ਅਰਥਵਿਵਸਥਾ ਨੂੰ ਪਟੜੀ 'ਤੇ ਲਿਆਉਣ ਲਈ 15 ਲੱਖ ਕਰੋੜ ਦੇ ਪੈਕੇਜ ਦੀ ਲੋੜ

ਏਜੰਸੀ

ਖ਼ਬਰਾਂ, ਵਪਾਰ

ਸੀਆਈਆਈ ਨੇ ਮੋਦੀ ਸਰਕਾਰ ਨੂੰ ਕੀਤੀ ਸਿਫਾਰਿਸ਼ 

Photo

ਨਵੀਂ ਦਿੱਲੀ: ਭਾਰਤ ਦੀ ਅਰਥਵਿਵਸਥਾ ਨੂੰ ਫਿਰ ਤੋਂ ਪਟੜੀ 'ਤੇ ਲਿਆਉਣ ਲਈ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ (CII) ਨੇ 15 ਲੱਖ ਕਰੋੜ ਰੁਪਏ ਦੇ ਉਤਸ਼ਾਹ ਪੈਕੇਜ ਦੀ ਮੰਗ ਕੀਤੀ ਹੈ। ਸੀਆਈਆਈ ਨੇ ਕਿਹਾ ਹੈ ਕਿ ਭਾਰਤੀ ਅਰਥਵਿਵਸਥਾ 'ਤੇ ਲੌਕਡਾਊਨ ਦੀ ਵੱਡੀ ਮਾਰ ਪਈ ਹੈ। ਅਜਿਹੇ ਵਿਚ ਪਹਿਲਾਂ ਦਾ ਜੋ ਅਨੁਮਾਨ 4.5 ਲੱਖ ਕਰੋੜ ਰੁਪਏ ਸੀ, ਹੁਣ ਉਸ ਤੋਂ ਕਿਤੇ ਜ਼ਿਆਦਾ ਹੈ।

ਸੀਆਈਆਈ ਨੇ ਕੇਂਦਰ ਸਰਕਾਰ ਨੂੰ 15 ਲੱਖ ਕਰੋੜ ਰੁਪਏ ਦੇ ਤੁਰੰਤ ਉਤਸ਼ਾਹ ਪੈਕੇਜ ਦਾ ਐਲਾਨ ਕਰਨ ਦੀ ਸਿਫਾਰਿਸ਼ ਕੀਤੀ ਹੈ। ਇਹ ਜੀਡੀਪੀ ਦੇ 7.5 ਫੀਸਦੀ ਦੇ ਬਰਾਬਰ ਹੈ। ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ ਦੇ ਮੁਖੀ ਵਿਕਰਮ ਕਿਰਲੋਸਕਰ ਨੇ ਕਿਹਾ ਕਿ ਜਦੋਂ ਤੱਕ ਲੌਕਡਾਊਨ ਦਾ ਤੀਜਾ ਪੜਾਅ ਖਤਮ ਨਹੀਂ ਹੁੰਦਾ, ਉਦੋਂ ਤੱਕ ਅਰਥਵਿਵਸਥਾ ਲਗਭਗ ਦੋ ਮਹੀਨੇ ਦਾ ਉਤਪਾਦਨ ਖੋ ਦੇਵੇਗੀ।

ਦੱਸ ਦਈਏ ਕਿ 25 ਮਾਰਚ ਤੋਂ ਚੱਲ ਰਿਹਾ ਲੌਕਡਾਊਨ 17 ਮਈ ਨੂੰ ਖਤਮ ਹੋਣ ਵਾਲਾ ਹੈ। ਇਸ ਨਾਲ ਅਰਥਵਿਵਥਾ 'ਤੇ ਕਾਫੀ ਅਸਰ ਪਿਆ ਹੈ। ਅਰਥਵਿਵਸਥਾ ਨੂੰ ਲੀਹ 'ਤੇ ਲਿਆਉਣ ਲਈ ਕਈ ਉਦਯੋਗ ਸੰਘ ਇਕ ਵੱਡੇ ਪੈਕੇਜ ਦੀ ਮੰਗ ਕਰ ਰਹੇ ਹਨ।

ਫੈਡਰੇਸ਼ਨ ਆਫ ਇੰਡੀਅਨ ਚੈਂਬਰਸ ਆਫ ਕਾਮਰਸ ਐਂਡ ਇੰਡਸਟਰੀ (ਫਿੱਕੀ) ਨੇ 10 ਲੱਖ ਕਰੋੜ ਦੇ ਪੈਕੇਜ ਲਈ ਕਿਹਾ ਹੈ, ਜਦਕਿ ਪੀਐਚਡੀ ਚੈਂਬਰਸ ਆਫ ਕਾਮਰਸ ਐਂਡ ਇੰਡਸਟਰੀ ਨੇ 16 ਲੱਖ ਕਰੋੜ ਰੁਪਏ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ ਸਾਬਕਾ ਆਰਬੀਆਈ ਗਵਰਨਰ ਰਘੁਰਾਮ ਰਾਜਨ ਨੇ ਗਰੀਬਾਂ ਲਈ 65000 ਕਰੋੜ ਦੇ ਰਾਹਤ ਪੈਕੇਜ ਦੀ ਮੰਗ ਕੀਤੀ ਹੈ।

ਮੀਡੀਆ ਰਿਪੋਰਟ ਅਨੁਸਾਰ ਐਸੋਸੀਏਟਡ ਚੈਂਬਰਸ ਆਫ ਕਾਮਰਸ ਐਂਡ ਇੰਡਸਟਰੀ ਆਫ ਇੰਡੀਆ ਦੇ ਪ੍ਰਧਾਨ ਨਿਰੰਜਨ ਹੀਰਾਨੰਦਾਨੀ ਨੇ ਉਤਸ਼ਾਹਤ ਪੈਕੇਜ ਦੀ ਤੁਰੰਤ ਲੋੜ 'ਤੇ ਜ਼ੋਰ ਦਿੱਤਾ। ਉਹਨਾਂ ਨੇ ਕਿਹਾ, 'ਨੀਤੀ ਆਯੋਗ ਨੇ 10 ਲੱਖ ਕਰੋੜ ਰੁਪਏ ਦੇ ਉਤਸ਼ਾਹ ਪੈਕੇਜ ਦੀ ਪੇਸ਼ਕਸ਼ ਕੀਤੀ ਹੈ ਅਤੇ ਅਸੀਂ 14 ਲੱਖ ਕਰੋੜ ਦੇ ਪੈਕੇਜ ਦਾ ਸੁਝਾਅ ਦਿੱਤਾ ਹੈ'।