ਖੁਸ਼ਖ਼ਬਰੀ, ਸੋਨੇ ਦੀ ਕੀਮਤ ‘ਚ ਆ ਰਹੀ ਭਾਰੀ ਗਿਰਾਵਟ, ਜਾਣੋ ਭਾਅ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਸੋਨਾ ਖਰੀਦਦਾਰਾਂ ਨੂੰ ਵੱਡੀ ਸੌਗਾਤ ਦੇ ਸਕਦੀ ਹੈ ਸਰਕਾਰ...

Gold

ਨਵੀਂ ਦਿੱਲੀ: ਸੋਨਾ ਖਰੀਦਦਾਰਾਂ ਨੂੰ ਵੱਡੀ ਸੌਗਾਤ ਦੇ ਸਕਦੀ ਹੈ ਸਰਕਾਰ। ਰਤਨ ਤੇ ਗਹਿਣਿਆਂ ਦੇ ਖੇਤਰ ਵਿਚ ਨਿਰਮਾਣ ਅਤੇ ਬਰਾਮਦ ਵਧਾਉਣ ਲਈ ਵਣਜ ਮੰਤਰਾਲੇ ਨੇ ਆਉਣ ਵਾਲੇ ਬਜਟ ਵਿਚ ਸੋਨੇ 'ਤੇ ਦਰਾਮਦ ਡਿਊਟੀ ਵਿਚ ਭਾਰੀ ਕਟੌਤੀ ਦੀ ਮੰਗ ਕੀਤੀ ਹੈ।

ਸੂਤਰਾਂ ਮੁਤਾਬਕ, ਬਜਟ ਪ੍ਰਸਤਾਵਾਂ ਵਿਚ ਵਣਜ ਮੰਤਰਾਲੇ ਨੇ ਵਿੱਤ ਮੰਤਰਾਲੇ ਨੂੰ ਸਲਾਹ ਦਿੱਤੀ ਹੈ ਕਿ ਇਸ ਪੀਲੀ ਧਾਤ 'ਤੇ ਦਰਾਮਦ ਡਿਊਟੀ ਵਿਚ ਵੱਡੀ ਕਟੌਤੀ ਦਾ ਵਿਚਾਰ ਕੀਤਾ ਜਾਵੇ। ਪਿਛਲੇ ਜੁਲਾਈ ਬਜਟ ਵਿਚ ਸਰਕਾਰ ਨੇ ਸੋਨੇ 'ਤੇ ਦਰਾਮਦ ਡਿਊਟੀ 10 ਫੀਸਦੀ ਤੋਂ ਵਧਾ ਕੇ 12.5 ਫੀਸਦੀ ਕਰ ਦਿੱਤੀ ਸੀ ਤੇ ਉਦੋਂ ਤੋਂ ਸੋਨੇ ਦੀ ਕੀਮਤ ਵਿਚ ਕਾਫੀ ਵਾਧਾ ਹੋ ਚੁੱਕਾ ਹੈ।

ਇਸ ਨਾਲ ਦਰਾਮਦ ਡਿਊਟੀ ਹੋਰ ਵੀ ਪ੍ਰਭਾਵਿਤ ਹੋ ਰਹੀ ਹੈ। ਉੱਚੀਆਂ ਕੀਮਤਾਂ ਤੇ ਉੱਚ ਡਿਊਟੀ ਦਾ ਪਹਿਲਾਂ ਹੀ ਮਾੜਾ ਪ੍ਰਭਾਵ ਪੈ ਰਿਹਾ ਸੀ, ਜਿਸ ਨਾਲ ਇਸ ਖੇਤਰ ਵਿਚ ਰੁਜ਼ਗਾਰ ਪੈਦਾ ਕਰਨ ਵਾਲੇ ਉਦਯੋਗ ਤਬਾਹ ਹੋ ਰਹੇ ਹਨ। ਵਿਕਰੇਤਾਵਾਂ ਤੇ ਬਰਾਮਦਕਾਰਾਂ ਨੇ ਵੀ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਸੋਨੇ 'ਤੇ ਦਰਾਮਦ ਡਿਊਟੀ ਘਟਾਈ ਜਾਵੇ।

ਰਤਨ ਤੇ ਗਹਿਣਿਆਂ ਦੀ ਐਕਸਪੋਰਟ ਪ੍ਰੋਮੋਸ਼ਨ ਕੌਂਸਲ ਨੇ ਮੰਗ ਕੀਤੀ ਹੈ ਕਿ ਸੋਨੇ 'ਤੇ ਦਰਾਮਦ ਡਿਊਟੀ 5 ਫੀਸਦੀ ਕਰਨ ਦੀ ਫੌਰੀ ਲੋੜ ਹੈ। ਉੱਥੇ ਹੀ, ਵਿਕਰੇਤਾਵਾਂ ਦਾ ਕਹਿਣਾ ਹੈ ਕਿ ਪਿਛਲੇ 12 ਮਹੀਨਿਆਂ ਦੌਰਾਨ ਸੋਨੇ ਦੀਆਂ ਕੀਮਤਾਂ ਤੇਜ਼ੀ ਨਾਲ ਵਧਣ ਅਤੇ ਦੇਸ਼ ਦੀ ਅਰਥਵਿਵਸਥਾ ਵਿਚ ਸੁਸਤੀ ਕਾਰਨ ਗਹਿਣਿਆਂ ਦੀ ਵਿਕਰੀ ਵਿਚ ਭਾਰੀ ਗਿਰਾਵਟ ਆਈ ਹੈ।

ਸੋਨੇ ਦੀ ਕੀਮਤ ਇਸ ਸਮੇਂ ਤਕਰੀਬਨ 39,600 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ 'ਤੇ ਚੱਲ ਰਹੀ ਹੈ। ਪਿਛਲੇ ਇਕ ਸਾਲ ਵਿਚ ਇਸ ਵਿਚ ਤਕਰੀਬਨ 25 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ, ਜਿਸ ਨਾਲ ਗਹਿਣਿਆਂ ਦੀ ਵਿਕਰੀ ਨੂੰ ਬਹੁਤ ਠੇਸ ਪਹੁੰਚੀ ਹੈ।