ਹੁਣ ਟਮਾਟਰ ਨੇ ਲੋਕ ਕੀਤੇ 'ਲਾਲ-ਪੀਲੇ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

50 ਤੋਂ 70 ਰੁਪਏ ਤਕ ਪੁੱਜੀ ਕੀਮਤ, ਹਰ ਹਫ਼ਤੇ 10 ਰੁਪਏ ਦਾ ਵਾਧਾ

Tomato

ਨਵੀਂ ਦਿੱਲੀ: ਪਹਿਲਾਂ ਪਿਆਜ਼ ਤੇ ਹੁਣ ਟਮਾਟਰ ਨੇ ਲੋਕਾਂ ਦੀ ਜੇਬ ਢਿੱਲੀ ਕਰ ਦਿਤੀ ਹੈ। ਆਰਥਕ ਪੱਖੋਂ ਮੁਸ਼ਕਲ ਚੱਲ ਰਹੇ ਇਸ ਦੌਰ ਵਿਚ ਸਪਲਾਈ ਘੱਟ ਹੋਣ ਕਾਰਨ ਟਮਾਟਰ ਦੀਆਂ ਕੀਮਤਾਂ ਲਗਾਤਾਰ ਚੜ੍ਹਦੀਆਂ ਜਾ ਰਹੀਆਂ ਹਨ। ਕੌਮੀ ਰਾਜਧਾਨੀ ਵਿਚ ਐਤਵਾਰ ਨੂੰ ਪਰਚੂਨ ਬਾਜ਼ਾਰ ਵਿਚ ਟਮਾਟਰ 70 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਿਆ।

ਦਿੱਲੀ ਵਿਚ ਟਮਾਟਰ ਇਕ ਜੂਨ ਤੋਂ ਹਫ਼ਤਾ ਦਰ ਹਫ਼ਤਾ ਦਸ ਰੁਪਏ ਪ੍ਰਤੀ ਕਿਲੋ ਮਹਿੰਗਾ ਹੋ ਰਿਹਾ ਹੈ। ਇਹ ਵਾਧਾ ਨਾ ਸਿਰਫ਼ ਗ਼ੈਰਜਥੇਬੰਦਕ ਪਰਚੂਨ ਬਾਜ਼ਾਰ ਵਿਚ ਹੋ ਰਿਹਾ ਹੈ ਸਗੋਂ ਮਦਰ ਡੇਅਰੀ ਦੇ ਸਫ਼ਲ ਸਟੋਰ ਅਤੇ ਬਿਗ ਬਾਸਕੇਟ ਤੇ ਗ੍ਰੋਫ਼ਰ ਜਿਹੀਆਂ ਈ ਦੁਕਾਨਾਂ ਵਿਚ ਵੀ ਤੇਜ਼ੀ ਵੇਖੀ ਜਾ ਰਹੀ ਹੈ। ਚੰਡੀਗੜ੍ਹ, ਪੰਜਾਬ, ਹਰਿਆਣਾ ਦੇ ਬਾਜ਼ਾਰਾਂ ਵਿਚ ਟਮਾਟਰ ਦੇ ਭਾਅ ਵਿਚ ਤੇਜ਼ੀ ਵੇਖੀ ਜਾ ਰਹੀ ਹੈ।

ਇਥੇ  50 ਰੁਪਏ ਤੋਂ 70 ਰੁਪਏ ਤਕ ਟਮਾਮਟਰ ਵਿਕ ਰਿਹਾ ਹੈ। ਐਤਵਾਰ ਨੂੰ ਬਿਗ ਬਾਸਕੇਟ 60 ਤੋਂ 66 ਰੁਪਏ ਕਿਲੋ ਅਤੇ ਗ੍ਰੋਫ਼ਰਸ 53 ਤੋਂ 55 ਰੁਪਏ ਕਿਲੋ ਦੀ ਦਰ ਨਾਲ ਟਮਾਟਰ ਵੇਚ ਰਹੀ ਸੀ। ਕਾਰੋਬਾਰੀਆਂ ਨੇ ਦਸਿਆ ਕਿ ਗ਼ੈਰਜਥੇਬੰਦਕ ਪਰਚੂਨ ਬਾਜ਼ਾਰ ਵਿਚ ਇਲਾਕੇ ਅਤੇ ਗੁਣਵੱਤਾ ਦੇ ਹਿਸਾਬ ਨਾਲ ਟਮਾਟਰ 70 ਰੁਪਹੇ ਕਿਲੋ ਦੇ ਆਲੇ ਦੁਆਲੇ ਚੱਲ ਰਿਹਾ ਹੈ।

ਉਨ੍ਹਾਂ ਕਿਹਾ ਕਿ ਉਤਪਾਦਕ ਰਾਜਾਂ ਤੋਂ ਸਪਲਾਈ ਠੀਕ ਨਾ ਹੋਣ ਕਾਰਨ ਥੋਕ ਮੰਡੀਆਂ ਵਿਚ ਵੀ ਟਮਾਟਰ ਦੇ ਭਾਅ ਉਪਰ ਚੱਲ ਰਹੇ ਹਨ। ਵਪਾਰੀਆਂ ਦਾ ਕਹਿਣਾ ਹੈ ਕਿ ਦਖਣੀ ਭਾਰਤ ਦੇ ਉਤਪਾਦਕ ਰਾਜਾਂ ਵਿਚ ਕੋਵਿਡ-19 ਦੇ ਮਾਮਲਿਆਂ ਵਿਚ ਵਾਧੇ ਨੇ ਕੁੱਝ ਇਲਾਕਿਆਂ ਵਿਚ ਫ਼ਸਲ ਦੀ ਕਟਾਈ 'ਤੇ ਅਸਰ ਪਾਇਆ ਹੈ। ਕੇਂਦਰੀ ਉਪਭੋਗਤਾ ਮਾਮਲਿਆਂ ਦੇ ਮੰਤਰਾਲੇ ਦੇ ਅੰਕੜਿਆਂ ਵਿਚ ਨਾ ਸਿਰਫ਼ ਦਿੱਲੀ ਵਿਚ ਸਗੋਂ ਗੁਆਂਢੀ ਰਾਜਾਂ ਵਿਚ ਵੀ ਟਮਾਟਰ ਦੀਆਂ ਕੀਮਤਾਂ ਵਿਚ ਤੇਜ਼ੀ ਵੇਖੀ ਗਈ ਹੈ।

ਯੂਪੀ, ਰਾਜਸਥਾਨ, ਝਾਰਖੰਡ, ਪੰਜਾਬ, ਤਾਮਿਲਨਾਡੂ, ਕੇਰਲਾ, ਜੰਮੂ ਕਸ਼ਮੀਰ ਅਤੇ ਅਰੁਣਾਂਚਲ ਪ੍ਰਦੇਸ਼ ਟਮਾਟਰ ਉਤਪਾਦਨ ਵਾਲੇ ਅਜਿਹੇ ਰਾਜ ਹਨ ਜਿਨ੍ਹਾਂ ਦੀ ਖਪਤ ਉਨ੍ਹਾਂ ਦੇ ਉਤਪਾਦਨ ਤੋਂ ਵੱਧ ਹੈ। ਅੰਕੜਿਆਂ ਮੁਤਾਬਕ ਦੇਸ਼ ਵਿਚ ਸਾਲਾਨਾ ਲਗਭਗ 197.3 ਲੱਖ ਟਨ ਟਮਾਟਰ ਦਾ ਉਤਪਾਦਨ ਹੁੰਦਾ ਹੈ ਸਗੋਂ ਖਪਤ ਲਗਭਗ 115.1 ਲੱਖ ਟਨ ਹੈ। 

ਖ਼ਰਾਬ ਮੌਸਮ ਕਾਰਨ ਕੀਮਤਾਂ ਵਧੀਆਂ: ਪਾਸਵਾਨ- ਪਿਛਲੇ ਹਫ਼ਤੇ, ਉਪਭੋਗਤਾ ਮਾਮਲਿਆਂ ਦੇ ਮੰਤਰੀ ਰਾਮਵਿਲਾਸ ਪਾਸਵਾਨ ਨੇ ਕਿਹਾ ਸੀ ਕਿ ਟਮਾਟਰ ਦੀ ਕੀਮਤ ਵਿਚ ਉਤਰਾਅ-ਚੜ੍ਹਾਅ ਖ਼ਰਾਬ ਮੌਸਮ ਕਾਰਨ ਹੋਇਆ ਹੈ। ਉਨ੍ਹਾਂ ਕਿਹਾ ਸੀ ਕਿ ਉਪਜ ਖ਼ਰਾਬ ਰਹੀ ਹੈ। ਮਾਹਰਾਂ ਨੇ ਕਿਹਾ ਕਿ ਆਮ ਤੌਰ 'ਤੇ ਸਾਲ ਦੇ ਇਸ ਸਮੇਂ ਵਿਚ ਟਮਾਟਰ ਦੀ ਕੀਮਤ ਤੇਜ਼ੀ ਨਾਲ ਵਧਦੀ ਹੈ ਅਤੇ ਪਿਛਲੇ ਪੰਜ ਸਾਲਾਂ ਦੇ ਅੰਕੜਿਆਂ ਵਿਚ ਵੀ ਇਹੋ ਵਿਖਾਈ ਦਿਤਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।