ਟਮਾਟਰ ਖਪਤਕਾਰਾਂ ਨੂੰ ਰਾਹਤ ਦੇਣ ਦੀ ਤਿਆਰੀ, ਕੇਂਦਰ ਨੇ ਖਰੀਦ ਲਈ ਇਨ੍ਹਾਂ ਏਜੰਸੀਆਂ ਨੂੰ ਦਿਤਾ ਜ਼ਿੰਮਾ 

ਏਜੰਸੀ

ਖ਼ਬਰਾਂ, ਵਪਾਰ

ਜ਼ਿਆਦਾ ਖਪਤ ਵਾਲੇ ਇਲਾਕਿਆਂ 'ਚ ਪਹਿਲ ਦੇ ਅਧਾਰ 'ਤੇ ਘੱਟ ਕੀਮਤ 'ਤੇ ਹੋਵੇਗੀ ਟਮਾਟਰਾਂ ਦੀ ਵਿਕਰੀ 

representational image

ਆਂਧਰਾ ਪ੍ਰਦੇਸ਼, ਕਰਨਾਟਕ ਅਤੇ ਮਹਾਰਾਸ਼ਟਰ ਤੋਂ ਖਰੀਦੇ ਜਾਣਗੇ ਟਮਾਟਰ 

ਨਵੀਂ ਦਿੱਲੀ : ਕੇਂਦਰ ਨੇ ਬੁਧਵਾਰ ਨੂੰ ਨੈਸ਼ਨਲ ਐਗਰੀਕਲਚਰਲ ਕੋਆਪਰੇਟਿਵ ਮਾਰਕੀਟਿੰਗ ਫੈਡਰੇਸ਼ਨ (ਐਨ.ਏ.ਐਫ਼.ਈ.ਡੀ.) ਅਤੇ ਨੈਸ਼ਨਲ ਕੰਜ਼ਿਊਮਰ ਕੋਆਪਰੇਟਿਵ ਫੈਡਰੇਸ਼ਨ (ਐਨ. ਸੀ. ਸੀ. ਐਫ਼.) ਨੂੰ ਆਂਧਰਾ ਪ੍ਰਦੇਸ਼, ਕਰਨਾਟਕ ਅਤੇ ਮਹਾਰਾਸ਼ਟਰ ਤੋਂ ਟਮਾਟਰਾਂ ਦੀ ਖਰੀਦ ਕਰਨ ਦੇ ਨਿਰਦੇਸ਼ ਦਿਤੇ ਹਨ। ਆਮ ਲੋਕਾਂ ਨੂੰ ਰਾਹਤ ਦੇਣ ਲਈ ਵੱਡੇ ਖਪਤ ਕੇਂਦਰਾਂ 'ਤੇ ਟਮਾਟਰ ਘੱਟ ਰੇਟਾਂ ਨਾਲ ਵੰਡੇ ਜਾਣਗੇ। ਜ਼ਿਕਰਯੋਗ ਹੈ ਕਿ ਪਿਛਲੇ ਇਕ ਮਹੀਨੇ 'ਚ ਟਮਾਟਰ ਦੀਆਂ ਪ੍ਰਚੂਨ ਕੀਮਤਾਂ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ।

ਖਪਤਕਾਰ ਮਾਮਲਿਆਂ ਦੇ ਸਕੱਤਰ ਰੋਹਿਤ ਕੁਮਾਰ ਸਿੰਘ ਨੇ ਦਸਿਆ ਕਿ ਟਮਾਟਰ ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ (ਐਨ.ਸੀ.ਆਰ.), ਉੱਤਰ ਪ੍ਰਦੇਸ਼, ਬਿਹਾਰ ਅਤੇ ਪਛਮੀ ਬੰਗਾਲ ’ਚ ਘੱਟ ਕੀਮਤਾਂ ’ਤੇ ਵੇਚੇ ਜਾਣਗੇ। ਇਸ ਤੋਂ ਇਲਾਵਾ ਪਟਨਾ, ਵਾਰਾਣਸੀ, ਕਾਨਪੁਰ ਅਤੇ ਕੋਲਕਾਤਾ ’ਚ ਵੀ ਸਬਸਿਡੀ ਵਾਲੇ ਟਮਾਟਰ ਮਿਲਣਗੇ।

ਖਪਤਕਾਰ ਮਾਮਲਿਆਂ ਦੇ ਮੰਤਰਾਲੇ ਨੇ ਇਕ ਬਿਆਨ 'ਚ ਕਿਹਾ ਕਿ 14 ਜੁਲਾਈ ਤੋਂ ਦਿੱਲੀ-ਐਨ.ਸੀ.ਆਰ. 'ਚ ਖਪਤਕਾਰਾਂ ਨੂੰ ਪ੍ਰਚੂਨ ਦੁਕਾਨਾਂ ਰਾਹੀਂ ਟਮਾਟਰ ਘੱਟ ਦਰਾਂ 'ਤੇ ਵੇਚੇ ਜਾਣਗੇ। ਭਾਰੀ ਮੀਂਹ ਕਾਰਨ ਸਪਲਾਈ ਵਿਚ ਵਿਘਨ ਪੈਣ ਦੇ ਚਲਦੇ ਦੇਸ਼ ਦੇ ਕਈ ਹਿੱਸਿਆਂ ਵਿਚ ਟਮਾਟਰ ਦੀਆਂ ਪ੍ਰਚੂਨ ਕੀਮਤਾਂ 200 ਰੁਪਏ ਪ੍ਰਤੀ ਕਿਲੋਗ੍ਰਾਮ ਤਕ ਪਹੁੰਚ ਗਈਆਂ ਹਨ।

ਇਹ ਵੀ ਪੜ੍ਹੋ: ਸੁੰਦਰ ਵਾਲ,ਪੇਟ ਦੀਆਂ ਬਿਮਾਰੀਆਂ  ਤੋਂ ਰਾਹਤ ਅਤੇ ਚਮਕਦਾਰ ਚਮੜੀ ਲਈ ਕਰੋ ਇਨ੍ਹਾਂ ਬੀਜਾਂ ਦੀ ਵਰਤੋਂ  

ਨੈਸ਼ਨਲ ਐਗਰੀਕਲਚਰਲ ਕੋਆਪਰੇਟਿਵ ਮਾਰਕੀਟਿੰਗ ਫੈਡਰੇਸ਼ਨ (ਐਨ.ਏ.ਐਫ਼.ਈ.ਡੀ.) ਅਤੇ ਨੈਸ਼ਨਲ ਕੰਜ਼ਿਊਮਰ ਕੋਆਪਰੇਟਿਵ ਫੈਡਰੇਸ਼ਨ (ਐਨ.ਸੀ.ਸੀ.ਐਫ਼.) ਟਮਾਟਰਾਂ ਦੀ ਖਰੀਦ ਕਰਨਗੇ। ਮੰਤਰਾਲੇ ਦੇ ਅਨੁਸਾਰ, ਟਮਾਟਰਾਂ ਨੂੰ ਉਨ੍ਹਾਂ ਥਾਵਾਂ 'ਤੇ ਘੱਟ ਕੀਮਤ 'ਤੇ ਵੰਡਿਆ ਜਾਵੇਗਾ ਜਿਥੇ ਪਿਛਲੇ ਇਕ ਮਹੀਨੇ ਵਿਚ ਪ੍ਰਚੂਨ ਕੀਮਤਾਂ ਰਾਸ਼ਟਰੀ ਔਸਤ ਤੋਂ ਵੱਧ ਰਹੀਆਂ ਹਨ।

ਮੰਤਰਾਲੇ ਨੇ ਕਿਹਾ ਕਿ ਜਿਨ੍ਹਾਂ ਥਾਵਾਂ 'ਤੇ ਟਮਾਟਰ ਦੀ ਖਪਤ ਜ਼ਿਆਦਾ ਹੈ, ਉਥੇ ਟਮਾਟਰਾਂ ਦੀ ਵੰਡ ਪਹਿਲ ਦੇ ਅਧਾਰ 'ਤੇ ਕੀਤੀ ਜਾਵੇਗੀ। ਮੰਤਰਾਲੇ ਨੇ ਇਹ ਵੀ ਕਿਹਾ ਕਿ ਜੁਲਾਈ-ਅਗਸਤ ਅਤੇ ਅਕਤੂਬਰ-ਨਵੰਬਰ ਵਿਚ ਟਮਾਟਰ ਦਾ ਉਤਪਾਦਨ ਆਮ ਤੌਰ 'ਤੇ ਘੱਟ ਹੁੰਦਾ ਹੈ। ਇਸ ਤੋਂ ਇਲਾਵਾ ਜੁਲਾਈ 'ਚ ਮੌਨਸੂਨ ਕਾਰਨ ਆਵਾਜਾਈ ਨਾਲ ਜੁੜੀਆਂ ਰੁਕਾਵਟਾਂ ਕਾਰਨ ਵੀ ਕੀਮਤਾਂ 'ਚ ਵਾਧਾ ਹੋਇਆ ਹੈ।

ਦਿੱਲੀ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਆਮਦ ਮੁੱਖ ਤੌਰ ’ਤੇ ਹਿਮਾਚਲ ਪ੍ਰਦੇਸ਼ ਤੋਂ ਹੁੰਦੀ ਹੈ। ਇਸ ਤੋਂ ਇਲਾਵਾ ਟਮਾਟਰ ਦੇ ਉਤਪਾਦਨ ਵਿਚ ਦੱਖਣੀ ਸੂਬੇ ਸਭ ਤੋਂ ਅੱਗੇ ਹਨ। ਮੰਤਰਾਲੇ ਨੇ ਕਿਹਾ ਕਿ ਨਵੀਂ ਫ਼ਸਲ ਨਾਸਿਕ ਜ਼ਿਲ੍ਹੇ ਤੋਂ ਜਲਦੀ ਆਉਣ ਦੀ ਉਮੀਦ ਹੈ। ਬਿਆਨ ਦੇ ਅਨੁਸਾਰ ਨੇੜਲੇ ਭਵਿੱਖ ਵਿਚ ਕੀਮਤਾਂ ਘਟਣ ਦੀ ਉਮੀਦ ਹੈ।