ਗਰੀਬਾਂ ਲਈ ਵੱਡਾ ਐਲਾਨ, ਬਿਨਾਂ ਰਾਸ਼ਨ ਕਾਰਡ ਵਾਲਿਆਂ ਨੂੰ 5 ਕਿਲੋ ਮੁਫਤ ਅਨਾਜ ਦੇਵੇਗੀ ਸਰਕਾਰ

ਏਜੰਸੀ

ਖ਼ਬਰਾਂ, ਵਪਾਰ

ਕੇਂਦਰ ਸਰਕਾਰ ਨੇ ਸਾਰੇ ਪ੍ਰਵਾਸੀ ਮਜ਼ਦੂਰਾਂ ਨੂੰ ਬਿਨਾਂ ਕਾਰਡ ਦੇ 5 ਕਿਲੋ ਪ੍ਰਤੀ ਵਿਅਕਤੀ ਕਣਕ ਅਤੇ ਚਾਵਲ ਤੇ ਇਕ ਕਿਲੋ ਛੋਲੇ ਦੇਣ ਦਾ ਐਲਾਨ ਕੀਤਾ ਹੈ।

Photo

ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਗਰੀਬਾਂ ਲਈ ਵੱਡਾ ਕਦਮ ਚੁੱਕਦੇ ਹੋਏ ਅਗਲੇ ਦੋ ਮਹੀਨਿਆਂ ਤੱਕ ਸਾਰੇ ਪ੍ਰਵਾਸੀ ਮਜ਼ਦੂਰਾਂ ਨੂੰ ਬਿਨਾਂ ਕਾਰਡ ਦੇ 5 ਕਿਲੋ ਪ੍ਰਤੀ ਵਿਅਕਤੀ ਕਣਕ ਅਤੇ ਚਾਵਲ ਤੇ ਇਕ ਕਿਲੋ ਛੋਲੇ ਦੇਣ ਦਾ ਐਲਾਨ ਕੀਤਾ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਇਸ ਨਾਲ ਕਰੀਬ 8 ਕਰੋੜ ਪ੍ਰਵਾਸੀਆਂ ਨੂੰ ਫਾਇਦਾ ਹੋਵੇਗਾ।

ਇਸ 'ਤੇ ਕਰੀਬ 3500 ਕਰੋੜ ਰੁਪਏ ਖਰਚ ਹੋਣਗੇ। ਇਸ ਦਾ ਪੂਰਾ ਖਰਚਾ ਕੇਂਦਰ ਸਰਕਾਰ ਵੱਲੋਂ ਭਰਿਆ ਜਾਵੇਗਾ। ਵਿੱਤ ਮੰਤਰੀ ਨੇ ਐਲਾਨ ਕੀਤਾ ਕਿ ਵਨ ਨੇਸ਼ਨ ਵਨ ਰਾਸ਼ਨ ਕਾਰਡ ਨੂੰ ਅਗਸਤ 2020 ਤੱਕ ਲਾਗੂ ਕੀਤਾ ਜਾਵੇਗਾ। ਇਸ ਤੋਂ ਬਾਅਦ ਪ੍ਰਵਾਸੀ ਮਜ਼ਦੂਰ ਦੇਸ਼ ਦੇ ਕਿਸੇ ਵੀ ਕੋਨੇ ਵਿਚ ਰਹਿ ਕੇ ਮੁਫਤ ਸਰਕਾਰੀ ਰਾਸ਼ਨ ਲੈ ਸਕਣਗੇ।

ਰਾਸ਼ਨ ਕਾਰਡ ਕਿਸੇ ਵੀ ਸੂਬੇ ਦਾ ਹੋਵੇ, ਦੇਸ਼ ਵਿਚ ਹਰ ਜਗ੍ਹਾ ਚੱਲੇਗਾ। ਇਸ ਨਾਲ 23 ਸੂਬਿਆਂ ਦੇ 67 ਕਰੋੜ ਲੋਕਾਂ ਨੂੰ ਫਾਇਦਾ ਹੋਵੇਗਾ। ਪੀਡੀਐਸ ਯੋਜਨਾ ਦੇ 83 ਫੀਸਦੀ ਲਾਭਪਾਤਰੀ ਇਸ ਨਾਲ ਜੁੜ ਜਾਣਗੇ। ਮਾਰਚ 2021 ਤੱਕ ਇਸ ਵਿਚ 100 ਫੀਸਦੀ ਲਾਭਪਾਰਤੀ ਜੁੜ ਜਾਣਗੇ। 

ਸਰਕਾਰ ਵੱਲੋਂ ਰੇਹੜੀ-ਪਟੜੀ ਆਦਿ 'ਤੇ ਸਮਾਨ ਵੇਚਣ ਵਾਲੇ 50 ਲੱਖ ਲੋਕਾਂ ਨੂੰ ਕਰਜ਼ਾ ਦੇਣ ਲਈ 5 ਹਜ਼ਾਰ ਕਰੋੜ ਕਰਜ਼ੇ ਦੀ ਵਿਵਸਥਾ ਕੀਤੀ ਗਈ ਹੈ। ਇਸ ਸਕੀਮ ਵਿਚ ਪ੍ਰਤੀ ਵਿਅਕਤੀ ਵੱਧ ਤੋਂ ਵੱਧ 10 ਹਜ਼ਾਰ ਰੁਪਏ ਲੋਨ ਮਿਲੇਗਾ। ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਹੋਮ ਲੋਨ 'ਤੇ ਮਿਡਲ ਕਲਾਸ ਨੂੰ ਮਿਲਣ ਵਾਲੀ ਸਬਸਿਡੀ ਦੀ ਸਮਾਂ ਸੀਮਾਂ ਮਾਰਚ 2021 ਤੱਕ ਲਈ ਵਧਾ ਦਿੱਤੀ ਗਈ ਹੈ। ਇਹ ਸਕੀਮ ਮਾਰਚ 2020 ਖਤਮ ਹੋ ਗਈ ਸੀ।