11 ਮਹੀਨਿਆਂ ਦੇ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚਿਆ ਰੁਪਈਆ

ਏਜੰਸੀ

ਖ਼ਬਰਾਂ, ਵਪਾਰ

ਵੀਰਵਾਰ ਨੂੰ ਕਾਰੋਬਾਰ ਵਿਚ ਰੁਪਏ ‘ਚ ਸ਼ਾਨਦਾਰ ਤੇਜ਼ੀ ਦੇਖੀ ਜਾ ਰਹੀ ਹੈ। ਅੱਜ ਰੁਪਈਆ 28 ਪੈਸੇ ਮਜ਼ਬੂਤ ਹੋ ਕੇ 68.30 ਪ੍ਰਤੀ ਡਾਲਰ ਦੇ ਪੱਧਰ ‘ਤੇ ਪਹੁੰਚ ਗਿਆ ਹੈ।

Rupee

ਨਵੀਂ ਦਿੱਲੀ: ਵੀਰਵਾਰ ਨੂੰ ਕਾਰੋਬਾਰ ਵਿਚ ਰੁਪਏ ‘ਚ ਸ਼ਾਨਦਾਰ ਤੇਜ਼ੀ ਦੇਖੀ ਜਾ ਰਹੀ ਹੈ। ਅੱਜ ਰੁਪਈਆ 28 ਪੈਸੇ ਮਜ਼ਬੂਤ ਹੋ ਕੇ 68.30 ਪ੍ਰਤੀ ਡਾਲਰ ਦੇ ਪੱਧਰ ‘ਤੇ ਪਹੁੰਚ ਗਿਆ ਹੈ। ਇਹ ਰੁਪਏ ਦਾ ਪਿਛਲੇ 11 ਮਹੀਨਿਆਂ ਦਾ ਸਭ ਤੋਂ ਉੱਚਾ ਪੱਧਰ ਹੈ। ਅਮਰੀਕੀ ਫੈਡਰਲ ਰਿਜ਼ਰਵ ਦੇ ਚੇਅਰਮੈਨ ਜੇਰੋਮ ਪੋਵੇਲ ਦੇ ਵਿਆਜ ਦਰਾਂ ਵਿਚ ਕਟੌਤੀ ਦੇ ਸੰਕੇਤਾਂ ਨਾਲ ਰੁਪਏ ਨੂੰ ਮਜ਼ਬੂਤੀ ਮਿਲੀ ਹੈ। ਰੁਪਏ ਵਿਚ ਹੋਰ ਜ਼ਿਆਦਾ ਤੇਜ਼ੀ ਦੀ ਉਮੀਦ ਸੀ ਪਰ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਨਾਲ ਤੇਜ਼ੀ ‘ਤੇ ਰੋਕ ਲੱਗ ਗਈ ਹੈ।

ਬੁੱਧਵਾਰ ਨੂੰ ਰੁਪਈਆ 7 ਪੈਸੇ ਗਿਰ ਕੇ 68.58 ਰੁਪਏ ਪ੍ਰਤੀ ਡਾਲਰ ‘ਤੇ ਬੰਦ ਹੋਇਆ ਸੀ। ਰੁਪਏ ਵਿਚ ਇਸ ਸਾਲ ਦੇ ਸ਼ੁਰੂ ਤੋਂ ਹੀ ਸਥਿਰਤਾ ਰਹੀ ਹੈ। ਇਸ ਸਾਲ ਹੁਣ ਤੱਕ ਦੇ ਮੁਕਾਬਲੇ ਰੁਪਈਆ 2 ਫੀਸਦੀ ਮਜ਼ਬੂਤ ਹੋ ਚੁੱਕਾ ਹੈ, ਉੱਥੇ ਹੀ ਪਿਛਲੇ ਸਾਲ ਸਤੰਬਰ ਵਿਚ ਰੁਪਈਆ 75 ਪ੍ਰਤੀ ਡਾਲਰ ‘ਤੇ ਪਹੁੰਚਿਆ ਸੀ, ਜਿਸ ਤੋਂ ਬਾਅਦ ਇਸ ਵਿਚ ਕਰੀਬ 9 ਫੀਸਦੀ ਦੀ ਗਿਰਾਵਟ ਆ ਚੁੱਕੀ ਹੈ।

ਅਮਰੀਕੀ ਫੈਡਰਲ ਰਿਜ਼ਰਵ ਚੇਅਰਮੈਨ ਜੇਰੋਮ ਪੋਵੇਲ ਨੇ ਬੁੱਧਵਾਰ ਨੂੰ ਇਕ ਸੰਸਦੀ ਕਮੇਟੀ ਦੇ ਸਾਹਮਣੇ ਵਪਾਰਕ ਮੋਰਚੇ ‘ਤੇ ਜਾਰੀ ਤਣਾਅ ਦਾ ਮੁੱਦਾ ਚੁੱਕਿਆ ਸੀ। ਉਹਨਾਂ ਨੇ ਕਿਹਾ ਕਿ ਇਸ ਨਾਲ ਅਮਰੀਕਾ ਦੀ ਆਰਥਕ ਸਥਿਤੀ ‘ਤੇ ਦਬਾਅ ਪਵੇਗਾ ਅਤੇ ਕੇਂਦਰੀ ਬੈਂਕ ਆਰਥਕ ਵਿਕਾਸ ਨੂੰ ਵਾਧਾ ਦੇਣ ਲਈ ਸਹੀ ਕਦਮ ਚੁੱਕਣ ਲਈ ਤਿਆਰ ਹੈ। ਬਰੇਂਟ ਕਰੂਡ ਵਿਚ ਅੱਜ ਵੀ ਤੇਜ਼ੀ ਹੈ। ਕਰੂਡ 0.40 ਫੀਸਦੀ ਵਧ ਕੇ 67.28 ਡਾਲਰ ਪ੍ਰਤੀ ਬੈਰਲ ਪਹੁੰਚ ਗਿਆ ਹੈ।