ਅਜ਼ੀਮ ਪ੍ਰੇਮਜੀ ਬਣੇ ਸਭ ਤੋਂ ਦਾਨਵੀਰ ਭਾਰਤੀ, ਹਰ ਰੋਜ਼ ਦਾਨ ਕੀਤੇ 22 ਕਰੋੜ ਰੁਪਏ

ਏਜੰਸੀ

ਖ਼ਬਰਾਂ, ਵਪਾਰ

ਦਾਨਵੀਰ ਭਾਰਤੀਆਂ ਦੀ ਸੂਚੀ ਵਿਚ ਤੀਜੇ ਨੰਬਰ 'ਤੇ ਮੁਕੇਸ਼ ਅੰਬਾਨੀ 

Azim Premji

ਨਵੀਂ ਦਿੱਲੀ: ਦਿੱਗਜ਼ ਸੂਚਨਾ ਤਕਨੀਕ ਕੰਪਨੀ ਵਿਪਰੋ ਦੇ ਸੰਸਥਾਪਕ ਅਜ਼ੀਮ ਪ੍ਰੇਮਜੀ ਨੇ ਪਰਉਪਕਾਰੀਆਂ ਦੀ ਸੂਚੀ ਵਿਚ ਪਹਿਲਾ ਸਥਾਨ ਹਾਸਲ ਕਰ ਲਿਆ ਹੈ। ਪ੍ਰੇਮਜੀ ਇਕ ਦਿਨ ਵਿਚ 22 ਕਰੋੜ ਰੁਪਏ ਅਤੇ ਇਕ ਸਾਲ ਵਿਚ 7904 ਕਰੋੜ ਰੁਪਏ ਦਾਨ ਕਰਨ ਵਾਲੇ ਵਿੱਤੀ ਸਾਲ 2020 ਵਿਚ ਸਭ ਤੋਂ ਦਾਨਵੀਰ ਭਾਰਤੀ ਬਣ ਗਏ।

ਇਕ ਰਿਪੋਰਟ ਮੁਤਾਬਕ ਪ੍ਰੇਮਜੀ ਨੇ ਐਚਸੀਐਲ ਟੈਕਨਾਲੋਜੀ ਦੇ ਸ਼ਿਵ ਨਾਡਰ ਨੂੰ ਵੱਡੇ ਅੰਤਰ ਨਾਲ ਪਛਾੜਿਆ ਹੈ, ਜੋ ਇਸ ਤੋਂ ਪਹਿਲਾਂ ਪਰਉਪਕਾਰੀਆਂ ਦੀ ਸੂਚੀ ਵਿਚ ਟਾਪ 'ਤੇ ਚੱਲ ਰਹੇ ਸੀ। ਨਾਡਰ ਨੇ ਵਿੱਤੀ ਸਾਲ 2020 ਵਿਚ 795 ਕਰੋੜ ਰੁਪਏ ਦਾਨ ਕੀਤੇ, ਜਦਕਿ ਇਸ ਤੋਂ ਇਕ ਸਾਲ ਪਹਿਲਾਂ ਉਹਨਾਂ ਨੇ 826 ਕਰੋੜ ਰੁਪਏ ਦਾਨ ਕੀਤੇ ਸਨ।

ਪ੍ਰੇਮਜੀ ਨੇ ਇਸ ਤੋਂ ਪਹਿਲਾਂ ਯਾਨੀ ਸਾਲ 2018-19 ਵਿਚ ਸਿਰਫ਼ 426 ਕਰੋੜ ਰੁਪਏ ਦਾਨ ਕੀਤੇ ਸੀ। ਪਰ ਇਸ ਸਾਲ ਉਹਨਾਂ ਨੇ ਸਾਰੇ ਰਿਕਾਰਡ ਤੋੜ ਦਿੱਤੇ ਅਤੇ ਭਾਰਤੀ ਉਦਮੀਆਂ ਵੱਲੋਂ ਕੀਤੇ ਗਏ ਦਾਨ ਨੂੰ ਵਿੱਤੀ ਸਾਲ 2020 ਵਿਚ 175 ਫੀਸਦੀ ਵਧਾਉਂਦੇ ਹੋਏ 12,050 ਕਰੋੜ ਰੁਪਏ 'ਤੇ ਪਹੁੰਚਾ ਦਿੱਤਾ ਹੈ।

ਇਸ ਤੋਂ ਇਲ਼ਾਵਾ ਸਭ ਤੋਂ ਅਮੀਰ ਭਾਰਤੀ ਅਤੇ ਰਿਲਾਇਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦਾਨਵੀਰ ਭਾਰਤੀਆਂ ਦੀ ਸੂਚੀ ਵਿਚ ਤੀਜੇ ਨੰਬਰ 'ਤੇ ਹਨ। ਉਹਨਾਂ ਨੇ ਵਿੱਤੀ ਸਾਲ 2018-19 ਵਿਚ 402 ਕਰੋੜ ਰੁਪਏ ਦਾਨ ਦੇਣ ਦੇ ਮੁਕਾਬਲੇ ਵਿੱਤੀ ਸਾਲ 2020 ਵਿਚ 458 ਕਰੋੜ ਰੁਪਏ ਦਾਨ ਕੀਤੇ। ਇਸ ਸੂਚੀ ਵਿਚ ਚੋਥੇ ਨੰਬਰ 'ਤੇ ਅਦਿੱਤਿਆ ਬਿਰਲਾ ਗਰੁੱਪ ਦੇ ਕੁਮਾਰ ਮੰਗਲਮ ਬਿਰਲਾ ਅਤੇ ਪੰਜਵੇਂ ਨੰਬਰ 'ਤੇ ਵੇਦਾਂਤਾ ਗਰੁੱਪ ਦੇ ਚੇਅਰਮੈਨ ਅਨਿਲ ਅਗ੍ਰਵਾਲ ਹਨ।