ਆਨਲਾਈਨ ਫੂਡ ਸਪਲਾਈ ਕੰਪਨੀ ਜੋਮੈਟੋ ’ਤੇ ਪਈ ਮੰਦੀ ਦੀ ਮਾਰ

ਏਜੰਸੀ

ਖ਼ਬਰਾਂ, ਵਪਾਰ

ਕੰਪਨੀ ਨੇ ਅਪਣੇ 540 ਕਰਮਚਾਰੀਆਂ ਨੂੰ ਨੌਕਰੀ ਤੋਂ ਹਟਾਇਆ

Zomato lays off 540 employees across customer support teams

ਗੁਰੂਗ੍ਰਾਮ: ਆਟੋਮੋਬਾਈਲ ਸੈਕਟਰ ਵਿਚ ਆਈ ਮੰਦੀ ਹੁਣ ਹੋਰ ਵਿਰਾਟ ਰੂਪ ਧਾਰਨ ਕਰਦੀ ਨਜ਼ਰ ਆ ਰਹੀ ਹੈ ਕਿਉਂਕਿ ਇਸ ਮੰਦੀ ਨੇ ਹੁਣ ਹੋਰਨਾਂ ਖੇਤਰਾਂ ਵਿਚ ਵੀ ਅਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਮਸ਼ਹੂਰ ਆਨਲਾਈਨ ਫੂਡ ਡਿਲੀਵਰੀ ਕਰਨ ਵਾਲੀ ਕੰਪਨੀ ਜੋਮੈਟੋ ’ਤੇ ਵੀ ਇਸ ਮੰਦੀ ਦੀ ਲਪੇਟ ਵਿਚ ਆ ਗਈ ਹੈ, ਜਿਸ ਕਾਰਨ ਕੰਪਨੀ ਨੇ ਅਪਣੇ 540 ਕਰਮਚਾਰੀਆਂ ਨੂੰ ਨੌਕਰੀ ਤੋਂ ਲਾਂਭੇ ਕਰ ਦਿੱਤਾ ਹੈ।

ਜਾਣਕਾਰੀ ਮੁਤਾਬਕ ਕੰਪਨੀ ਨੇ ਅਪਣੇ ਗੁਰੂਗ੍ਰਾਮ ਸਥਿਤ ਹੈੱਡ ਆਫਿਸ ਵਿਚ ਤਾਇਨਾਤ ਕਸਟਮਰ, ਮਰਚੈਂਟ ਅਤੇ ਡਿਲੀਵਰੀ ਪਾਰਟਨਰ ਸਪੋਰਟ ਟੀਮਾਂ ਵਿਚੋਂ ਇਹ ਛਾਂਟੀ ਕੀਤੀ ਹੈ ਜਦਕਿ ਇਸ ਤੋਂ ਪਿਛਲੇ ਮਹੀਨੇ ਵੀ ਜੋਮੈਟੋ ਨੇ ਅਪਣੇ 60 ਕਰਮਚਾਰੀਆਂ ਨੂੰ ਬਾਹਰ ਦਾ ਰਸਤਾ ਦਿਖਾਇਆ ਸੀ। ਇਸ ਛਾਂਟੀ ਤੋਂ ਸਾਫ਼ ਜ਼ਾਹਰ ਹੁੰਦੈ ਕਿ ਜੋਮੈਟੋ ’ਤੇ ਵੀ ਮੰਦੀ ਦੀ ਮਾਰ ਦਾ ਅਸਰ ਦਿਸਣ ਲੱਗਿਆ ਹੈ। ਹਾਲਾਂਕਿ ਕੰਪਨੀ ਨੇ ਤਕਨੀਕ ਦੇ ਬਿਹਤਰ ਹੋਣ ਨੂੰ ਇਸ ਦਾ ਕਾਰਨ ਦੱਸਿਆ ਹੈ, ਜਿਸ ਕਰਕੇ ਪਹਿਲਾਂ ਦੇ ਮੁਕਾਬਲੇ ਕਾਮਿਆਂ ਦੀ ਜ਼ਰੂਰਤ ਪਹਿਲਾਂ ਨਾਲੋਂ ਘਟ ਗਈ ਹੈ।

ਕੰਪਨੀ ਦਾ ਕਹਿਣੈ ਕਿ ਤਕਨੀਕ ਇੰਟਰਫੇਸ ਵਿਚ ਸੁਧਾਰ ਦੇ ਚਲਦਿਆਂ ਹੁਣ ਕਸਟਮਰ ਨਾਲ ਜੁੜੀ ਪੁੱਛਗਿੱਛ ਵਿਚ ਕਮੀ ਆਈ ਹੈ। ਆਰਡਰਜ਼ ਨੂੰ ਲੈ ਕੇ ਸਪੋਰਟ ਦੀ ਲੋੜ ਵੀ ਘਟ ਗਈ ਹੈ। ਅਜਿਹੇ ਵਿਚ ਕੰਮ ਅਤੇ ਵਰਕਫੋਰਸ ਵਿਚ ਫ਼ਰਕ ਆਇਆ ਹੈ। ਉਂਝ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਜੋਮੈਟੋ ਨੇ ਅਪਣੇ ਕਰਮਚਾਰੀਆਂ ਦੀ ਛੁੱਟੀ ਕੀਤੀ ਹੈ। ਸਾਲ 2015 ਵਿਚ ਵੀ ਜੋਮੈਟੋ ਨੇ 300 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ।  ਉਸ ਸਮੇਂ ਇਹ ਗਿਣਤੀ ਜੋਮੈਟੋ ਦੇ ਕੁੱਲ ਕਰਮਚਾਰੀਆਂ ਦਾ 10 ਫ਼ੀਸਦੀ ਅੰਕੜਾ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।