CCD ਦੀ ਕਮਾਨ ਸੰਭਾਲਣ ਮਗਰੋਂ ਮਾਲਵਿਕਾ ਹੇਗੜੇ ਨੇ ਕਰਜ਼ੇ ’ਚ ਡੁੱਬੀ ਕੰਪਨੀ ਨੂੰ ਕੀਤਾ ਮੁੜ ਸੁਰਜੀਤ

ਏਜੰਸੀ

ਖ਼ਬਰਾਂ, ਵਪਾਰ

2019 ਵਿਚ ਪਤੀ ਵੀਜੀ ਸਿਧਾਰਥ ਦੀ ਮੌਤ ਤੋਂ ਬਾਅਦ ਸੰਭਾਲੀ ਸੀ ਕੈਫੇ ਕੌਫੀ ਡੇ ਦੀ ਕਮਾਨ

Malavika Hegde

ਨਵੀਂ ਦਿੱਲੀ: ਕੈਫੇ ਕੌਫੀ ਡੇ (ਸੀਸੀਡੀ) ਐਂਟਰਪ੍ਰਾਈਜਿਜ਼ ਲਿਮਟਿਡ ਦੇ ਸੀਈਓ ਮਾਲਵਿਕਾ ਹੇਗੜੇ ਅਪਣੇ ਕੰਮ ਨੂੰ ਲੈ ਕੇ ਇਹਨੀਂ ਦਿਨੀਂ ਕਾਫੀ ਚਰਚਾ ਵਿਚ ਹਨ। ਦਰਅਸਲ ਉਹਨਾਂ ਨੇ ਨਿਰਾਸ਼ਾ ਅਤੇ ਕਰਜ਼ੇ ਵਿਚ ਡੁੱਬੀ ਕੰਪਨੀ ਨੂੰ ਮੁੜ ਸੁਰਜੀਤ ਕੀਤਾ ਹੈ। ਜਦੋਂ ਮਾਲਵਿਕਾ ਨੇ ਸਾਲ 2019 ਵਿਚ ਕੰਪਨੀ ਦੀ ਕਮਾਨ ਸੰਭਾਲੀ ਤਾਂ ਉਹਨਾਂ ਸਾਹਮਣੇ ਕਈ ਚੁਣੌਤੀਆਂ ਸਨ। ਪਤੀ ਵੀਜੀ ਸਿਧਾਰਥ ਦੀ ਮੌਤ ਦੇ ਸਦਮੇ ਵਿਚੋਂ ਨਿਕਲਣਾ, ਪਰਿਵਾਰ ਦੀ ਦੇਖਭਾਲ, ਕੰਪਨੀ ਨੂੰ ਕਰਜ਼ੇ ਤੋਂ ਮੁਕਤ ਕਰਨਾ ਅਤੇ ਹਜ਼ਾਰਾਂ ਕੰਮ ਕਰਨ ਵਾਲੇ ਕਰਮਚਾਰੀਆਂ ਦੀਆਂ ਨੌਕਰੀਆਂ ਬਚਾਉਣਾ।

Café Coffee Day Founder VG Siddhartha

ਦੇਸ਼ ਦੇ ਸਭ ਤੋਂ ਵੱਡੇ ਕੌਫੀ ਬ੍ਰਾਂਡ ਅਤੇ ਕੌਫੀ ਸ਼ਾਪ ਚੇਨ ਦੇ ਮਾਲਕ ਵੀਜੀ ਸਿਧਾਰਥ ਨੇ ਖੁਦਕੁਸ਼ੀ ਕਰ ਲਈ ਸੀ। ਉਸ ਸਮੇਂ ਕੰਪਨੀ 'ਤੇ ਕਰੀਬ 7000 ਕਰੋੜ ਰੁਪਏ ਦਾ ਕਰਜ਼ਾ ਸੀ। ਅਜਿਹੇ ਮੁਸ਼ਕਿਲ ਸਮੇਂ ਵਿਚ ਵੀ ਮਾਲਵਿਕਾ ਨੇ ਹੌਂਸਲਾ ਨਹੀਂ ਹਾਰਿਆ ਅਤੇ ਇਹਨਾਂ ਚੁਣੌਤੀਆਂ ਦਾ ਡਟ ਕੇ ਮੁਕਾਬਲਾ ਕੀਤਾ। ਉਹਨਾਂ ਨੇ ਪਰਿਵਾਰ ਦੇ ਨਾਲ-ਨਾਲ ਕੰਪਨੀ ਦੀ ਜ਼ਿੰਮੇਵਾਰੀ ਨਿਭਾਉਣ ਦਾ ਫੈਸਲਾ ਕੀਤਾ। ਮੁਲਾਜ਼ਮਾਂ ਨਾਲ ਗੱਲਬਾਤ ਕਰਕੇ ਕੰਪਨੀ ਦੀ ਸੰਚਾਲਨ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਮਿਹਨਤ ਕੀਤੀ। ਮਾਲਵਿਕਾ ਨੇ ਜੋ ਸਫਰ ਤੈਅ ਕੀਤਾ ਹੈ, ਉਸ ਨੇ ਭਾਰਤ ਦੇ ਕਾਰਪੋਰੇਟ ਸੈਕਟਰ 'ਚ ਇਕ ਨਵਾਂ ਅਧਿਆਏ ਲਿਖਿਆ ਹੈ।

Malavika Hegde

ਸਾਲ 2019 'ਚ ਸੀਸੀਡੀ 'ਤੇ 7000 ਕਰੋੜ ਰੁਪਏ ਕਰਜ਼ਾ ਸੀ, ਜੋ ਮਾਰਚ 2021 ਤੱਕ ਘੱਟ ਕੇ 1,779 ਕਰੋੜ ਰੁਪਏ ਰਹਿ ਗਿਆ ਹੈ। ਹੌਲੀ-ਹੌਲੀ ਕੰਪਨੀ ਦੀ ਵਿੱਤੀ ਹਾਲਤ ਸੁਧਰ ਰਹੀ ਹੈ। ਕੋਰੋਨਾ ਮਹਾਂਮਾਰੀ ਦਾ ਪ੍ਰਭਾਵ ਘਟਣ ਤੋਂ ਬਾਅਦ ਇਸ ਵਿਚ ਹੋਰ ਸੁਧਾਰ ਹੋਣਾ ਤੈਅ ਹੈ। ਮੌਜੂਦਾ ਸਮੇਂ ਵਿਚ ਸੀਸੀਡੀ ਭਾਰਤ ਦੇ 165 ਸ਼ਹਿਰਾਂ ਵਿਚ 572 ਕੈਫੇ ਚਲਾ ਰਹੀ ਹੈ। 36,326 ਵੈਂਡਿੰਗ ਮਸ਼ੀਨਾਂ ਦੇ ਨਾਲ ਸੀਸੀਡੀ ਦੇਸ਼ ਦਾ ਸਭ ਤੋਂ ਵੱਡਾ ਕੌਫੀ ਸੇਵਾ ਬ੍ਰਾਂਡ ਹੈ।

CCD

ਮਾਲਵਿਕਾ ਹੇਗੜੇ ਨੇ ਉਹਨਾਂ ਔਰਤਾਂ ਲਈ ਮਿਸਾਲ ਕਾਇਮ ਕੀਤੀ ਹੈ ਜੋ ਜ਼ਿੰਦਗੀ ਵਿਚ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਟੁੱਟ ਜਾਂਦੀਆਂ ਹਨ। ਮਾਲਵਿਕਾ ਨੇ ਸਾਬਿਤ ਕਰ ਦਿੱਤਾ ਹੈ ਕਿ ਜੇਕਰ ਤੁਹਾਡੀ ਇੱਛਾ ਸ਼ਕਤੀ ਮਜ਼ਬੂਤ ​​ਹੈ ਤਾਂ ਤੁਸੀਂ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰ ਕੇ ਅੱਗੇ ਵਧ ਸਕਦੇ ਹੋ। ਦੱਸ ਦੇਈਏ ਕਿ ਮਾਲਵਿਕਾ ਹੇਗੜੇ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਐਸ ਐਮ ਕ੍ਰਿਸ਼ਨਾ ਦੀ ਬੇਟੀ ਹੈ।