SWISS BANK ‘ਚ ਭਾਰਤੀਆਂ ਦੇ ਖਾਤਿਆਂ ਵਿਚ ਪਏ ਹਨ ਕਰੋੜਾਂ ਰੁਪਏ, ਨਹੀਂ ਹੈ ਕੋਈ ‘ਵਾਰਿਸ’

ਏਜੰਸੀ

ਖ਼ਬਰਾਂ, ਵਪਾਰ

ਸਵਿਟਜ਼ਰਲੈਂਡ ਦੇ ਬੈਂਕਾਂ ਵਿਚ ਭਾਰਤੀਆਂ ਦੇ ਕਰੀਬ ਇਕ ਦਰਜਨ ਖਾਤਿਆਂ ਲਈ ਕੋਈ ਦਾਅਵੇਦਾਰ ਸਾਹਮਣੇ ਨਹੀਂ ਆਇਆ ਹੈ।

No claimants for dormant Swiss accounts of Indians

ਨਵੀਂ ਦਿੱਲੀ: ਸਵਿਟਜ਼ਰਲੈਂਡ ਦੇ ਬੈਂਕਾਂ ਵਿਚ ਭਾਰਤੀਆਂ ਦੇ ਕਰੀਬ ਇਕ ਦਰਜਨ ਖਾਤਿਆਂ ਲਈ ਕੋਈ ਦਾਅਵੇਦਾਰ ਸਾਹਮਣੇ ਨਹੀਂ ਆਇਆ ਹੈ। ਅਜਿਹੇ ਵਿਚ ਇਹ ਸੰਭਾਵਨਾ ਬਣ ਰਹੀ ਹੈ ਕਿ ਇਹਨਾਂ ਖਾਤਿਆਂ ਵਿਚ ਪਏ ਪੈਸੇ ਨੂੰ ਸਵਿਟਜ਼ਰਲੈਂਡ ਸਰਕਾਰ ਕੋਲ ਟਰਾਂਸਫਰ ਕੀਤਾ ਜਾ ਸਕਦਾ ਹੈ। ਸਵਿਟਜ਼ਰਲੈਂਡ ਸਰਕਾਰ ਨੇ 2015 ਵਿਚ ਇਹਨਾਂ ਖਾਤਿਆਂ ਦੇ ਵੇਰਵੇ ਨੂੰ ਜਨਤਕ ਕਰਨਾ ਸ਼ੁਰੂ ਕੀਤਾ ਸੀ। ਇਸ ਦੇ ਤਹਿਤ ਇਹਨਾਂ ਖਾਤਿਆਂ ਦੇ ਦਾਅਵੇਦਾਰਾਂ ਨੂੰ ਖਾਤੇ ਦੇ ਪੈਸੇ ਹਾਸਲ ਕਰਨ ਲਈ ਲੋੜੀਂਦੇ ਸਬੂਤ ਮੁਹੱਈਆ ਕਰਵਾਉਣੇ ਸੀ। ਇਹਨਾਂ ਵਿਚੋਂ 10 ਖਾਤੇ ਭਾਰਤੀਆਂ ਦੇ ਵੀ ਹਨ।

ਇਹਨਾਂ ਵਿਚੋਂ ਕੁਝ ਖਾਤੇ ਭਾਰਤੀ ਨਿਵਾਸੀਆਂ ਅਤੇ ਬ੍ਰਿਟਿਸ਼ ਰਾਜ ਦੇ ਦੌਰ ਦੇ ਨਾਗਰਿਕਾਂ ਨਾਲ ਜੁੜੇ ਹਨ। ਸਵਿਸ ਅਥਾਰਟੀ ਕੋਲ ਮੌਜੂਦ ਅੰਕੜਿਆਂ ਅਨੁਸਾਰ ਪਿਛਲੇ 6 ਸਾਲ ਦੌਰਾਨ ਇਹਨਾਂ ਵਿਚੋਂ ਇਕ ਵੀ ਖਾਤੇ ‘ਤੇ ਕਿਸੇ ਭਾਰਤੀ ਨੇ ਸਫਲਤਾਪੂਰਵਕ ਦਾਅਵਾ ਨਹੀਂ ਕੀਤਾ ਹੈ। ਇਹਨਾਂ ਵਿਚੋਂ ਕੁਝ ਖਾਤਿਆਂ ਲਈ ਦਾਅਵਾ ਕਰਨ ਦੀ ਮਿਆਦ ਅਗਲੇ ਮਹੀਨੇ ਖਤਮ ਹੋ ਜਾਵੇਗੀ। ਉੱਥੇ ਹੀ ਕੁਝ ਹੋਰ ਖਾਤਿਆਂ ‘ਤੇ 2020 ਦੇ ਅਖੀਰ ਤੱਕ ਦਾਅਵਾ ਕੀਤਾ ਜਾ ਸਕਦਾ ਹੈ। ਦਿਲਚਸਪ ਗੱਲ ਇਹ ਹੈ ਕਿ ਇਹਨਾਂ ਖਾਤਿਆਂ ਵਿਚੋਂ ਪਾਕਿਸਤਾਨੀ ਨਿਵਾਸੀਆਂ ਨਾਲ ਸਬੰਧਿਤ ਕੁਝ ਖਾਤਿਆਂ ‘ਤੇ ਦਾਅਵਾ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਸਵਿਟਜ਼ਰਲੈਂਡ ਸਮੇਤ ਕੁਝ ਹੋਰ ਦੇਸ਼ਾਂ ਦੇ ਨਿਵਾਸੀਆਂ ਦੇ ਖਾਤਿਆਂ ‘ਤੇ ਵੀ ਦਾਅਵਾ ਕੀਤਾ ਗਿਆ ਹੈ। ਦਸੰਬਰ 2015 ਵਿਚ ਪਹਿਲੀ ਵਾਰ ਅਜਿਹੇ ਖਾਤਿਆਂ ਨੂੰ ਜਨਤਕ ਕੀਤਾ ਗਿਆ ਸੀ। ਸੂਚੀ ਵਿਚ ਕਰੀਬ 2600 ਖਾਤੇ ਹਨ, ਜਿਨ੍ਹਾਂ ਵਿਚ 4.5 ਕਰੋੜ ਸਵਿਸ ਫਰੈਂਕ ਜਾਂ ਕਰੀਬ 300 ਕਰੋੜ ਰੁਪਏ ਦੀ ਰਕਮ ਪਈ ਹੈ। 1955 ਤੋਂ ਇਸ ਰਕਮ ‘ਤੇ ਦਾਅਵਾ ਨਹੀਂ ਕੀਤਾ ਗਿਆ ਹੈ।

ਸੂਚੀ ਨੂੰ ਪਹਿਲੀ ਵਾਰ ਜਨਤਕ ਕੀਤੇ ਜਾਣ ਸਮੇਂ ਕਰੀਬ 80 ਸੁਰੱਖਿਆ ਜਮਾਂ ਬਾਕਸ ਸੀ। ਸਵਿਸ ਬੈਂਕਿੰਗ ਕਾਨੂੰਨ ਦੇ ਤਹਿਤ ਇਸ ਸੂਚੀ ਵਿਚ ਹਰ ਸਾਲ ਨਵੇਂ ਖਾਤੇ ਜੁੜ ਰਹੇ ਹਨ। ਹੁਣ ਇਸ ਸੂਚੀ ਵਿਚ ਖਾਤਿਆਂ ਦੀ ਗਿਣਤੀ ਕਰੀਬ 3500 ਹੋ ਗਈ ਹੈ। ਸਵਿਸ ਬੈਂਕ ਖਾਤੇ ਪਿਛਲੇ ਕਈ ਸਾਲ ਤੋਂ ਭਾਰਤ ਵਿਚ ਸਿਆਸੀ ਬਹਿਸ ਦਾ ਵਿਸ਼ਾ ਹਨ। ਮੰਨਿਆ ਜਾ ਰਿਹਾ ਹੈ ਕਿ ਭਾਰਤੀਆਂ ਵੱਲੋਂ ਸਵਿਟਜ਼ਰਲੈਂਡ ਦੇ ਬੈਂਕਾਂ ਵਿਚ ਅਪਣੇ ਬੇਹਿਸਾਬੀ ਪੈਸੇ ਨੂੰ ਰੱਖਿਆ ਜਾਂਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।