ਕੋਰੋਨਾ ਨਾਲ ਦੁਨੀਆ ਬੇਹਾਲ, ਸੋਨਾ ਬਣਾ ਰਿਹਾ ਨਵਾਂ ਰਿਕਾਰਡ, ਨਿਵੇਸ਼ਕ ਮਾਲਾਮਾਲ!

ਏਜੰਸੀ

ਖ਼ਬਰਾਂ, ਵਪਾਰ

ਜਿੰਨੀ ਤੇਜ਼ੀ ਨਾਲ ਕੋਰੋਨਾ ਮਹਾਮਾਰੀ ਦੁਨੀਆ ਵਿਚ ਫੈਲ ਰਹੀ, ਓਨੀ ਹੀ ਤੇਜ਼ੀ ਨਾਲ ਸੋਨੇ ਦੀਆਂ ਕੀਮਤਾਂ ਵੀ ਵਧ ਰਹੀਆਂ ਹਨ।

Photo

ਨਵੀਂ ਦਿੱਲੀ: ਜਿੰਨੀ ਤੇਜ਼ੀ ਨਾਲ ਕੋਰੋਨਾ ਮਹਾਮਾਰੀ ਦੁਨੀਆ ਵਿਚ ਫੈਲ ਰਹੀ, ਓਨੀ ਹੀ ਤੇਜ਼ੀ ਨਾਲ ਸੋਨੇ ਦੀਆਂ ਕੀਮਤਾਂ ਵੀ ਵਧ ਰਹੀਆਂ ਹਨ। ਸੋਮਵਾਰ ਨੂੰ ਸੋਨੇ ਨੇ ਅਪਣੀ ਚਮਕ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਲੌਕਡਾਊਨ ਦੌਰਾਨ ਸੋਨੇ ਦੀ ਕੀਮਤ ਹਰ ਰੋਜ਼ ਨਵਾਂ ਰਿਕਾਰਡ ਬਣਾ ਰਹੀ ਹੈ।

ਦਰਅਸਲ ਸੋਮਵਾਰ ਨੂੰ ਸੋਨੇ ਦੀ ਕੀਮਤ ਇਕ ਵਾਰ ਫਿਰ ਆਲਟਾਈਮ ਹਾਈ ‘ਤੇ ਪਹੁੰਚ ਗਈ ਹੈ। ਪਿਛਲੇ ਹਫਤੇ 7 ਅਪ੍ਰੈਲ ਨੂੰ ਘਰੇਲੂ ਬਜ਼ਾਰ ਵਿਚ ਸੋਨੇ ਦੀ ਕੀਮਤ ‘ਚ 45,720 ਰੁਪਏ ਪ੍ਰਤੀ 10 ਗ੍ਰਾਮ ਤਕ ਦਾ ਉਛਾਲ ਆਇਆ ਸੀ, ਜੋ ਕਿ ਹੁਣ ਤੱਕ ਦਾ ਸਭ ਤੋਂ ਉੱਚਾ ਪੱਧਰ ਸੀ, ਪਰ ਸੋਮਵਾਰ ਨੂੰ ਸੋਨੇ ਨੇ ਮਨੋਵਿਗਿਆਨਕ ਪੱਧਰ 46000 ਨੂੰ ਛੂਹ ਲਿਆ ਹੈ।

ਸੋਮਵਾਰ ਨੂੰ ਕਾਰੋਬਾਰ ਦੌਰਾਨ ਸੋਨੇ ਦੀ ਕੀਮਤ 10 ਗ੍ਰਾਮ 45,909 ਰੁਪਏ ਤੱਕ ਪਹੁੰਚੀ, ਇਸੇ ਦੌਰਾਨ MCX ‘ਤੇ ਮਈ ਲਈ ਗੋਲਡ ਫਿਊਚਰ ਦੀ ਕੀਮਤ 46,300 ਰੁਪਏ ਤੱਕ ਪਹੁੰਚ ਗਈ ਹੈ। ਅਜਿਹੇ ਵਿਚ ਜਾਣਕਾਰ ਮੰਨ ਰਹੇ ਹਨ ਕਿ ਜਿਵੇਂ-ਜਿਵੇਂ ਸ਼ੇਅਰ ਬਜ਼ਾਰ ‘ਤੇ ਦਬਾਅ ਪਵੇਗਾ, ਸੋਨਾ ਨਵਾਂ ਰਿਕਾਰਡ ਬਣਾਉਂਦਾ ਜਾਵੇਗਾ।

ਪਹਿਲਾਂ ਆਰਥਕ ਸੁਸਤੀ ਅਤੇ ਹੁਣ ਕੋਰੋਨਾ ਦੇ ਅਸਰ ਨਾਲ ਸੋਨੇ ਦੀਆਂ ਕੀਮਤਾਂ ਬੇਲਗਾਮ ਵਧ ਰਹੀਆਂ ਹਨ। ਪਿਛਲੇ ਕਰੀਬ ਇਕ ਸਾਲ ਵਿਚ ਸੋਨਾ 12 ਹਜ਼ਾਰ ਰੁਪਏ ਮਹਿੰਗਾ ਹੋ ਚੁੱਕਾ ਹੈ। ਹੁਣ ਜਿਸ ਤਰ੍ਹਾਂ ਨਾਲ ਦੁਨੀਆ ਭਰ ਦੇ ਸੈਂਟਰਲ ਬੈਂਕ ਵਿਆਜ ਦਰਾਂ ਨੂੰ ਘਟਾ ਰਹੇ ਹਨ, ਉਸ ਨਾਲ ਸੋਨੇ ਦੀਆਂ ਕੀਮਤਾਂ ਅੱਗੇ ਹੋਰ ਵੀ ਜ਼ਿਆਦਾ ਵਧਣ ਦਾ ਅਨੁਮਾਨ ਹੈ।

ਦੱਸ ਦਈਏ ਕਿ ਆਰਥਕ ਮੰਦੀ ਦੇ ਮਾਹੌਲ ਵਿਚ ਸੋਨਾ ਹਮੇਸ਼ਾਂ ਨਿਵੇਸ਼ਕਾਂ ਦੀ ਪਹਿਲੀ ਪਸੰਦ ਬਣ ਜਾਂਦਾ ਹੈ। ਇਸ ਵਿਚ ਲਗਾਏ ਗਏ ਪੈਸਿਆਂ ਦੇ ਡੁੱਬਣ ਦੀ ਕੋਈ ਸੰਭਾਵਨਾ ਨਹੀਂ ਹੁੰਦੀ। ਅਕਸਰ ਹੋਰ ਨਿਵੇਸ਼ ਵਿਕਲਪਾਂ ਦੇ ਮੁਕਾਬਲੇ ਇਸ ਵਿਚ ਸਭ ਤੋਂ ਜ਼ਿਆਦਾ ਰਿਟਰਨ ਦੀ ਉਮੀਦ ਹੁੰਦੀ ਹੈ। ਫਿਲਹਾਲ ਸੋਨਾ ਨਿਵੇਸ਼ਕਾਂ ਨੂੰ ਮਾਲਾਮਾਲ ਕਰ ਰਿਹਾ ਹੈ।