ਆਰਥਕ ਨਰਮੀ ਨਾਲ ਜੂਝ ਰਿਹਾ ਦੇਸ਼, PNB ਨੇ ਟਾਪ ਮੈਨੇਜਮੈਂਟ ਲਈ ਖਰੀਦੀਆਂ ਮਹਿੰਗੀਆਂ ਕਾਰਾਂ
ਕੋਰੋਨਾ ਵਾਇਰਸ ਮਹਾਮਾਰੀ ਦੇ ਚਲਦਿਆਂ ਦੇਸ਼ ਦੀ ਅਰਥਵਿਵਸਥਾ ਸੰਕਟ ਵਿਚ ਹੈ ਅਤੇ ਕੰਪਨੀਆਂ ਪੂੰਜੀ ਬਚਾਉਣ ਦੇ ਉਪਾਅ ਕਰ ਰਹੀਆਂ ਹਨ।
ਮੁੰਬਈ: ਕੋਰੋਨਾ ਵਾਇਰਸ ਮਹਾਮਾਰੀ ਦੇ ਚਲਦਿਆਂ ਦੇਸ਼ ਦੀ ਅਰਥਵਿਵਸਥਾ ਸੰਕਟ ਵਿਚ ਹੈ ਅਤੇ ਕੰਪਨੀਆਂ ਕਰਮਚਾਰੀ ਘੱਟ ਕਰਨ, ਗੈਰ ਜ਼ਰੂਰੀ ਖਰਚਿਆਂ ਵਿਚ ਕਟੌਤੀ ਆਦਿ ਪੂੰਜੀ ਬਚਾਉਣ ਦੇ ਉਪਾਅ ਕਰ ਰਹੀਆਂ ਹਨ। ਉੱਥੇ ਹੀ ਜਨਤਕ ਖੇਤਰ ਦੇ ਪੰਜਾਬ ਨੈਸ਼ਨਲ ਬੈਂਕ ਨੇ ਅਪਣੇ ਟਾਪ ਮੈਨੇਜਮੈਂਟ ਦੇ ਆਉਣ-ਜਾਣ ਲਈ ਤਿੰਨ ਔਡੀ ਕਾਰਾਂ ਖਰੀਦੀਆਂ ਹਨ।
ਇਹਨਾਂ ਕਾਰਾਂ ਦੀ ਅਨੁਮਾਨਤ ਕੀਮਤ 1.34 ਕਰੋੜ ਰੁਪਏ ਹੈ। ਸੂਤਰਾਂ ਅਨੁਸਾਰ ਪੀਐਨਬੀ ਨੇ ਪਿਛਲੇ ਮਹੀਨੇ ਹੀ ਇਹਨਾਂ ਕਾਰਾਂ ਦੀ ਡਿਲੀਵਰੀ ਲਈ ਹੈ। ਇਹਨਾਂ ਦੀ ਵਰਤੋਂ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਦੋ ਹੋਰ ਸੀਨੀਅਰ ਅਧਿਕਾਰੀਆਂ ਨੂੰ ਲਿਆਉਣ ਲਈ ਕੀਤੀ ਜਾਵੇਗੀ।
ਸੂਤਰਾਂ ਅਨੁਸਾਰ ਬੈਂਕ ਦੀ ਇਸ ਖਰੀਦ ਦਾ ਸਲਾਨਾ ਮੁੱਲ ਕਰੀਬ 20 ਲੱਖ ਰੁਪਏ ਹੋਵੇਗਾ। ਇਹਨਾਂ ਕਾਰਾਂ ਦੀ ਖਰੀਦ ਬੈਂਕ ਦੇ ਬੋਰਡ ਆਫ ਡਾਇਰੈਕਟਰ ਦੀ ਮਨਜ਼ੂਰੀ ਤੋਂ ਬਾਅਦ ਕੀਤੀ ਗਈ ਹੈ।
ਖ਼ਾਸ ਗੱਲ ਇਹ ਹੈ ਕਿ ਕੇਂਦਰ ਸਰਕਾਰ ਅਤੇ ਕਈ ਕੈਬਨਿਟ ਪੱਧਰ ਦੇ ਮੰਤਰੀ ਦੇਸ਼ ਵਿਚ ਬਣੀ ਮਾਰੂਤੀ ਸੁਜ਼ੂਕੀ ਦੀ ਸਿਯਾਜ ਦੀ ਵਰਤੋਂ ਕਰਦੇ ਹਨ। ਇਹ ਪੀਐਨਬੀ ਵੱਲੋਂ ਖਰੀਦੀ ਗਈ ਜਰਮਨੀ ਦੀ ਔਡੀ ਕਾਰ ਨਾਲੋਂ ਕਈ ਗੁਣਾ ਸਸਤੀ ਹੈ।
ਜਦਕਿ ਇਹ ਜਨਤਕ ਹੈ ਕਿ ਨੀਰਵ ਮੋਦੀ ਅਤੇ ਮੇਹੁਲ ਚੌਕਸੀ ਵੱਲੋਂ ਕੀਤੀ ਗਈ 14,000 ਕਰੋੜ ਰੁਪਏ ਦੀ ਧੋਖਾਧੜੀ ਨੇ ਬੈਂਕ ਦੀ ਵਿੱਤੀ ਸਥਿਤੀ ਨੂੰ ਪ੍ਰਭਾਵਤ ਕੀਤਾ ਹੈ। ਅਕਤੂਬਰ-ਦਸੰਬਰ 2019 ਦੀ ਤਿਮਾਹੀ 'ਚ ਬੈਂਕ ਨੂੰ 501.93 ਕਰੋੜ ਰੁਪਏ ਦਾ ਘਾਟਾ ਹੋਇਆ ਸੀ। ਜਦਕਿ ਸਾਲ 2018 ਦੀ ਇਸੇ ਤਿਮਾਹੀ ਵਿਚ ਬੈਂਕ ਦਾ ਸ਼ੁੱਧ ਲਾਭ 249.75 ਕਰੋੜ ਰੁਪਏ ਸੀ।