ਼ੁਕਰਵਾਰ ਨੂੰ ਦੋ-ਮਾਸਿਕ ਮੁਦਰਾ ਸਮੀਖਿਆ ਬੈਠਕ ਦੇ ਨਤੀਜੇ ਦਿੰਦੇ ਹੋਏ, ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਵਿਸ਼ਵ ਪੱਧਰ 'ਤੇ ਭੂ-ਰਾਜਨੀਤਿਕ ਤਣਾਅ, ਹਾਲਾਂਕਿ, ਵਿਕਾਸ ਦਰ ਦੇ ਦ੍ਰਿਸ਼ਟੀਕੋਣ ਲਈ ਖਤਰਾ ਹੈ। ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਕਮੇਟੀ (MPC) ਨੇ ਲਗਾਤਾਰ ਪੰਜਵੀਂ ਵਾਰ ਮੁੱਖ ਨੀਤੀਗਤ ਦਰ ਰੈਪੋ ਨੂੰ 6.5 ਫ਼ੀ ਸਦੀ 'ਤੇ ਬਰਕਰਾਰ ਰੱਖਣ ਦਾ ਫੈਸਲਾ ਕੀਤਾ ਹੈ।

ਆਰਬੀਆਈ ਦਾ ਅਨੁਮਾਨ ਹੈ ਕਿ ਚਾਲੂ ਵਿੱਤੀ ਸਾਲ ਵਿਚ ਆਰਥਿਕ ਵਿਕਾਸ ਦਰ ਸੱਤ ਫ਼ੀ ਸਦੀ ਰਹੇਗੀ। ਦਸੰਬਰ ਤਿਮਾਹੀ 'ਚ ਇਹ 6.5 ਫ਼ੀ ਸਦੀ ਅਤੇ ਮਾਰਚ ਤਿਮਾਹੀ 'ਚ ਛੇ ਫ਼ੀ ਸਦੀ ਰਹਿਣ ਦਾ ਅਨੁਮਾਨ ਹੈ। ਕੇਂਦਰੀ ਬੈਂਕ ਨੇ ਕਿਹਾ ਕਿ ਅਗਲੇ ਵਿੱਤੀ ਸਾਲ ਦੀ ਪਹਿਲੀ, ਦੂਜੀ ਅਤੇ ਤੀਜੀ ਤਿਮਾਹੀ 'ਚ ਆਰਥਿਕ ਵਿਕਾਸ ਦਰ ਕ੍ਰਮਵਾਰ 6.7 ਫ਼ੀ ਸਦੀ, 6.5 ਫ਼ੀ ਸਦੀ ਅਤੇ 6.4 ਫ਼ੀ ਸਦੀ ਰਹਿਣ ਦਾ ਅਨੁਮਾਨ ਹੈ। ਮਾਰਚ 2023 ਨੂੰ ਖਤਮ ਹੋਏ ਵਿੱਤੀ ਸਾਲ 'ਚ ਭਾਰਤੀ ਅਰਥਵਿਵਸਥਾ 7.2 ਫ਼ੀ ਸਦੀ ਦੀ ਦਰ ਨਾਲ ਵਧੀ ਸੀ। ਮੌਜੂਦਾ ਵਿੱਤੀ ਸਾਲ ਦੀ ਜੂਨ ਅਤੇ ਸਤੰਬਰ ਤਿਮਾਹੀ 'ਚ ਦੇਸ਼ ਦੀ ਅਸਲ ਜੀਡੀਪੀ ਵਾਧਾ ਸਾਲਾਨਾ ਆਧਾਰ 'ਤੇ ਕ੍ਰਮਵਾਰ 7.8 ਫ਼ੀ ਸਦੀ ਅਤੇ 7.6 ਫ਼ੀ ਸਦੀ ਸੀ। ਮਾਰਚ ਤਿਮਾਹੀ 'ਚ ਵਿਕਾਸ ਦਰ 6.1 ਫੀਸਦੀ ਰਹੀ ਸੀ।

ਕੇਂਦਰੀ ਬੈਂਕ ਦਾ ਅਨੁਮਾਨ ਅੰਤਰਰਾਸ਼ਟਰੀ ਵਿੱਤੀ ਸੰਸਥਾਵਾਂ ਦੇ ਅਨੁਮਾਨਾਂ ਤੋਂ ਬਹੁਤ ਜ਼ਿਆਦਾ ਹੈ। ਅੰਤਰਰਾਸ਼ਟਰੀ ਮੁਦਰਾ ਫੰਡ, ਵਿਸ਼ਵ ਬੈਂਕ ਅਤੇ ਰੇਟਿੰਗ ਏਜੰਸੀ ਫਿਚ ਨੇ ਮੌਜੂਦਾ ਵਿੱਤੀ ਸਾਲ 'ਚ ਭਾਰਤ ਦੀ ਆਰਥਿਕ ਵਿਕਾਸ ਦਰ 6.3 ਫ਼ੀ ਸਦੀ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਜਦਕਿ S&P ਨੇ ਵਿਕਾਸ ਦਰ 6.4 ਫ਼ੀ ਸਦੀ ਰਹਿਣ ਦੀ ਉਮੀਦ ਜਤਾਈ ਹੈ। ਆਰਬੀਆਈ ਨੇ ਕਿਹਾ ਕਿ ਜਨਤਕ ਖਰਚਿਆਂ ਵਿਚ ਵਾਧਾ, ਨਿਰਮਾਣ ਖੇਤਰ ਵਿਚ ਔਸਤ ਸਮਰੱਥਾ ਦੀ ਵਰਤੋਂ ਅਤੇ ਘਰੇਲੂ ਮੰਗ ਜੀਡੀਪੀ ਵਿਕਾਸ ਨੂੰ ਹੁਲਾਰਾ ਦੇਵੇਗੀ।

 (For more news apart from RBI raises growth forecast to 7 percent for FY24, stay tuned to Rozana Spokesman)